Punjab News: ICICI ਬੈਂਕ ਲੁੱਟ ਮਾਮਲਾ ਸੁਲਝਿਆ, 3 ਦੋਸ਼ੀ ਨਕਦੀ ਸਮੇਤ ਕਾਬੂ 

ਏਜੰਸੀ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 7.7 ਲੱਖ ਰੁਪਏ ਬਰਾਮਦ 

File Photo

Punjab News: ਅੰਮ੍ਰਿਤਸਰ -  ਅੰਮ੍ਰਿਤਸਰ ਦੇ ICICI ਬੈਂਕ ਲੁੱਟ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਵੱਲੋਂ 3 ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ CP ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਸਾਂਝੀ ਕੀਤੀ ਗਈ ਹੈ। ਸੀਪੀ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਤਰਨਤਾਰਨ ਰੋਡ ‘ਤੇ ਸਥਿਤ ਆਈਸੀਆਈਸੀਆਈ ਬੈਂਕ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਪੰਜਾਬ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ ਕਿ ਮਾੜੇ ਅਨਸਰਾਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਤਰਨਤਾਰਨ ਰੋਡ ਵਿਖੇ ਇਕ ਬੈਂਕ ਵਿਚ ਹੋਈ ਲੁੱਟ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਤਿੰਨ ਵਿਅਕਤੀਆਂ ਇੰਦਰਜੀਤ ਸਿੰਘ, ਸੂਰਜ ਤੇ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ 7.7 ਲੱਖ ਰੁਪਏ, 1 ਪਿਸਟਲ 30 ਬੋਰ ਸਮੇਤ 5 ਰੌਂਦ ਤੇ 1 ਨਕਲੀ ਪਿਸਤੌਲ ਬਰਾਮਦ ਕੀਤਾ ਗਿਆ। ਅਗਲੀ ਜਾਂਚ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿਨ-ਦਿਹਾੜੇ 3 ਲੁਟੇਰੇ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਬੈਂਕ ਵਿਚ ਵੜੇ ਸਨ ਤੇ ਉਹ ਲੱਖਾਂ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ ਸਨ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਸੀ ਜਿਸ ਦੀ ਮਦਦ ਨਾਲ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।