ਮੰਤਰੀ ਮੋਹਿੰਦਰ ਭਗਤ ਨੇ ਮਨੋਰੰਜਨ ਕਾਲੀਆ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ -ਮੁਲਜ਼ਮਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ

Minister Mahendra Bhagat met with Manoranjan Kalia

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਇਸ ਘਟਨਾ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਵੇਗੀ।

ਘਟਨਾ ਤੋਂ ਬਾਅਦ ਮੋਹਿੰਦਰ ਭਗਤ ਨੇ ਮਨੋਰੰਜਨ ਕਾਲੀਆ ਨਾਲ ਜਲੰਧਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਮੰਤਰੀ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਨਿਆਂ ਦਾ ਭਰੋਸਾ ਦਿੱਤਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਮੋਹਿੰਦਰ ਭਗਤ ਨੇ ਕਿਹਾ ਕਿ ਕੁਝ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰ ਪੰਜਾਬ ਦੇ ਵਿਕਾਸ ਨੂੰ ਹਜ਼ਮ ਨਹੀਂ ਕਰ ਪਾ ਰਹੇ, ਇਸ ਲਈ ਉਹ ਅਜਿਹੀਆਂ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਵੀ ਇੱਥੇ ਆਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਇਸ ਮਾਮਲੇ ਪ੍ਰਤੀ ਗੰਭੀਰ ਹਨ। ਸਾਰੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਮੰਤਰੀ ਮੋਹਿੰਦਰ ਭਗਤ ਨੇ ਇਸ ਮਾਮਲੇ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਪਾਕਿਸਤਾਨ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਲਾਰੈਂਸ ਪੰਜਾਬ ਵਿੱਚ ਅਜਿਹੇ ਹਮਲੇ ਕਰ ਰਿਹਾ ਹੈ ਅਤੇ  ਭਾਜਪਾ ਦੀ ਗੁਜਰਾਤ ਸਰਕਾਰ ਲਾਰੈਂਸ ਨੂੰ ਪੂਰੀ ਸੁਰੱਖਿਆ ਅਤੇ ਆਰਾਮ ਨਾਲ ਸਾਬਰਮਤੀ ਜੇਲ੍ਹ ਵਿੱਚ ਰੱਖੇ ਹੋਈ ਹੈ।

ਉਨ੍ਹਾਂ ਕਿਹਾ ਕਿ ਅੱਜਕੱਲ੍ਹ ਬਿਸ਼ਨੋਈ ਪਾਕਿਸਤਾਨ ਨਾਲ ਮਿਲ ਕੇ ਪੰਜਾਬ ਵਿੱਚ ਵੀ ਹਮਲੇ ਕਰ ਰਿਹਾ ਹੈ। ਹਾਲ ਹੀ ਵਿੱਚ, ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਉਸਦੀ ਵੀਡੀਓ ਕਾਲ ਵਾਇਰਲ ਹੋਈ ਸੀ। ਜਿਸਨੇ ਹਾਲ ਹੀ ਵਿੱਚ ਇੱਥੇ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਪਰ ਪੰਜਾਬ ਵਿੱਚ ਹੁਣ ਅਜਿਹੇ ਲੋਕਾਂ ਲਈ ਕੋਈ ਥਾਂ ਨਹੀਂ ਹੈ। ਸਾਰੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਮਿਲੇਗੀ ਅਤੇ ਜੇਲ੍ਹ ਭੇਜ ਦਿੱਤਾ ਜਾਵੇਗਾ।