ਖਸਰੇ ਦਾ ਟੀਕਾ ਲੱਗਣ ਤੋਂ ਬਾਅਦ ਇਕ ਦਰਜਨ ਬੱਚਿਆਂ ਦੀ ਹਾਲਤ ਵਿਗੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਲਾਂਕਿ ਇਸ ਦੌਰਾਨ ਇਕ ਬੱਚੇ ਰਾਜਵੀਰ ਸਿੰਘ ਸਾਢੇ 5 ਪੁੱਤਰ ਗੁਰਮਾਨ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਇਕ ਨਿਜੀ ਹਸਪਤਾਲ ਲਈ ਰੈਫ਼ਰ ਕਰ ਦਿਤਾ ਗਿਆ।

After measles injection, one-dozen children's condition get worst

ਬਠਿੰਡਾ, 7 ਮਈ (ਸੁਖਜਿੰਦਰ ਮਾਨ) : ਲੰਘੀ ਸ਼ਨੀਵਾਰ ਨੂੰ ਖ਼ਸਰੇ ਦਾ ਟੀਕਾ ਲੱਗਣ ਤੋਂ ਦੂਜੇ ਦਿਨ ਸ਼ੱਕੀ ਹਾਲਾਤਾਂ 'ਚ ਸਥਾਨਕ ਸ਼ਹਿਰ ਦੇ ਆਦਰਸ਼ ਸਕੂਲ ਦੀ ਵਿਦਿਆਰਥਣ ਦੀ ਮੌਤ ਹੋਣ ਤੋਂ ਬਾਅਦ ਅੱਜ ਫਿਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਤੋਂ ਇਕ ਦਰਜਨ ਬੱਚਿਆਂ ਨੂੰ ਬੁਖ਼ਾਰ, ਘਬਰਾਹਟ ਤੇ ਉਲਟੀਆਂ ਆਦਿ ਲੱਗਣ ਕਰ ਕੇ ਸਥਾਨਕ ਬੱਚਿਆਂ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ। ਹਾਲਾਂਕਿ ਇਸ ਦੌਰਾਨ ਇਕ ਬੱਚੇ ਰਾਜਵੀਰ ਸਿੰਘ ਸਾਢੇ 5 ਪੁੱਤਰ ਗੁਰਮਾਨ ਸਿੰਘ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਇਕ ਨਿਜੀ ਹਸਪਤਾਲ ਲਈ ਰੈਫ਼ਰ ਕਰ ਦਿਤਾ ਗਿਆ। ਇਸ ਤੋਂ ਇਲਾਵਾ ਕੁੱਝ ਬੱਚਿਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਵਾਪਸ ਵੀ ਭੇਜ ਦਿੱਤਾ ਗਿਆ। ਜਦਕਿ ਹੋਰ ਬੱਚਿਆਂ ਦਾ ਇਲਾਜ ਚਲ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ ਵਿਚ ਹੈ ਅਤੇ ਇੰਜੈਕਸ਼ਨ ਲੱਗਣ ਤੋਂ ਬਾਅਦ ਕੁੱਝ ਮਾਮਲਿਆਂ ਵਿਚ ਮਾਮੂਲੀ ਦਿੱਕਤਾਂ ਆ ਸਕਦੀਆਂ ਹਨ। ਮਹੱਤਵਪੂਰਨ ਗੱਲ ਇਹ ਵੀ ਵੇਖਣ ਨੂੰ ਸਾਹਮਣੇ ਆਈ ਕਿ ਖੇਤਰ ਵਿਚ ਐਮ.ਆਰ ਦੇ ਟੀਕੇ ਬਾਰੇ ਵੱਡੇ ਪੱਧਰ 'ਤੇ ਫੈਲੀਆਂ ਅਫ਼ਵਾਹਾਂ ਅਤੇ ਬੱਚਿਆਂ ਦੇ ਬੀਮਾਰ ਹੋਣ ਦੀਆਂ ਵਧ ਰਹੀਆਂ ਘਟਨਾਵਾਂ ਦੇ ਬਾਵਜੂਦ ਪੂਰੇ ਜ਼ਿਲ੍ਹੇ ਦੇ ਇਕਲੌਤੇ ਬੱਚਿਆਂ ਦੇ ਸਰਕਾਰੀ ਹਸਪਤਾਲ ਵਿਚ ਅੱਜ ਵੱਡੀਆਂ ਖ਼ਾਮੀਆਂ ਵੇਖਣ ਨੂੰ ਮਿਲੀਆਂ। ਸਟਾਫ਼ ਤੇ ਸਮਾਨ ਦੀ ਘਾਟ ਤੋਂ ਇਲਾਵਾ ਦੋ-ਦੋ ਬੱਚਿਆਂ ਨੂੰ ਇਕ ਹੀ ਬੈੱਡ ਉਪਰ ਲਿਟਾ ਕੇ ਬੋਤਲਾਂ ਲਗਾਈਆਂ ਜਾ ਰਹੀਆਂ ਸਨ। ਇਸ ਤੋਂ ਇਲਾਵਾ ਗਰਮੀ ਕਾਰਨ ਬੱਚਿਆਂ ਦਾ ਬੁਰਾ ਹਾਲ ਸੀ ਜਦਕਿ ਹਸਪਤਾਲ ਦੇ ਜ਼ਿਆਦਾਤਰ ਏਸੀ ਤੇ ਕੂਲਰ ਬੰਦ ਸਨ। 

ਇਹ ਵੀ ਪਤਾ ਲੱਗਾ ਹੈ ਕਿ ਅੱਜ ਹਸਪਤਾਲ  ਲਿਆਂਦੇ ਗਏ ਬੱਚਿਆਂ ਵਿਚੋਂ ਜਿਆਦਾਤਰ ਨੂੰ 1 ਅਤੇ 4 ਮਈ ਨੂੰ ਇਹ ਟੀਕਾ ਲਗਾਇਆ ਗਿਆ ਸੀ ਜਿਨ੍ਹਾਂ ਨੂੰ ਹੁਣ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ 2 ਮਈ ਨੂੰ ਲਗਾਏ ਗਏ ਇੰਜੈਕਸ਼ਨਾਂ ਕਾਰਨ ਵੀ ਕੁੱਝ ਬੱਚਿਆਂ ਨੂੰ ਦਿੱਕਤਾਂ ਪੇਸ਼ ਆਈਆਂ ਜਦਕਿ ਸੋਮਵਾਰ ਨੂੰ ਹੋਏ ਟੀਕਾਕਰਨ ਤੋਂ ਫੌਰਨ ਬਾਅਦ ਵੀ ਕੁੱਝ ਬੱਚਿਆਂ ਨੂੰ ਬੁਖਾਰ ਆਦਿ ਆ ਗਿਆ। ਇਸ ਦੌਰਾਨ ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦਸਿਆ ਕਿ ਸਿਵਲ ਹਸਪਤਾਲ ਵਿਚ ਹਰ ਤਰ੍ਹਾਂ ਦੇ ਪ੍ਰਬੰਧਕ ਕੀਤੇ ਹੋਏ ਹਨ ਤੇ ਇਕੋ ਸਮਂੇ ਬੱਚੇ ਆਉਣ ਕਾਰਨ ਥੋੜਾ ਸਟਾਫ਼ ਘਬਰਾ ਗਿਆ ਸੀ ਪ੍ਰੰਤੂ ਹੁਣ ਸਭ ਕੁੱਝ ਠੀਕ ਹੈ ਤੇ ਏ.ਸੀ ਅਤੇ ਕੂਲਰ ਆਦਿ ਚੱਲ ਰਹੇ ਹਨ। ਉਨ੍ਹਾਂ ਮੰਨਿਆਂ ਕਿ ਟੀਕਾ ਲੱਗਣ ਤੋਂ ਬਾਅਦ ਬੱਚਿਆਂ ਨੂੰ ਥੋੜੀਆਂ ਦਿੱਕਤਾਂ ਆ ਸਕਦੀਆਂ ਸਨ ਪ੍ਰੰਤੂ ਮਾਪਿਆਂ ਨੂੰ ਘਬਰਾਉਣ ਦੀ ਕੋਈ ਜਰੂਰਤ ਨਹੀਂ। ਦਸਣਾ ਬਣਦਾ ਹੈ ਕਿ ਲੰਘੀ ਸਨੀਵਾਰ ਨੂੰ ਸਥਾਨਕ ਆਦਰਸ਼ ਸਕੂਲ ਦੀ ਪਹਿਲੀ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ 6 ਸਾਲ ਪੁੱਤਰੀ ਕੁਲਵੰਤ ਸਿੰਘ ਦੀ ਟੀਕਾ ਲੱਗਣ ਤੋਂ ਬਾਅਦ ਦੂਜੇ ਦਿਨ ਸ਼ੱਕੀ ਮੌਤ ਹੋ ਗਈ ਸੀ। ਹਾਲਾਂਕਿ ਡਾਕਟਰਾਂ ਨੇ ਦਾਅਵਾ ਕੀਤਾ ਕਿ ਸੀ ਬੱਚੀ ਦੀ ਮੌਤ ਅੰਤੜੀ ਰੋਗ ਅਤੇ ਪਾਣੀ ਦੀ ਕਮੀ ਕਾਰਨ ਹੋਈ ਹੈ।