ਐਸਐਚਓ ਨੇ ਮੈਨੂੰ ਕਈ ਵਾਰ ਫ਼ੋਨ ਕੀਤਾ ਸੀ ਤੇ ਅੱਜ ਵੀ ਕੀਤਾ : ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਮੁੱਖ ਮੰਤਰੀ ਵਲੋਂ ਫ਼ੋਨ ਟੇਪ ਕਰਵਾਉਣ ਦੀ ਗ਼ੈਰਕਾਨੂੰਨੀ ਕਾਰਵਾਈ ਦਾ ਨੋਟਿਸ ਲਵੇ : ਅਕਾਲੀ ਦਲ

Dr Daljit Singh Cheema

ਚੰਡੀਗੜ੍ਹ, 7 ਮਈ (ਨੀਲ ਭਲਿੰਦਰ ਸਿੰਘ): ਨੇਤਾ ਵਿਰੋਧੀ ਧਿਰ ਸੁਖਪਾਲ ਸਿੰਘ ਖਹਿਰਾ ਮਗਰੋਂ ਹੁਣ  ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਸਵੀਕਾਰ ਕਰ ਲਿਆ ਹੈ ਕਿ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਵਿਰੁਧ ਐਫ਼ਆਈਆਰ ਦਰਜ ਮਾਮਲੇ ਤਹਿਤ ਸਵਾਲਾਂ 'ਚ ਘਿਰੇ ਐਸਐਚਓ ਮਹਿਤਪੁਰ ਪਰਮਿੰਦਰ ਸਿੰਘ ਬਾਜਵਾ ਉਨ੍ਹਾਂ ਨਾਲ ਵੀ ਉਕਤ ਘਟਨਾਕ੍ਰਮ ਦੌਰਾਨ ਫ਼ੋਨ ਸੰਪਰਕ 'ਚ ਰਿਹਾ ਪਰ ਨਾਲ ਹੀ ਚੀਮਾ ਨੇ ਦਾਅਵਾ ਕੀਤਾ ਕਿ ਮੈਂ ਐਸਐਚਓ ਨੂੰਫ਼ੋਨ ਕੀਤਾ ਸੀ। ਤੱਥ ਇਹ ਹੈ ਕਿ ਐਸਐਚਓ ਨੇ ਮੈਨੂੰ ਕਈ ਵਾਰ ਫ਼ੋਨ ਕੀਤਾ ਸੀ। ਉਹ ਬਹੁਤ ਹੀ ਪ੍ਰੇਸ਼ਾਨ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਸ਼ਾਹਕੋਟ ਤੋਂ ਕਾਂਗਰਸ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਰੁਧ ਗ਼ੈਰਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਕਰਨ ਲਈ ਵੱਡੇ ਲੋਕਾਂ ਵਲੋਂ ਧਮਕੀਆਂ ਦਿਤੀਆਂ ਜਾ ਰਹੀਆਂ ਸਨ। ਐਸਐਚਓ ਇੰਨਾ ਜ਼ਿਆਦਾ ਪ੍ਰੇਸ਼ਾਨ ਅਤੇ ਤਣਾਅ ਹੇਠ ਹੈ ਕਿ ਉਸ ਨੇ ਮੈਨੂੰ ਅੱਜ ਵੀ ਫ਼ੋਨ ਕੀਤਾ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਸੂਬਾਈ ਏੇਜੰਸੀਆਂ ਨੇ ਐਸਐਚਓਦੀ ਅੱਜ ਦੀ ਕਾਲ ਬਾਰੇ ਮੁੱਖ ਮੰਤਰੀ ਨੂੰ ਜਾਣਕਾਰੀ ਨਹੀਂ ਦਿਤੀ।

ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਡਾ. ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿਤੀ ਕਿ ਉਹ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਐਲਾਨ ਤੋਂ ਲੈ ਕੇ ਮਹਿਤਪੁਰ ਦੇ ਐਸਐਚਓ ਵਲੋਂ ਕੀਤੀਆਂ ਅਤੇ ਸੁਣੀਆਂ ਸਾਰੀਆਂ ਕਾਲਾਂ ਦੇ ਵੇਰਵੇ ਨੂੰ ਜਨਤਕ ਕਰਨ। ਉਨ੍ਹਾਂ ਕਿਹਾ ਕਿ ਜੇਕਰ ਉਹ ਅਪਣੇ ਸਿਆਸੀ ਵਿਰੋਧੀਆਂ, ਸਰਕਾਰੀ ਅਧਿਕਾਰੀਆਂ ਅਤੇ ਆਮ ਨਾਗਰਿਕਾਂ ਦੇ ਫ਼ੋਨ ਟੇਪ ਕਰਨ ਵਰਗੀ ਘਟੀਆ ਹਰਕਤ ਉੱਤੇ ਉਤਰ ਰਹੇ ਹਨ ਤਾਂ ਮੁੱਖ ਮੰਤਰੀ ਨੂੰ ਉਨ੍ਹਾਂ ਫ਼ੋਨ ਕਾਲਾਂ ਦਾ ਵੇਰਵਾ ਵੀ ਜਨਤਕ ਕਰਨਾ ਚਾਹੀਦਾ ਹੈ, ਜਿਹੜੀਆਂ ਰੇਤ ਮਾਈਨਿੰਗ ਦੇ ਸਰਗਨਿਆਂ ਵਲੋਂ ਐਸਐਚਓ ਨੂੰ ਧਮਕਾਉਣ ਲਈ ਕੀਤੀਆਂ ਗਈਆਂ ਸਨ। ਅਕਾਲੀ ਦਲ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਆਖਿਆ ਹੈ ਕਿ ਉਹ ਸਰਕਾਰ ਵਲੋਂ ਅਪਣੇ ਸਿਆਸੀ ਵਿਰੋਧੀਆਂ ਦੀਆਂ ਫ਼ੋਨ ਕਾਲਾਂ ਟੇਪ ਕੀਤੇ ਜਾਣ ਦੇ ਮਾਮਲੇ ਦਾ ਨੋਟਿਸ ਲਵੇ। ਡਾ. ਚੀਮਾ ਨੇ ਕਿਹਾ ਕਿ ਚੋਣ ਅਮਲ ਦੇ ਚਲਦਿਆਂ ਅਜਿਹਾ ਕਰਨਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦੇ ਤੁੱਲ ਹੈ। ਚੋਣ ਕਮਿਸ਼ਨ ਨੂੰ ਇਸ ਨੂੰ ਰੋਕਣ ਵਾਸਤੇ ਤੁਰਤ ਦਖ਼ਲ ਦੇਣਾ ਚਾਹੀਦਾ ਹੈ।