ਕੈਪਟਨ ਆਪਣੇ ਪੰਥ ਵਿਰੋਧੀ ਮਨਸੂਬਿਆਂ 'ਚ ਕਦੇ ਵੀ ਕਾਮਯਾਬ ਨਹੀਂ ਹੋ ਸਕਣਗੇ : ਪਰਕਾਸ਼ ਸਿੰਘ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਨੇ ਬੀਤੇ ਦਿਨੀਂ ਐਸਜੀਪੀਸੀ ਚੋਣਾਂ ਲੜਨ ਦਾ ਕੀਤਾ ਸੀ ਐਲਾਨ

Parkash Singh Badal

ਚੰਡੀਗੜ੍ਹ : ਪੰਥਕ ਸੰਸਥਾਵਾਂ ਉੱਤੇ ਕਬਜ਼ਾ ਕਰਨ ਦੇ ਕਾਂਗਰਸ ਪਾਰਟੀ ਦੇ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣਗੇ। ਕਾਂਗਰਸ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ 'ਚ ਪਹਿਲਾਂ ਵੀ ਕਈ ਵਾਰ ਆਪਣੀ ਜੀ-ਹਜ਼ੂਰੀਆਂ ਦੇ ਧੜੇ ਖੜੇ ਕਰ ਕੇ ਸਿੱਖਾਂ ਵਿਚ ਵੰਡੀਆਂ ਪਾਉਣ ਦੀਆਂ ਕੋਸ਼ਿਆਂ ਕੀਤੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੀਤਾ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੇ ਹੱਕ ਵਿਚ ਇਕ ਚੋਣ ਰੈਲੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਸਿੱਖ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨਗੇ। ਉਨ੍ਹਾਂ ਕਿਹਾ ਸੀ ਕਿ ਅਕਾਲੀ-ਭਾਜਪਾ ਗਠਜੋੜ ਨੇ ਬੀਤੇ 10 ਸਾਲਾਂ ਦੇ ਕਾਰਜ਼ਕਾਲ ਦੌਰਾਨ ਪੰਜਾਬ ਨੂੰ ਵਿਨਾਸ਼ ਵਲ ਸੁੱਟਿਆ ਅਤੇ ਆਪਣਾ ਤੇ ਆਪਣੇ ਵਿਕਾਸ ਕਰਨ ਤੋਂ ਇਲਾਵਾ ਪੰਜਾਬ ਵਾਸੀਆਂ ਦੀਆਂ ਜ਼ਰੂਰਤਾਂ ਦਾ ਕੋਈ ਖਿਆਲ ਨਹੀਂ ਕੀਤਾ।

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਕਈ ਵਾਰ ਐਸਜੀਪੀਸੀ ਚੋਣਾਂ ਲੜੀਆਂ ਹਨ ਅਤੇ ਹਮੇਸ਼ਾ ਪੰਥ-ਵਿਰੋਧੀ ਧਿਰਾਂ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਿੱਧੇ ਤੌਰ 'ਤੇ ਐਸਜੀਪੀਸੀ ਉੱਤੇ ਕਬਜ਼ਾ ਕਰਨ ਦੀ ਮੁਹਿੰਮ ਵਿਚ ਸ਼ਾਮਲ ਹੋਣ ਦਾ ਸੱਦਾ ਦੇ ਰਹੇ ਹਨ।