86 ਫ਼ੀ ਸਦੀ ਲੋਕ ਯੋਗਾ ਨੂੰ ਕੋਰੋਨਾ ਵਿਰੁਧ ਬੀਮਾਰੀ-ਰੋਕੂ ਮੰਨਦੇ ਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜਕ ਦੂਰੀ ਨਾਲੋਂ ਸਰੀਰਕ ਦੂਰੀ ਜ਼ਿਆਦਾ ਲਾਭਕਾਰੀ

File Photo

ਚੰਡੀਗੜ੍ਹ, 7 ਮਈ (ਬਠਲਾਣਾ) : 86 ਫ਼ੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਯੋਗ ਅਭਿਆਸ ਰਾਹੀਂ ਆਪਾਂ ਸਰੀਰ ਦੀ ਬੀਮਾਰੀ-ਰੋਧਕ ਪ੍ਰਣਾਲੀ (ਇਮੂਨਿਟੀ) ਵਧਾ ਸਕਦੇ ਹਾਂ ਜਦਕਿ 14 ਫ਼ੀ ਸਦੀ ਲੋਕ ਅਜਿਹਾ ਨਹੀਂ ਮੰਨਦੇ। ਇਹ ਪ੍ਰਗਟਾਵਾ ਪੰਜਾਬ ਯੂਨੀਵਰਸਟੀ ਦੀ 4 ਮੈਂਬਰੀ ਟੀਮ ਵਲੋਂ ਕੀਤੇ ਸਰਵੇ ਵਿਚ ਹੋਇਆ। ਪੀ.ਯੂ. ਵਲੋਂ ਮੀਡੀਆ ਨੂੰ ਜਾਰੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਮਨੋਵਿਗਿਆਨ ਵਿਭਾਗ, ਪੀ. ਯੂ. ਤੋਂ ਡਾ. ਰੋਸ਼ਨ ਲਾਲ, ਪ੍ਰੋ. ਅਨੁਰਾਧਾ ਤਿਵਾੜੀ, ਸਰਕਾਰੀ ਗਰਲਜ਼ ਕਾਲਜ-11 ਤੋਂ ਡਾ. ਰੀਤੂ ਸੇਖੜੀ ਅਤੇ ਪੀ.ਯੂ. ਤੋਂ ਖੋਜ ਸਕਾਲਰ ਅਮਿਤ ਕੁਮਾਰ ਨੇ ਇਸ ਸਰਵੇ ਵਿਚ ਹਿੱਸਾ ਲਿਆ।

21 ਤੋਂ 28 ਅਪ੍ਰੈਲ ਤਕ ਕੀਤੇ ਇਸ ਸਰਵੇ ਵਿਚ ਭਾਰਤ ਤੋਂ ਇਲਾਵਾ ਪਾਕਿਸਤਾਨ, ਯੂ.ਐਸ.ਏ., ਕੈਨੇਡਾ, ਮਲੇਸ਼ੀਆ, ਇਰਾਨ, ਬੰਗਲਾਦੇਸ਼, ਨੇਪਾਲ, ਸ੍ਰੀਲੰਕਾ, ਯੂ.ਏ.ਈ. ਸਮੇਤ ਕਈ ਦੇਸ਼ਾਂ ਤੋਂ 750 ਲੋਕਾਂ ਨੇ ਅਪਣੀ ਰਾਇ ਦਿਤੀ। ਸਰਵੇ ਵਿਚ ਇਕ ਹੋਰ ਦਿਲਚਸਪ ਤੱਥ ਸਾਹਮਣੇ ਆਇਆ ਕਿ ਸੋਸ਼ਲ ਡਿਸਟੈਂਸ ਨਾਲੋ ਫ਼ਿਜ਼ੀਕਲ ਡਿਸਟੈਂਸ ਜ਼ਿਆਦਾ ਕਾਰਗਰ ਹੈ। ਸਰਵੇ ਵਿਚ 78 ਫ਼ੀ ਸਦੀ ਲੋਕਾਂ ਨੇ ਸਰੀਰਕ ਦੂਰੀ ਨੂੰ ਪਹਿਲ ਦਿਤੀ ਜਦਕਿ 22 ਫ਼ੀ ਸਦੀ ਇਹ ਰਾਇ ਨਾਲ ਸਹਿਮਤ ਨਹੀਂ। ਤੀਜਾ ਤੱਥ ਜੋ ਸਾਹਮਣੇ ਆਇਆ ਕਿ ਕੋਰੋਨਾ ਵਿਚ ਤਾਲਾਬੰਦੀ ਦੌਰਾਨ ਟੈਲੀ-ਕੌਂਸਲਿੰਗ ਜ਼ਿਆਦਾ ਲਾਭਕਾਰੀ ਹੈ। ਇਸ ਸਰਵੇ ਅਨੁਸਾਰ 86 ਫ਼ੀ ਸਦੀ ਇਸ ਦੇ ਹੱਕ ਵਿਚ ਅਤੇ 14 ਫ਼ੀ ਸਦੀ ਇਤਫ਼ਾਕ ਨਹੀਂ ਰਖਦੇ।

ਸਰਵੇ ਵਿਚ ਇਹ ਵੀ ਪਾਇਆ ਗਿਆ ਕਿ ਕੋਰੋਨਾ ਦੀ ਤਾਲਾਬੰਦੀ ਕਾਰਨ ਲੋਕ ਫ਼ਿਕਰਮੰਦ ਅਤੇ ਮਾਨਸਕ ਤੌਰ 'ਤੇ ਪ੍ਰਸ਼ਾਨ ਹਨ। ਉਹ ਟੈਲੀ ਕੌਂਸਲਿੰਗ ਨਾਲੋਂ ਪੇਸ਼ੇਵਰਾਂ ਦੀ ਸਲਾਹ ਤੋਂ ਜ਼ਿਆਦਾ ਵਿਸ਼ਵਾਸ ਕਰਦੇ ਹਨ। ਸੋਸ਼ਲ ਮੀਡੀਆ ਦੀ ਵਰਤੋਂ ਬਾਰੇ 78 ਫ਼ੀ ਸਦੀ ਲੋਕ ਸਮਝਦੇ ਹਨ ਕਿ ਇਹ ਮਜਬੂਰੀਵਸ ਕਰਨੀ ਪਈ ਜਦਕਿ 22 ਫ਼ੀ ਸਦੀ ਇਸ ਨੂੰ ਵਕਤ ਗੁਜ਼ਾਰਨ ਦਾ ਵਧੀਆ ਸਾਧਨ ਮੰਨਦੇ ਹਨ।

60 ਫ਼ੀ ਸਦੀ ਲਕੋ ਸੋਸ਼ਲ ਮੀਡੀਆ ਰਾਹੀਂ ਕੋਰੋਨਾ ਬਾਰੇ ਨਾ-ਪੱਖੀ ਪ੍ਰਚਾਰ ਕਰਦੇ ਹਨ। ਸਰਵੇ ਵਿਚ ਤਾਲਾਬੰਦੀ ਦਾ ਸਰੀਰ ਤੇ ਪਏ ਪ੍ਰਭਾਵ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ 65 ਫ਼ੀ ਸਦੀ ਲੋਕ ਮੰਨਦੇ ਹਨ ਕਿ ਇਸ ਦਾ ਪ੍ਰਭਾਵ ਪਿਆ ਹੈ ਜਦਕਿ 35 ਫੀ ਸਦੀ ਲੋਕ ਮੰਨਦੇ ਹਨ ਕਿ ਇਸ ਦਾ ਕੋਈ ਪ੍ਰਭਾਵ ਨਹੀਂ ਪਿਆ। 66 ਫ਼ੀ ਸਦੀ ਲੋਕ ਰੱਬ ਨੂੰ ਮੰਨਣ ਲੱਗ ਪਏ ਜਦਕਿ 34 ਫ਼ੀ ਸਦੀ ਇਸ ਨੂੰ ਰੱਬ ਦੀ ਕਰੋਪੀ ਨਹੀਂ ਮੰਨਦੇ। ਇਸੇ ਤਰ੍ਹਾਂ 83 ਫ਼ੀ ਸਦੀ ਲੋਕ ਮੰਨਦੇ ਹਨ ਕਿ ਕੋਰੋਨਾ ਦਾ ਪ੍ਰਭਾਵ ਜ਼ਿਆਦਾ ਉਮਰ ਵਾਲਿਆਂ 'ਤੇ ਹੁੰਦਾ ਹੈ। ਸਿਰਫ਼ 6 ਫ਼ੀ ਸਦੀ ਲੋਕ ਹਰਬਲ ਅਤੇ ਦੂਜੀਆਂ ਦੇਸੀ ਦਵਾਈਆਂ ਨੂੰ ਕੋਰੋਨਾ ਦੇ ਇਲਾਜ ਲਈ ਸਹੀ ਮੰਨਦੇ ਹਨ ਜਦਕਿ 34 ਫ਼ੀਸਦੀ ਅਜਿਹਾ ਨਹੀਂ ਸੋਚਦੇ।