ਬਾਜ਼ਾਰਾਂ ਦੀ ਭੀੜ ਸਮਾਨ ਦੇ ਨਾਲ-ਨਾਲ ਕੋਰੋਨਾ ਵਾਇਰਸ ਨੂੰ ਵੀ ਘਰ ਲੈ ਕੇ ਜਾ ਰਹੀ ਹੈ
ਪੰਚਕੂਲਾ ਵਿਚ ਲਾਕਡਾਊਨ ਕਾਰਨ ਢਿੱਲ ਦਿਤੇ ਜਾਣ ਕਾਰਨ ਬਾਜ਼ਾਰਾਂ ਦੀ ਭੀੜ ਸਮਾਨ ਦੇ ਨਾਲ-ਨਾਲ ਕੋਰੋਨਾ ਵਾਇਰਸ ਘਰ ਲੈ ਕੇ ਜਾ ਰਹੀ ਹੈ। ਪੰਚਕੂਲਾ ਵਿਚ
ਪੰਚਕੂਲਾ, 7 ਮਈ (ਪੀ.ਪੀ. ਵਰਮਾ) : ਪੰਚਕੂਲਾ ਵਿਚ ਲਾਕਡਾਊਨ ਕਾਰਨ ਢਿੱਲ ਦਿਤੇ ਜਾਣ ਕਾਰਨ ਬਾਜ਼ਾਰਾਂ ਦੀ ਭੀੜ ਸਮਾਨ ਦੇ ਨਾਲ-ਨਾਲ ਕੋਰੋਨਾ ਵਾਇਰਸ ਘਰ ਲੈ ਕੇ ਜਾ ਰਹੀ ਹੈ। ਪੰਚਕੂਲਾ ਵਿਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੰਡੀ ਲੱਗਣ ਨਾਲ ਸਾਰੇ ਪਾਸੇ ਚਹਿਲ-ਪਹਿਲ ਹੋ ਰਹੀ ਹੈ ਨਾ ਲੋਕਾਂ ਦੇ ਮੂੰਹ 'ਤੇ ਰੁਮਾਲ ਹਨ ਅਤੇ ਨਾ ਹੀ ਮਾਸਕ। ਦੁਕਾਨਦਾਰਾਂ ਨੇ ਰੌਲਾ ਪਾ ਪਾ ਕੇ ਮੱਛੀ ਮੰਡੀ ਬਣਾਈ ਹੋਈ ਹੈ। ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਪੁਲਿਸ ਵਾਲਿਆਂ ਦਾ ਬਸ ਇਹੋ ਕਹਿਣਾ ਹੈ ਕਿ ਇਹ ਪੜ੍ਹੇ-ਲਿਖੇ ਲੋਕਾਂ ਦਾ ਸ਼ਹਿਰ ਹੈ। ਅਜਿਹੀ ਹੀ ਹਾਲਤ ਦੁਕਾਨਾਂ ਤੇ ਵੇਖੀ ਜਾ ਰਹੀ ਹੈ।
ਮਾਰਕੀਟਾਂ ਵਿਚ ਰੇਹੜੀਆਂ ਵਾਲੇ ਬਿਨਾਂ ਲਾਈਸੈਂਸ ਘੁੰਮ ਰਹੇ ਹਨ। ਪੜ੍ਹੀਆਂ ਲਿਖੀਆਂ ਔਰਤਾਂ ਰੇਹੜੀਆਂ ਵਾਲਿਆਂ ਕੋਲੋਂ ਸੁੰਘ-ਸੁੰਘ ਕੇ ਅੰਬ, ਤਰਬੂਜ, ਸੰਗਰਤੇ ਅਤੇ ਖਰਬੂਜ਼ੇ ਲੈ ਰਹੀਆਂ ਹਨ। ਸਬਜ਼ੀ ਵਾਲਿਆਂ ਅਤੇ ਰੇਹੜੀਆਂ ਵਾਲਿਆਂ ਦਾ ਟਾਈਮ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਰਖਿਆ ਗਿਆ ਹੈ। ਐਸਡੀਐਮ ਕਾਲਕਾ ਰਾਕੇਸ਼ ਸੰਧੂ ਨੇ ਕਿਹਾ ਕਿ ਸਵੇਰੇ 7 ਵਜੇ ਤੋਂ ਪਹਿਲਾਂ ਅਤੇ ਸ਼ਾਮ 7 ਵਜੇ ਤੋਂ ਬਾਅਦ ਜੇ ਕੋਈ ਸਬਜ਼ੀ ਖਰੀਦਦਾ ਫੜਿਆ ਗਿਆ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਹੋਵੇਗੀ। ਅਜਿਹੀ ਗੱਲ ਦਾ ਪ੍ਰਗਟਾਵਾ ਪੰਚਕੂਲਾ ਦੇ ਐੱਸਡੀਐਮ ਧੀਰਜ ਚਹਿਲ ਨੇ ਵੀ ਕਿਹਾ।
ਬਜ਼ਾਰਾਂ ਦੀ ਭੀੜ ਨੂੰ ਮੱਦੇਨਜ਼ਰ ਵੇਖਦੇ ਹੋਏ ਕੋਰੋਨਾ ਵਾਇਰਸ ਫੈਲਣ ਦੇ ਬਹੁਤ ਅਸਾਰ ਵੱਧ ਰਹੇ ਹਨ। ਹਾਊਸਿੰਗ ਸੁਸਾਇਟੀਆਂ ਪੰਚਕੂਲਾ ਵਿਚ ਸਫ਼ਾਈ ਸੇਵਕ ਪ੍ਰਵਾਸੀ ਮਾਈਆਂ ਦਾ ਆਉਣਾ ਤਾਂ ਸ਼ੁਰੂ ਨਹੀਂ ਹੋਇਆ ਪਰ ਕਾਰਾਂ ਸਾਫ਼ ਕਰਨ ਵਾਲੇ, ਰੱਦੀ ਖ਼ਰੀਦਣ ਵਾਲੇ ਅਤੇ ਪਲੰਬਰਾਂ ਦਾ ਕੰਮ ਕਰਨ ਵਾਲਿਆਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਹੈ। ਖਾਣ-ਪੀਣ ਵਾਲੀਆਂ ਕੰਪਨੀਆਂ ਨੇ ਵੀ ਹੁਣ ਹੋਮ-ਡਲਿਵਰੀ ਸ਼ੁਰੂ ਕਰ ਦਿਤੀ ਹੈ।
ਕਲ ਤੋਂ ਠੇਕੇ ਖੁਲ੍ਹਣ ਨਾਲ ਅੱਜ ਵੀ ਠੇਕਿਆਂ 'ਤੇ ਭੀੜ ਹੈ। ਭਾਵੇਂ ਬਣਾਏ ਗਏ ਚੱਕਰਾਂ 'ਤੇ ਲੋਕ ਖੜੇ ਹਨ ਪਰ ਪੇਟੀਆਂ ਦੀਆਂ ਪੇਟੀਆਂ ਖ਼ਰੀਦਣ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਜ਼ਿਲ੍ਹਾ ਸਿਖਿਆ ਅਧਿਕਾਰੀ ਉਰਮਲਾ ਸ਼ਰਮਾ ਨੇ ਕਿਹਾ ਹੈ ਕਿ ਪੰਚਕੂਲਾ ਸਿਖਿਆ ਵਿਭਾਗ ਨੇ ਜਿਹੜੀ ਤਿਆਰੀ ਕੀਤੀ ਹੈ ਕਿ ਜੋ ਨਿਜੀ ਸਕੂਲ ਅਡੀਸ਼ਨਲ ਚਾਰਜ ਫ਼ੀਸ ਵਸੂਲੇਗਾ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿਖਿਆ ਅਧਿਕਾਰੀ ਨੇ ਇਸ ਬਾਰੇ ਸਰਕੂਲਰ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਹੈ ਕਿ ਲਾਕਡਾਊਨ ਵਿਚ ਜੇ ਸਕੂਲਾਂ ਨੇ ਟਿਊਸ਼ਨ ਫ਼ੀਸ ਵਧਾਈ ਤਾਂ ਉਸ ਸਕੂਲ ਦੀ ਮਾਨਤਾ ਰੱਦ ਹੋ ਸਕਦੀ ਹੈ।