ਗਵਾਲੀਅਰ ਦੇ ਗੁਰਦਵਾਰੇ 'ਭਾਈ ਹਰਿਦਾਸ' ਨੂੰ ਕੀਤਾ 'ਕਾਲੀ ਦੇਵੀ ਭੈਰਉ ਮੰਦਰ' 'ਚ ਤਬਦੀਲ : ਗਿ. ਜਾਚਕ
ਪੁਛਿਆ! ਕਿਉਂ ਚੁੱਪ ਹਨ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ?
ਕੋਟਕਪੂਰਾ, 7 ਮਈ (ਗੁਰਿੰਦਰ ਸਿੰਘ) : ਸੰਨ 1984 'ਚ ਹਿੰਦੂ ਹਜ਼ੂਮ ਵਲੋਂ ਗਵਾਲੀਅਰ ਦੇ ਇਤਿਹਾਸਕ ਅਸਥਾਨ 'ਗੁਰਦਵਾਰਾ ਭਾਈ ਹਰਿਦਾਸ' ਨੂੰ ਉਥੋਂ ਦੇ ਸੇਵਾਦਾਰ ਨੂੰ ਕਤਲ ਕਰ ਕੇ 'ਕਾਲੀ ਦੇਵੀ ਭੈਰਉ ਮੰਦਰ' 'ਚ ਬਦਲ ਦਿਤਾ ਗਿਆ ਸੀ। ਅਜਿਹੀਆਂ ਸਿੱਖ ਮਾਰੂ ਯਾਦਾਂ ਅਸੀਂ ਸਹਿਜੇ ਸਹਿਜੇ ਭੁਲਾਈ ਜਾ ਰਹੇ ਹਾਂ, ਜੋ ਸਾਡੀ ਅਣਖਹੀਨ ਗੁਲ਼ਾਮ ਮਾਨਸਿਕਤਾ ਦਾ ਪ੍ਰਗਟਾਵਾ ਹੀ ਕਹਿਆ ਜਾ ਸਕਦਾ ਹੈ।
ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀਆਂ ਸਮੇਤ ਤਖ਼ਤਾਂ ਦੇ ਜਥੇਦਾਰਾਂ ਨੇ ਇਸ ਪਾਸੇ ਹੁਣ ਤਕ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਹੀ ਨਹੀਂ ਸਮਝੀ। ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ 'ਰੋਜ਼ਾਨਾ ਸਪੋਕਸਮੈਨ' ਨੂੰ ਈ-ਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਉਪਰੋਕਤ ਜਾਣਕਾਰੀ ਦਿੰਦਿਆਂ ਦਸਿਆ ਕਿ ਕਾਲੀ ਦੇਵੀ ਦਾ ਭਗਤ ਹਰੀ ਰਾਮ ਉਰਫ਼ 'ਹਰਿਦਾਸ' ਗਵਾਲੀਅਰ ਦੇ ਕਿਲੇ ਦਾ ਦਾਰੋਗਾ ਸੀ, ਜੋ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸਮਦ੍ਰਿਸ਼ਟੀ, ਸੂਰਬੀਰਤਾ ਤੇ ਸਚਿਆਰੇ ਕਿਰਦਾਰ ਤੋਂ ਪ੍ਰਭਾਵਤ ਹੋ ਕੇ ਗੁਰਸਿੱਖ ਬਣ ਗਿਆ।
ਉਸ ਨੇ ਅਪਣੇ ਘਰ ਵਿਚਲੀ ਕਾਲੀ ਦੇਵੀ ਦੀ ਮੂਰਤੀ ਨੂੰ ਪੂਜਾ ਸਥਲ ਤੋਂ ਚੁੱਕ ਕੇ ਸੁੱਟਣ ਦੀ ਥਾਂ ਉਸ ਨੂੰ ਬੁੱਤ ਤਰਾਸ਼ੀ ਦੀ ਇੱਕ ਵਧੀਆ ਕਲਾਕ੍ਰਿਤੀ ਜਾਣਦਿਆਂ ਦੀਵਾਰ 'ਚ ਚਿਣ ਦਿਤਾ ਸੀ। ਭੱਟ ਵਹੀਆਂ ਮੁਤਾਬਕ ਜਦੋਂ ਛੇਵੇਂ ਸਤਿਗੁਰੂ 52 ਹਿੰਦੂ ਰਾਜਿਆਂ ਸਮੇਤ ਕਿਲੇ 'ਚੋਂ ਰਿਹਾਅ ਹੋ ਕੇ 'ਬੰਦੀਛੋੜ ਦਾਤਾ' ਅਖਵਾਏ, ਉਸ ਰਾਤ ਨੂੰ ਉਹ ਭਾਈ ਹਰਿਦਾਸ ਦੇ ਘਰ ਹੀ ਠਹਿਰੇ ਤੇ ਉਸ ਨੇ ਖੁਸ਼ੀ 'ਚ ਦੀਪਮਾਲਾ ਵੀ ਕੀਤੀ।
ਇਸ ਤਰ੍ਹਾਂ ਭਾਈ ਹਰਿਦਾਸ ਦਾ ਇਤਿਹਾਸਕ ਘਰ ਗੁਰਦੁਆਰੇ 'ਚ ਬਦਲ ਗਿਆ। ਭਾਈ ਸੰਤ ਸਿੰਘ ਮਸਕੀਨ ਦੇ ਸਾਥੀ ਗਿ. ਹਰਿੰਦਰ ਸਿੰਘ ਅਲਵਰ ਤੇ ਹੋਰ ਕਈ ਗੁਰਮਤਿ ਪ੍ਰਚਾਰਕ ਇਸ ਅਸਥਾਨ ਵਿਖੇ ਗੁਰਬਾਣੀ ਵਿਚਾਰ ਵੀ ਕਰਦੇ ਰਹੇ। ਸੰਨ 1984 ਦੇ ਘੱਲੂਘਾਰੇ ਵੇਲੇ ਬਾਬਾ ਸੇਵਾ ਸਿੰਘ ਖਡੂਰ ਵਾਲਿਆਂ ਦਾ ਇੱਕ ਸਿੰਘ ਉਸ ਅਸਥਾਨ ਦੀ ਸੇਵਾ-ਸੰਭਾਲ ਕਰ ਰਿਹਾ ਸੀ, ਜਿੰਨ੍ਹਾਂ ਨੇ ਗੁਰਦੁਆਰੇ ਦੀ ਕਾਰਸੇਵਾ ਕਰਦਿਆਂ ਪਿਛਵਾੜੇ ਦੀ ਥਾਂ ਖਰੀਦ ਕੇ ਚਾਰਦੀਵਾਰੀ ਵੀ ਕੀਤੀ ਹੋਈ ਸੀ ਪਰ ਗੁੰਡਾ ਅਨਸਰਾਂ ਨੇ ਉਸ ਸੇਵਾਦਾਰ ਦਾ ਕਤਲ ਕਰਕੇ ਗੁਰਦੁਆਰੇ ਦੇ ਗੇਟ 'ਤੇ 'ਸ੍ਰੀ ਕਾਲੀ ਦੇਵੀ ਭੈਰਉ ਜੀ ਮੰਦਰ' ਲਿਖ ਦਿਤਾ।
ਬਾਬਾ ਸੇਵਾ ਸਿੰਘ ਹੁਰਾਂ ਨੇ ਇਸ ਨਜਾਇਜ਼ ਕਬਜੇ ਪ੍ਰਤੀ ਕਈ ਸਾਲ ਕਾਨੂੰਨੀ ਲੜਾਈ ਵੀ ਲੜੀ ਅਤੇ ਕੇਂਦਰ ਦੇ ਸਿੱਖ ਮੰਤਰੀਆਂ ਤੱਕ ਪਹੁੰਚ ਵੀ ਕੀਤੀ ਪਰ ਕਿਸੇ ਨੇ ਨਹੀਂ ਸੁਣੀ। ਸੰਨ 2013 'ਚ ਜਥੇਦਾਰ ਗਿਆਨੀ ਕੇਵਲ ਸਿੰਘ, ਦਾਸ (ਜਾਚਕ) ਤੇ ਭਾਈ ਦਲਜੀਤ ਸਿੰਘ ਨਿਓਡਾ ਵਿਸ਼ੇਸ਼ ਤੌਰ 'ਤੇ ਉਥੇ ਪਹੁੰਚੇ, ਉਥੋਂ ਦੀ ਸਿੰਘ ਸਭਾ 'ਤੇ ਕਾਰਸੇਵਾ ਦੇ ਸਿੰਘਾਂ ਤੋਂ ਸਾਰੀ ਗੱਲਬਾਤ ਸੁਣੀ, ਉਸ ਅਸਥਾਨ ਦੀ ਯਾਤਰਾ ਵੀ ਕੀਤੀ। ਪੁਜਾਰੀ ਪੰਡਤ ਨੂੰ ਵੀ ਮਿਲੇ। ਵਾਪਸੀ ਉਪਰੰਤ ਜਥੇਦਾਰ ਨੇ ਇਹ ਸਾਰੀ ਰੀਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੀ ਪਰ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ।
ਸਿੱਖ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਐਸੇ ਇਤਿਹਾਸਕ ਗੁਰਸਥਾਨਾਂ ਨੂੰ ਅਜ਼ਾਦ ਕਰਵਾਉਣ 'ਤੇ ਨਵ-ਉਸਾਰੀ ਲਈ ਮਿਲ ਕੇ ਵੱਡਾ ਹੰਭਲਾ ਮਾਰਨ। ਗਿਆਨੀ ਜਾਚਕ ਨੇ ਦਾਅਵਾ ਕੀਤਾ ਕਿ ਜੇ ਹਿੰਦੂਆਂ ਵਲੋਂ ਮਿਥਿਹਾਸ ਦੇ ਸਹਾਰੇ ਸੈਂਕੜੇ ਸਾਲਾ ਪਿੱਛੋਂ ਇਕ ਬਾਬਰੀ ਮਸਜਦ ਨੂੰ ਕਾਨੂੰਨਨ 'ਰਾਮ ਮੰਦਰ' 'ਚ ਬਦਲਿਆ ਜਾ ਸਕਦਾ ਹੈ ਤਾਂ ਜਿਉਂਦੇ-ਜਾਗਦੇ ਇਤਿਹਾਸ ਦੇ ਸਹਾਰੇ ਧੱਕੇ ਨਾਲ ਬਣਾਏ ਮੰਦਰਾਂ ਨੂੰ ਗੁਰਦੁਆਰਿਆਂ 'ਚ ਕਿਉਂ ਨਹੀਂ ਬਦਲਿਆ ਜਾ ਸਕਦਾ?
ਫੋਟੋ : ਕੇ.ਕੇ.ਪੀ.-ਗੁਰਿੰਦਰ-7-1ਏ