ਪੰਜਾਬ ਦੀ ਸੱਤਾ ਧਿਰ ਤੇ ਅਕਾਲੀ ਦਲ ਆਹਮੋ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਆਸਤ ਭਖੀ, ਪਾਸਵਾਨ ਨੇ ਲਾਇਆ ਕੇਂਦਰ ਵਲੋਂ ਭੇਜੇ ਰਾਸ਼ਨ 'ਚੋਂ ਹੁਣ ਤਕ ਸਿਰਫ਼ ਇਕ ਫ਼ੀ ਸਦੀ ਵੰਡਣ ਦਾ ਦੋਸ਼

File Photo

ਚੰਡੀਗੜ੍ਹ, 7 ਮਈ (ਗੁਰਉਪਦੇਸ਼ ਭੁਲੱਰ) :ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਭੇਜੇ ਗਏ ਰਾਸ਼ਨ ਦੀ ਵੰਡ ਨੂੰ ਲੈ ਕੇ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ। ਕੇਂਦਰੀ ਖ਼ੁਰਾਕ ਤੇ ਸਪਲਾਈ ਮਤਰੀ ਰਾਮ ਵਿਲਾਸ ਪਾਸਵਾਨ ਵਲੋਂ ਟਵੀਟ ਕਰ ਕੇ ਪੰਜਾਬ ਸਰਕਾਰ ਵਲੋਂ ਕੇਂਦਰ ਤੋਂ ਆਏ ਰਾਸ਼ਨ 'ਚੋਂ ਸਿਰਫ਼ ਇਕ ਫ਼ੀ ਸਦੀ ਹੁਣ ਤਕ ਵੰਡੇ ਜਾਣ ਸਬੰਧੀ ਲਾਏ ਦੋਸ਼ ਤੋਂ ਬਾਅਦ ਪੰਜਾਬ ਦੀ ਸੱਤਾਧਾਰੀ ਪਾਰਟੀ ਤੇ ਅਕਾਲੀ ਦਲ ਖੁੱਲ੍ਹ ਕੇ ਇਕ ਦੂਜੇ ਸਾਹਮਣੇ ਆ ਗਏ ਹਨ। ਦੋਵੇਂ ਪਾਸਿਉਂ ਆਪੋ ਅਪਣੇ ਦਾਅਵੇ ਕਰਦਿਆਂ ਇਕ ਦੂਜੇ ਉੱਤੇ ਦੋਸ਼ ਲਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਰਾਸ਼ਨ ਦੇ ਮੁੱਦੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਅਦ ਤੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਲਗਾਤਾਰ ਕੇਂਦਰ ਵਲੋਂ ਭੇਜੇ ਰਾਸ਼ਨ ਤੇ ਵਿੱਤੀ ਸਾਹਇਤਾ ਦੇ ਕਾਗ਼ਜ਼ੀ ਅੰਕੜੇ ਪੇਸ਼ ਕਰ ਕੇ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਹੁਣ ਕੇਂਦਰੀ ਮੰਤਰੀ ਪਾਸਵਾਨ ਦੇ ਟਵੀਟ ਬਾਅਦ ਮਾਮਲਾ ਹੋਰ ਤੂਲ ਫੜ ਗਿਆ ਹੈ।

ਪਸਾਵਾਨ ਦੇ ਟਵੀਟ ਤੋਂ ਬਾਅਦ ਜਿਥੇ ਅਕਾਲੀ ਆਗੂਆਂ ਨੇ ਕੈਪਟਨ ਸਰਕਾਰ 'ਤੇ ਹਮਲੇ ਹੋਰ ਤੇਜ਼ ਕਰ ਤਿਦੇ ਹਨ ਉਥੇ ਦੂਜੇ ਪਾਸੇ ਰਾਜ ਦੇ ਖ਼ੁਰਾਕ ਤੇ ਸਿਵਲ ਸਪਲਾਈ ਮਹਿਕਮੇ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਕਾਲੀ ਦਲ ਦੇ ਸਾਰੇ ਦੋਸ਼ਾ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਿਆ। ਤੱਥਾਂ ਨਾਲ ਵੰਡੇ ਤੇ ਮਿਲੇ ਰਾਸ਼ਨ ਦੀ ਜਾਣਕਾਰੀ ਦਿਤੀ ਹੈ।

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਵਲੋਂ ਪੰਜਾਬ 'ਚ ਕੇਂਦਰ ਵਲੋਂ ਭੇਜੇ ਗਏ ਰਾਸ਼ਨ 'ਚੋਂ ਇਕ ਫ਼ੀ ਸਦੀ ਹੀ ਵੰਡੇ ਜਾਣ ਦੇ ਲਗਾਏ ਦੋਸ਼ਾਂ ਨੂੰ ਸਹੀ ਦਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਰਾਹਤ ਸਮੱਗਰੀ 'ਚ ਰਾਸ਼ਨ ਦੀ ਵੰਡ ਲਈ ਲਾਕਡਾਊਨ ਬਾਅਦ ਕੇਂਦਰ ਨੇ ਪੰਜਾਬ ਨੂੰ 75684 ਮੀਟ੍ਰਕ ਟਨ ਕਣਕ ਅਤੇ 4230 ਮੀਟ੍ਰਕ ਟਨ ਦਾਲ ਭੇਜੀ ਸੀ ਜੋ ਸਰਕਾਰ ਨੇ ਹਾਸਲ ਤਾਂ ਕੀਤੀ ਹੈ ਪਰ ਵੰਡ ਹੁਣ ਸ਼ੁਰੂ ਕੀਤੀ ਹੈ

ਜਦ ਲਾਕਡਾਊਨ 'ਚੋਂ ਨਿਕਲਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਰਾਸ਼ਨ ਨਾ ਮਿਲਣ ਕਾਰਨ ਭੁੱਖ ਦਾ ਸਾਹਮਣਾ ਕਰ ਰਹੇ ਲੱਖਾਂ ਪ੍ਰਾਵਸੀ ਮਜ਼ਦੂਰ ਘਰਾਂ ਨੂੰ ਵਾਪਸ ਅਪਣੇ ਰਾਜਾਂ ਵਲ ਕੂਚ ਕਰ ਰਹੇ ਹਨ। ਦੂਜੇ ਪਾਸੇ ਮੰਤਰੀ ਆਸ਼ੂ ਨੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖ਼ਾਰਿਜ ਕਰਦਿਆਂ ਕਿਹਾ ਕਿ ਕਣਕ ਤਾਂ ਸਾਡੇ ਕੋਲ ਹੀ ਭੰਡਾਰ 'ਚ ਬਹੁਤ ਪਈ ਹੈ ਪਰ ਦਾਲ ਵੀ ਕੇਂਦਰ ਨੇ ਇਕ ਮਈ ਤੋਂ ਬਾਅਦ ਹੀ ਭੇਜਣੀ ਸ਼ੁਰੂ ਕੀਤੀ ਸੀ। 18 ਜ਼ਿਲ੍ਹਿਆਂ 'ਚ ਇਸ ਦੀ ਵੰਡ ਸ਼ੁਰੂ ਕਰ ਕੇ 800 ਮਿਟ੍ਰਕ ਟਨ ਤੋਂ ਵੱਧ ਅਨਾਜ ਕੁੱਝ ਹੀ ਦਿਨਾਂ 'ਚ ਵੰਡਿਆ ਜਾ ਚੁੱਕਾ ਹੈ।

ਜਦ ਕਿ ਇਸ ਤੋਂ ਪਹਿਲਾ ਤਾਂ ਦਾਲ ਦੀ 25 ਫ਼ੀ ਸਦੀ ਸਪਲਾਈ ਵੀ ਨਹੀਂ ਸੀ ਆਈ ਅਤੇ ਇਕੱਲੀ ਕਣਕ ਨੂੰ ਦਾਲ ਤੋਂ ਬਗ਼ੈਰ ਵੰਡਣਾ ਠੀਕ ਨਹੀਂ ਸੀ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਕਣਕ ਦੀ ਖਰੀਦ ਦੇ ਕੰਮ ਦੇ ਨਾਲ ਨਾਲ ਰਾਸ਼ਨ ਵੰਡਣ ਦਾ ਕੰਮ ਵੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਦਾ ਬਿਆਨ ਵੀ ਹਰਸਿਮਰਤ ਦੇ ਬਿਆਨ ਦੇ ਸਮਰਥਨ ਲਈ ਹੀ ਦਿਤਾ ਗਿਆ ਹੈ ਜੋ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਤੇ ਕਾਂਗਰਸ ਸਰਕਾਰ ਦਾ ਅਕਸ ਖ਼ਰਾਬ ਕਰਨ ਲਈ ਦਿਤਾ ਹੈ।