ਬਾਹਰੀ ਸੂਬਿਆਂ ਤੋਂ ਪੰਜਾਬ ਪਰਤੇ ਕੰਬਾਈਨ ਚਾਲਕਾਂ ਦੇ ਲਏ ਨਮੂਨੇ
ਬਾਹਰੀ ਸੂਬਿਆਂ ਤੋਂ ਪੰਜਾਬ ਪਰਤੇ ਮਜ਼ਦੂਰਾਂ ਸਮੇਤ ਮਸ਼ੀਨ ਚਾਲਕਾਂ ਦੇ ਨਮੂਨੇ ਲੈਣ ਲਈ ਪਿੰਡ ਬੇਹੜਾ ਵਿਚ ਕੈਂਪ ਲਗਾਇਆ।
ਡੇਰਾਬੱਸੀ, 7 ਮਈ (ਗੁਰਜੀਤ ਈਸਾਪੁਰ) : ਬਾਹਰੀ ਸੂਬਿਆਂ ਤੋਂ ਪੰਜਾਬ ਪਰਤੇ ਮਜ਼ਦੂਰਾਂ ਸਮੇਤ ਮਸ਼ੀਨ ਚਾਲਕਾਂ ਦੇ ਨਮੂਨੇ ਲੈਣ ਲਈ ਪਿੰਡ ਬੇਹੜਾ ਵਿਚ ਕੈਂਪ ਲਗਾਇਆ। ਇਸ ਵਿਚ ਬਾਹਰੀ ਸੂਬਿਆਂ ਤੋਂ ਪਰਤੇ 37 ਵਿਅਕਤੀਆਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਕਵਾਰੰਟਾਈਨ ਕੀਤਾ ਗਿਆ। ਲਾਕਡਾਊਨ ਦੌਰਾਨ ਪੰਜਾਬ ਤੋਂ ਇਹ ਚਾਲਕ ਅਤੇ ਮਜ਼ਦੂਰ ਕਣਕ ਦੀ ਕਟਾਈ ਲਈ ਮੱਧ ਪ੍ਰਦੇਸ਼, ਉੱਤਰਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਤਕ ਕੰਬਾਈਨ ਮਸ਼ੀਨ ਲੈ ਕੇ ਮਹੀਨੇ ਭਰ ਤੋਂ ਗਏ ਹੋਏ ਸਨ।
ਜ਼ਿਲ੍ਹਾ ਮੋਹਾਲੀ ਦੇ ਡੇਰਾਬੱਸੀ ਹਲਕੇ ਅਧੀਨ ਹਰਿਆਣੇ ਦੀ ਹੱਦ ਨਾਲ ਲਗਦੇ ਪਿੰਡ ਬੇਹੜਾ ਵਿਚ ਡਾ. ਚੀਮਾ ਅਤੇ ਡਾ. ਵਿਕ੍ਰਾਂਤ ਦੀ ਅਗਵਾਈ ਵਿਚ ਸਿਹਤ ਵਿਭਾਗ ਨੇ ਪੁਲਿਸ ਦੇ ਸਹਿਯੋਗ ਨਾਲ ਕੈਂਪ ਲਗਾਇਆ ਹੋਇਆ ਹੈ। ਨੋਡਲ ਅਫ਼ਸਰ ਡਾ ਵਿਕ੍ਰਾਂਤ ਨੇ ਦਸਿਆ ਕਿ ਪੰਜਾਬ ਪਰਤੇ 48 ਵਿਅਕਤੀਆਂ ਦੀ ਸੂਚੀ ਉਨ੍ਹਾਂ ਨੂੰ ਪ੍ਰਾਪਤ ਹੋਈ ਸੀ। ਇਹਨਾਂ ਵਿਚੋਂ ਬੁਧਵਾਰ ਨੂੰ 12 ਵਿਅਕਤੀਆਂ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਆਇਸੋਲੇਸ਼ਨ ਕੇਂਦਰ, ਸੈਕਟਰ 70 ਮੋਹਾਲੀ ਭੇਜਿਆ ਗਿਆ ਹੈ ਜਦਕਿ 25 ਵਿਅਕਤੀਆਂ ਦੇ ਸੈਂਪਲ ਅੱਜ ਵੀਰਵਾਰ ਨੂੰ ਲਏ ਗਏ।
ਇਨ੍ਹਾਂ ਨੂੰ ਇਨ੍ਹਾਂ ਦੇ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਿਸਟ ਵਿੱਚ 11 ਵਿਅਕਤੀ ਪੰਜਾਬ ਦੀ ਹੱਦ ਵਿੱਚ ਕੰਮ ਵਿੱਚ ਲੱਗੇ ਹੋਣ ਦੇ ਕਾਰਨ ਉਨ੍ਹਾਂ ਦੇ ਟੈਸਟ ਨਹੀਂ ਲਏ ਗਏ। ਉਨ੍ਹਾਂ ਦਸਿਆ ਕਿ ਕਈ ਲੋਕ ਤਾਂ 1500 ਕਿਮੀ ਦੂਰ ਤਕ ਮਸ਼ੀਨ ਲੈ ਕੇ ਕਟਾਈ ਲਈ ਗਏ ਹੋਏ ਸਨ। ਇਹਨਾਂ ਦੀ ਮਸ਼ੀਨਾਂ ਨੂੰ ਵੀ ਸੈਨੀਟਾਇਜ਼ ਕੀਤਾ ਗਿਆ।