ਅਕਾਲੀ ਆਗੂ ਹਰਦੀਪ ਡਿੰਪੀ ਖਿਲਾਫ਼ ਮਾਮਲਾ ਦਰਜ, ਲੱਗਿਆ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਆਰੋਪ
ਰਾਜਾ ਵੜਿੰਗ ਨੇ ਕੀਤੀ ਪਰਚਾ ਤੁਰੰਤ ਵਾਪਸ ਲੈਣ ਦੀ ਮੰਗ
ਚੰਡੀਗੜ੍ਹ : ਗਿੱਦੜਬਾਹਾ ਤੋਂ ਅਕਾਲੀ ਦਲ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਖਿਲਾਫ਼ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਹਰਦੀਪ ਸਿੰਘ ਡਿੰਪੀ ਨੇ ਆਪਣੇ ਪਿਤਾ ਦੇ ਸੋਗ ਸਮਾਗਮ ਵਿਚ ਇਜਾਜ਼ਤ ਨਾਲੋਂ ਵੱਧ ਲੋਕਾਂ ਦਾ ਇਕੱਠ ਕੀਤਾ ਜੋ ਕਿ ਕੋਰੋਨਾ ਪਾਬੰਦੀਆਂ ਦੀ ਉਲੰਘਣਾ ਹੈ।
ਦੱਸ ਦਈਏ ਕਿ ਡਿੰਪੀ ਦੇ ਪਿਤਾ ਸ. ਸ਼ਿਵਰਾਜ ਸਿੰਘ ਢਿੱਲੋਂ ਦੀ ਕੁੱਝ ਦਿਨ ਪਹਿਲਾਂ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤੇ ਉਨ੍ਹਾਂ ਦਾ ਚੰਡੀਗੜ੍ਹ ਵਿਚ ਇਲਾਜ ਚੱਲ ਰਿਹਾ ਸੀ, ਜਿਥੇ ਉਹਨਾਂ ਨੇ ਆਖਰੀ ਸਾਹ ਲਿਆ। ਜ਼ਿਕਰਯੋਗ ਹੈ ਕਿ ਵਿਧਾਇਕ ਡਿੰਪੀ ਢਿੱਲੋਂ ਵੱਲੋਂ ਮਰਹੂਮ ਪਿਤਾ ਦੇ ਸਸਕਾਰ ਦੀ ਮਿਤੀ ਦਾ ਐਲਾਨ ਕਰਦੇ ਹੋਏ ਇਹ ਕਿਹਾ ਗਿਆ ਸੀ ਕਿ ਸ਼ਮਸ਼ਾਨ ਘਾਟ ਗਿੱਦੜਬਾਹਾ ਵਿਖੇ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ "ਕੋਰੋਨਾ ਕਾਲ ‘ਚ ਇਕ ਦੂਜੇ ਦਾ ਸਾਥ ਮਨ ਨੂੰ ਧਰਵਾਸ ਦਿੰਦਾ ਹੈ, ਕਿਉਂਕਿ ਕੋਵਿਡ 19 ਮਹਾਮਾਰੀ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅਜਿਹੇ ਸਮੇਂ ਕਿਸੇ ਤਰਾਂ ਵੀ ਇੱਕਠੇ ਹੋਣਾ ਸਭ ਦੀ ਸਿਹਤ ਲਈ ਖ਼ਤਰਨਾਕ ਹੈ। ਇਸ ਲਈ ਤੁਹਾਡੀ ਸਭ ਦੀ ਸਿਹਤ ਸੁਰੱਖਿਆ ਦੇ ਮੱਦੇਨਜਰ ਮੈਂ ਭਰੇ ਮਨ ਨਾਲ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਸਕਾਰ ਤੇ ਪਹੁੰਚਣ ਦੀ ਖੇਚਲ ਨਾ ਕਰੋ।
ਅਸੀਂ ਸੰਚਾਰ ਸਾਧਨਾਂ ਨਾਲ ਇਕ ਦੂਜੇ ਨਾਲ ਜੁੜੇ ਹੋਏ ਹਾਂ ਅਤੇ ਤੁਹਾਡੇ ਵੱਲੋਂ ਇਸ ਦੁੱਖ ਦੀ ਘੜੀ ਵਿਚ ਸਾਥ ਦੇਣ ਤੇ ਮੈਂ ਤੇ ਮੇਰਾ ਸਾਰਾ ਪਰਿਵਾਰ ਹਮੇਸ਼ਾ ਆਪ ਜੀ ਦੇ ਰਿਣੀ ਰਹਾਂਗੇ।" ਇਸ ਦੇ ਬਾਵਜੂਦ ਅੱਜ ਉਨ੍ਹਾਂ ਤੇ ਆਪਣੇ ਪਿਤਾ ਦੇ ਸੋਗ ਸਮਾਗਮ ਵਿੱਚ ਲੋਕਾਂ ਦਾ ਇਕੱਠ ਕਰਨ ਦੇ ਆਰੋਪ ਲੱਗੇ ਹਨ। ਡਿੰਪੀ ਖਿਲਾਫ ਆਈਪੀਸੀ ਦੀ ਧਾਰਾ 188, 269 ਅਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 54 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਰਾਜਾ ਵੜਿੰਗ ਨੇ ਡਿੰਪੀ ਢਿੱਲੋਂ ਖਿਲਾਫ਼ ਹੋਏ ਦਰਜ ਮਾਮਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਹਨਾਂ ਨੇ ਇਸ ਘਟਨਾ ਨੂੰ ਮੰਗਭਾਗੀ ਦੱਸਿਆ ਹੈ ਤੇ ਕਿਹਾ ਹੈ ਕਿ ਪਰਚਾ ਦਰਜ ਕਰਨ ਵਾਲੇ ਐੱਸਐੱਚਓ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਡਿੰਪੀ ਢਿੱਲੋਂ 'ਤੇ ਦਰਜ ਹੋਇਆ ਪਰਚਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।