ਪੰਜਾਬੀ ਫਿਲਮਾਂ ਦਾ ਪ੍ਰਸਿੱਧ ਕਲਾਕਾਰ ਗਰੀਬੀ ਦਾ ਝੰਬਿਆ ਚੂਰਨ ਦੀਆਂ ਗੋਲੀਆਂ ਵੇਚਣ ਲਈ ਮਜ਼ਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੱਡੇ ਅਤੇ ਪ੍ਰਸਿੱਧ ਕਲਾਕਾਰਾਂ ਜਿਨ੍ਹਾਂ ਨਾਲ ਰਾਜ ਬਜਾਜ ਨੇ ਕੰਮ ਕੀਤਾ ਉਹਨਾਂ ਨੇ ਕਦੇ ਆ ਕੇ ਸਾਰ ਤੱਕ ਨਹੀਂ ਲਈ।

Raj Bajaj

ਫਿਰੋਜ਼ਪੁਰ (ਪਰਮਜੀਤ ਸਿੰਘ) - ਕਹਿੰਦੇ ਨੇ ਮਨੁੱਖ ਨੂੰ ਆਰਥਿਕ ਹਾਲਾਤ ਫਰਸ਼ ਤੋਂ ਅਰਸ਼ 'ਤੇ ਅਤੇ ਅਰਸ਼ ਤੋਂ ਫਰਸ਼ ਤੇ ਲਿਆ ਕੇ ਖੜ੍ਹਾ ਕਰ ਦਿੰਦੇ ਹਨ। ਕਿੰਨਾ ਚੰਗਾ ਹੁੰਦਾ ਜੇਕਰ ਮਨੁੱਖ ਆਪਣੀ ਕਲਾ ਦੇ ਜੌਹਰ ਦਿਖਾਉਂਦਿਆਂ ਪ੍ਰਸਿੱਧੀ ਖੱਟਦਿਆਂ ਲੋਕਾਂ ਦੇ ਮਨਾਂ ਵਿਚ ਵੱਸਣ ਦੇ ਨਾਲ-ਨਾਲ ਆਰਥਿਕ ਤੌਰ 'ਤੇ ਵੀ ਮਜ਼ਬੂਤ ਹੋ ਜਾਂਦਾ ਹੈ। ਪਰ ਜਦੋਂ ਉਸ ਦੀ ਜ਼ਿੰਦਗੀ ਦੇ ਮੋੜ ਆਰਥਿਕ ਤੰਗੀਆਂ ਵਿਚੋਂ ਗੁਜ਼ਰਨ ਲੱਗ ਜਾਣ ਤਾਂ ਫਿਰ ਉਹੀ ਪ੍ਰਸਿੱਧੀ ਖੱਟਣ ਵਾਲਾ ਵਿਅਕਤੀ ਇਕ ਦਿਨ ਗਲੀਆਂ ਵਿੱਚ ਮਜ਼ਦੂਰੀ ਕਰਨ ਲਈ ਵੀ ਮਜ਼ਬੂਰ ਹੋ ਜਾਂਦਾ ਹੈ।

ਇਸੇ ਤਰ੍ਹਾਂ ਦੀ ਕਹਾਣੀ ਆਪਣੇ ਦਿਲ ਵਿਚ ਸਮਾ ਕੇ ਬੈਠਾ ਪੰਜਾਬੀ ਫ਼ਿਲਮਾਂ ਦਾ ਪ੍ਰਸਿੱਧ ਕਲਾਕਾਰ ਫਿਰੋਜ਼ਪੁਰ ਵਿਖੇ ਰਹਿਣ ਵਾਲਾ ਰਾਜ ਬਜਾਜ ਫ਼ਿਲਮੀ ਕਲਾਕਾਰਾਂ ਨਾਲ ਦਰਜਨਾਂ ਫ਼ਿਲਮਾਂ ਵਿਚ ਆਪਣਾ ਨਾਮਣਾ ਖੱਟਣ ਵਾਲਾ ਇਹ ਕਲਾਕਾਰ ਅੱਜ ਫਿਰੋਜ਼ਪੁਰ ਦੀਆਂ ਗਲੀਆਂ ਵਿਚ ਬੱਚਿਆਂ ਲਈ ਚੂਰਨ ਦੀਆਂ ਗੋਲੀਆਂ ਵੇਚਣ ਲਈ ਮਜ਼ਬੂਰ ਹੈ।

ਇਸ ਫ਼ਿਲਮੀ ਕਲਾਕਾਰ ਨੇ ਪੰਜਾਬੀ ਫ਼ਿਲਮਾਂ 'ਚ ਲੋਕਾਂ ਦੇ ਮਨਾਂ ਤੇ ਰਾਜ ਕਰਨ ਵਾਲੇ ਉੱਘੇ ਅਦਾਕਾਰ ਧਰਮਿੰਦਰ, ਪ੍ਰੀਤੀ ਸਪਰੂ, ਗੁੱਗੂ ਗਿੱਲ ਅਤੇ ਯੋਗਰਾਜ ਵਰਗੇ ਹੰਢੇ ਕਲਾਕਾਰਾਂ ਦੀਆਂ ਫ਼ਿਲਮਾਂ 'ਚ ਕੰਮ ਕਰਕੇ ਆਪਣਾ ਅਤੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਪੰਜਾਬੀ ਫਿਲਮਾਂ ਦੇ ਉੱਘੇ ਕਲਾਕਾਰ ਰਾਜ ਬਜਾਜ ਦਾ ਕਹਿਣਾ ਹੈ ਕਿ ਉਸ ਨੇ ਉਕਤ ਨਾਮਵਾਰ ਪ੍ਰਸਿੱਧ ਪੰਜਾਬੀ ਫ਼ਿਲਮਾਂ ਦੇ ਅਦਾਕਾਰਾਂ ਨਾਲ ਕੰਮ ਕੀਤਾ ਹੈ।

ਉਸ ਨੇ ਪੰਜਾਬੀ ਫ਼ਿਲਮਾਂ ਵਿਚ ਆਪਣਾ ਕਿਰਦਾਰ ਨਿਭਾਉਂਦਿਆਂ ਅਹਿਮ ਰੋਲ ਕੀਤੇ ਹਨ ਅਤੇ ਲੋਕਾਂ ਦੇ ਮਨਾਂ ਵਿਚ ਆਪਣੇ ਲਈ ਜਗ੍ਹਾ ਬਣਾਈ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਆਰਥਿਕ ਤੰਗੀ ਉਸ ਨੂੰ ਇੱਥੇ ਲਿਆ ਕੇ ਖੜ੍ਹਾ ਕਰ ਦੇਵੇਗੀ। ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਹ ਆਰਥਿਕ ਤੌਰ 'ਤੇ ਝੰਬਿਆ ਗਿਆ ਹੈ।

ਜ਼ਿੰਦਗੀ ਤੋਂ ਹਾਰ ਮੰਨਣ ਦੀ ਬਜਾਏ ਉਸ ਨੇ ਆਪਣੀ ਜ਼ਿੰਦਗੀ ਜਿਊਣ ਲਈ ਮਜ਼ਦੂਰੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਰਾਜ ਬਜਾਜ ਜਿਸ ਦੀ ਕਦੇ ਪੰਜਾਬੀ ਫ਼ਿਲਮਾਂ 'ਚ ਤੂਤੀ ਬੋਲਦੀ ਸੀ, ਅੱਜ ਫਿਰੋਜ਼ਪੁਰ ਸ਼ਹਿਰ ਦੀਆਂ ਬੱਸਾਂ ਅਤੇ ਗਲੀਆਂ ਵਿਚ ਬੱਚਿਆਂ ਲਈ ਅਤੇ ਲੋਕਾਂ ਲਈ ਚੂਰਨ ਦੀਆਂ ਗੋਲੀਆਂ ਅਤੇ ਹੋਰ ਸਾਮਾਨ ਵੇਚਣ ਲਈ ਮਜ਼ਬੂਰ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇਨਾਂ ਵੱਡਾ ਕਲਾਕਾਰ ਹੋਣ ਦੇ ਬਾਵਜੂਦ ਉਹ ਅੱਜ ਮਜ਼ਦੂਰੀ ਕਰਨ ਲਈ ਮਜ਼ਬੂਰ ਹੈ, ਤਾਂ ਉਸ ਨੇ ਕਿਹਾ ਕਿ ਆਰਥਿਕ ਹਾਲਾਤਾਂ ਨੇ ਇੱਥੇ ਲਿਆ ਕੇ ਉਸ ਨੂੰ ਖੜ੍ਹਾ ਕਰ ਦਿੱਤਾ ਹੈ।

ਅੱਜ ਰਾਜ ਬਜਾਜ ਆਰਥਿਕ ਤੌਰ ਤੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ,ਪ੍ਰੰਤੂ ਫ਼ਿਲਮੀ ਜਗਤ ਦੇ ਉਨ੍ਹਾਂ ਵੱਡੇ ਅਤੇ ਪ੍ਰਸਿੱਧ ਕਲਾਕਾਰਾਂ ਜਿਨ੍ਹਾਂ ਨਾਲ ਰਾਜ ਬਜਾਜ ਨੇ ਕੰਮ ਕੀਤਾ, ਕਦੇ ਆ ਕੇ ਸਾਰ ਤੱਕ ਨਹੀਂ ਲਈ। ਸੋਚਣ ਵਾਲੀ ਤਾਂ ਗੱਲ ਇਹ ਹੈ ਕਿ ਆਮ ਕਿਹਾ ਜਾਂਦਾ ਹੈ ਕਿ "ਚੜ੍ਹਦੇ ਸੂਰਜ ਨੂੰ ਸਲਾਮ"। ਜਦੋਂ ਰਾਜ ਬਜਾਜ ਦੀ ਕਲਾ ਦਾ ਜੌਹਰ ਬੋਲਦਾ ਸੀ,ਉਸ ਵਕਤ ਸਾਰੇ ਉਸ ਨੂੰ ਸਲਾਮ ਕਰਦੇ ਸਨ,ਪ੍ਰੰਤੂ ਅੱਜ ਜਦੋਂ ਉਹ ਗ਼ਰੀਬੀ ਦੀ ਹਾਲਤ ਕਾਰਨ ਆਰਥਿਕ ਤੌਰ ਤੇ ਪਛੜ ਗਿਆ ਹੈ

ਤਾਂ ਉਸ ਦੀ ਕੋਈ ਸਾਰ ਲੈਣ ਨੂੰ ਤਿਆਰ ਨਹੀਂ ਹੈ। ਕਲਾ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਦੇ ਹਾਲਾਤ ਨੂੰ ਦੇਖਦਿਆਂ ਉਸ ਨੂੰ ਜ਼ਰੂਰ ਸੰਭਾਲਣਾ ਚਾਹੀਦਾ ਹੈ, ਇਹ ਇੱਕ ਫ਼ਿਲਮੀ ਜਗਤ ਲਈ ਵੱਡੀ ਜ਼ਿੰਮੇਵਾਰੀ ਹੈ ।ਹੁਣ ਦੇਖਣਾ ਇਹ ਹੋਵੇਗਾ ਕਿ ਮੀਡੀਆ ਵਿੱਚ ਉਸ ਦੀ ਹਾਲਤ ਬਿਆਨ ਹੋਣ ਤੋਂ ਬਾਅਦ ਕਿੰਨੇ ਫ਼ਿਲਮੀ ਜਗਤ ਦੇ ਲੋਕ ਉਸ ਦੀ ਬਾਂਹ ਫੜਦੇ ਹਨ।