ਗੁਰਦਾਸਪੁਰ (ਨਿਤਿਨ ਲੁਥਰਾ) ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਭਗਤੂਪੁਰ ਦੇ ਵਿੱਚ ਨਾਨਕੇ ਰਹਿ ਰਹੇ ਨੌਜਵਾਨ ਸਿਮਰਜੀਤ ਸਿੰਘ ਦੇ ਵੱਲੋਂ ਪਾਣੀ ਟੈਂਕੀ ਦੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਘੁਮਾਣ ਦੇ ਪੁਲਿਸ ਅਧਿਕਾਰੀ ਏਐਸਆਈ ਬਘੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਨੇ ਫੋਨ ਤੇ ਸੂਚਨਾ ਦਿੱਤੀ ਕਿ ਪਿੰਡ ਦੀ ਪਾਣੀ ਵਾਲੀ ਟੈਂਕੀ ਦੇ ਉੱਤੇ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਸਿਮਰਨਜੀਤ ਸਿੰਘ ਜੋ ਕਿ ਚਾਰ ਸਾਲ ਦੀ ਉਮਰ ਤੋਂ ਹੀ ਆਪਣੇ ਨਾਨੇ ਬਲਬੀਰ ਸਿੰਘ ਭਗਤੂਪੁਰ ਦੇ ਕੋਲ ਰਹਿ ਰਿਹਾ ਸੀ। ਉਸਦੇ ਨਾਨੇ ਨੇ ਉਸ ਨੂੰ ਪਾਲਿਆ ਸੀ ਤੇ ਉਹ ਆਪਣੇ ਮਾਮੇ ਤਰਸੇਮ ਸਿੰਘ ਦੇ ਨਾਲ ਸਬਜ਼ੀ ਦਾ ਕੰਮ ਕਰਦਾ ਸੀ।
ਮਾਮੇ ਤਰਸੇਮ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਮ੍ਰਿਤਕ ਪਿਛਲੇ ਦੋ ਦਿਨਾਂ ਤੋਂ ਘਰ ਨਹੀਂ ਆਇਆ ਸੀ ਜਿਸ ਦੀ ਉਨ੍ਹਾਂ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਪਰ ਅੱਜ ਸ਼ਨੀਵਾਰ ਸਵੇਰੇ ਪਿੰਡ ਦੀ ਵਾਟਰ ਸਪਲਾਈ ਟੈਂਕੀ ਦੇ ਕੋਲ ਗਲ ਵਿੱਚ ਰੱਸੀ ਪਈ ਹੋਈ ਸਿਨਰਨਜੀਤ ਸਿੰਘ ਦੀ ਲਾਸ਼ ਲਟਕ ਰਹੀ ਸੀ।
ਪਿੰਡ ਦੇ ਲੋਕ ਕਹਿ ਰਹੇ ਹਨ, ਕਿ ਨੌਜਵਾਨ ਨੇ ਆਤਮਹਤਿਆ ਨਹੀਂ ਕੀਤੀ ਬਲਕਿ ਉਸਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਇਸ ਘਟਨਾ ਸਬੰਧੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।