ਮੋਹਾਲੀ 'ਚ ਇੱਕ ਅਪਰਾਧੀ ਦੀ ਗ੍ਰਿਫ਼ਤਾਰੀ ਨਾਲ ਸੰਭਾਵਿਤ ਕਤਲ ਦੀ ਕੋਸ਼ਿਸ਼ ਟਲੀ: ਪੰਜਾਬ ਪੁਲਿਸ
ਉਸ ਖਿਲਾਫ਼ ਪਹਿਲਾਂ ਵੀ ਸੂਬੇ ਵਿਚ ਫਿਰੌਤੀ, ਅਸਲਾ ਕਾਨੂੰਨ, ਸਨੈਚਿੰਗ, ਡਕੈਤੀ ਸਮੇਤ 6 ਮਾਮਲੇ ਦਰਜ ਹਨ।
ਚੰਡੀਗੜ੍ਹ - ਪੰਜਾਬ ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੇ ਮੋਹਾਲੀ ਦੇ ਖਰੜ ਇਲਾਕੇ ਤੋਂ ਇੱਕ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਗ੍ਰਿਫ਼ਤਾਰੀ ਨਾਲ ਸੂਬੇ ਵਿਚ ਇੱਕ ਕਤਲ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਸਿੰਧਵਾਂ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਉਰਫ਼ ਗੁਰੀ ਸ਼ੇਰਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਖਿਲਾਫ਼ ਪਹਿਲਾਂ ਵੀ ਸੂਬੇ ਵਿਚ ਫਿਰੌਤੀ, ਅਸਲਾ ਕਾਨੂੰਨ, ਸਨੈਚਿੰਗ, ਡਕੈਤੀ ਸਮੇਤ 6 ਮਾਮਲੇ ਦਰਜ ਹਨ।
ਪੁਲਿਸ ਨੇ ਦੱਸਿਆ ਕਿ ਗੁਰੀ ਸ਼ੇਰਾ ਕੋਲੋਂ ਦੋ 30 ਕੈਲੀਬਰ ਪਿਸਤੌਲ, ਇੱਕ 32 ਕੈਲੀਬਰ ਪਿਸਤੌਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਸ਼ਨੀਵਾਰ ਨੂੰ ਖਰੜ ਦੇ ਨਡਿਆਲਾ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਗੁਰੀ ਸ਼ੇਰਾ ਆਪਣੇ ਸਾਥੀ ਸਮੇਤ ਪਟਿਆਲਾ ਦੇ ਪਿੰਡ ਮਲਕਪੁਰ ਜੱਟਾਂ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਜੌਨੀ ਵਜੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਦਾ ਧੰਦਾ ਕਰਦਾ ਸੀ।
ਉਸ ਖਿਲਾਫ ਥਾਣਾ ਖਰੜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਭੁੱਲਰ ਨੇ ਦੱਸਿਆ ਕਿ ਮੁਢਲੀ ਜਾਂਚ ਦੌਰਾਨ ਗੁਰੀ ਨੇ ਖੁਲਾਸਾ ਕੀਤਾ ਕਿ ਉਸ ਨੂੰ ਯੂਰਪ ਦੇ ਕਿਸੇ ਵਿਅਕਤੀ ਨੇ ਪੰਜਾਬ ਦੇ ਇੱਕ ਵੱਡੇ ਸ਼ਹਿਰ ਵਿੱਚ ਇੱਕ ਵਿਅਕਤੀ ਦਾ ਕਤਲ ਕਰਨ ਲਈ ਕਿਰਾਏ 'ਤੇ ਲਿਆ ਸੀ।