PLC ਨੇ ਕਾਂਗਰਸ ਨੂੰ ਦਿੱਤਾ ਚੈਲੰਜ, 'ਗਿੱਦੜ ਧਮਕੀਆਂ ਦੇਣ ਦੀ ਬਜਾਏ ਪ੍ਰਨੀਤ ਕੌਰ ਖਿਲਾਫ਼ ਕਾਰਵਾਈ ਕਰਕੇ ਦਿਖਾਓ'
ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਦਿੱਤੀ ਹੈ ਤੇ ਨਵੀਂ ਪਾਰਟੀ ਬਣਾ ਲਈ ਹੈ ਉਹਨਾਂ ਦਾ ਕਾਂਗਰਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਚੰਡੀਗੜ੍ਹ - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਲੈ ਕੇ ਪੰਜਾਬ 'ਚ ਵਿਵਾਦ ਵਧ ਗਿਆ ਹੈ। ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਪ੍ਰਨੀਤ ਕੌਰ ਖ਼ਿਲਾਫ਼ ਕਾਰਵਾਈ ਕਰਕੇ ਦਿਖਾਓ। ਇਹ ਚੁਣੌਤੀ ਉਦੋਂ ਦਿੱਤੀ ਗਈ ਜਦੋਂ ਕਾਂਗਰਸ ਦੇ ਨਵੇਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪ੍ਰਨੀਤ ਹੁਣ ਕਾਂਗਰਸ ਵਿਚ ਨਹੀਂ ਹੈ। ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਨਵੀਂ ਪਾਰਟੀ ਬਣਾਈ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਿ ਪ੍ਰਨੀਤ ਕੌਰ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਹੈ। ਮੈਂ ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕਹਿ ਰਿਹਾ ਹਾਂ। ਮੈਂ ਇਹ ਅਧਿਕਾਰਤ ਤੌਰ 'ਤੇ ਕਹਿ ਰਿਹਾ ਹਾਂ। ਇਸ ਤੋਂ ਪਹਿਲਾਂ ਵੀ ਰਾਜਾ ਵੜਿੰਗ ਨੇ ਇੱਕ ਜਨਤਕ ਮੀਟਿੰਗ ਵਿਚ ਕਿਹਾ ਸੀ ਕਿ ਜਦੋਂ ਤੱਕ ਉਹ ਕਾਂਗਰਸ ਵਿਚ ਹਨ, ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੂੰ ਕਾਂਗਰਸ ਵਿਚ ਨਹੀਂ ਰਹਿਣ ਦੇਣਗੇ।
ਕੈਪਟਨ ਦੀ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਿਹਾ ਕਿ ਜਿੰਨੀ ਰਾਜਾ ਵੜਿੰਗ ਦੀ ਉਮਰ ਹੈ ਉਸ ਤੋਂ ਵੱਧ ਸਮਾਂ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਨੇ ਕਾਂਗਰਸ ਨੂੰ ਦਿੱਤਾ ਹੈ। ਕੈਪਟਨ ਅਮਰਿੰਦਰ ਦਾ ਕਾਂਗਰਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਹਾਰਾਣੀ ਪ੍ਰਨੀਤ ਦਾ ਫੈਸਲਾ ਕਾਂਗਰਸ
ਹਾਈਕਮਾਂਡ ਨੇ ਲੈਣਾ ਹੈ। ਬੱਲੀਏਵਾਲ ਨੇ ਕਿਹਾ ਕਿ ਕਾਰਵਾਈ ਕਰ ਕੇ ਦਿਖਾਓ ਨਹੀਂ ਤਾਂ ਅਜਿਹੇ ਡਰਾਮੇ ਕਰਨ ਦੀ ਲੋੜ ਨਹੀਂ। ਅਜਿਹੇ 'ਚ ਚੋਣਾਂ ਦੌਰਾਨ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਆਪਣੇ ਪਤੀ ਕੈਪਟਨ ਲਈ ਖੁੱਲ੍ਹ ਕੇ ਚੋਣ ਪ੍ਰਚਾਰ ਕੀਤਾ ਸੀ। ਇਸ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਦਾਅਵਾ ਕੀਤਾ ਕਿ ਪ੍ਰਨੀਤ ਨੂੰ ਨੋਟਿਸ ਭੇਜਿਆ ਗਿਆ ਹੈ। ਹਾਲਾਂਕਿ ਪ੍ਰਨੀਤ ਨੇ ਇਸ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ।