ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਅਧਿਆਪਕ, ਪੁਲਿਸ ਨਾਲ ਹੋਈ ਖਿੱਚ-ਧੂਹ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕਾਂ ਨੇ ਪੁਲਿਸ ਦੀ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਤਕਰਾਰ ਹੋ ਗਈ

Teachers Protest

 

ਬਰਨਾਲਾ : ਸਰਕਾਰ ਜਿਹੜੀ ਮਰਜ਼ੀ ਹੋਵੇ ਪਰ ਅਧਿਆਪਕਾਂ ਦੀ ਸੁਣਵਾਈ ਅਜੇ ਤੱਕ ਨਹੀਂ ਹੋਈ ਤੇ ਨਾ ਹੀ ਅਧਿਆਪਕ ਪੱਕੇ ਹੋਏ ਹਨ ਜਿਸ ਦੇ ਮੱਜੇਨਜ਼ਰ ਕੱਚੇ ਅਧਿਆਪਕ ਅਪਣੀਆਂ ਮੰਗਾਂ ਨੂੰ ਲੈ ਕੇ ਆਏ ਦਿਨ ਪ੍ਰਦਰਸ਼ਨ ਕਰਦੇ ਹਨ। ਇਸ ਦੇ ਚੱਲਦਿਆਂ ਅੱਜ ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੀ ਸੀ ਕਿ ਪੁਲਿਸ ਨੇ ਅੱਗੇ ਬੈਰੀਕੇਡ ਲਗਾ ਲਏ। ਜਦੋਂ ਅਧਿਆਪਕਾਂ ਨੇ ਪੁਲਿਸ ਦੀ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਪੁਲਿਸ ਨਾਲ ਤਕਰਾਰ ਹੋ ਗਈ ਤੇ ਸ਼ਾਇਦ ਕੁੱਝ ਅਧਿਆਪਕ ਜਖ਼ਮੀ ਵੀ ਹੋ ਗਏ ਹਨ।

ਪੀਟੀਆਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਦੋਸ਼ ਲਾਇਆ ਕਿ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉਹੀ ਵਿਅਕਤੀ ਹਨ, ਜੋ ਯੂਨੀਅਨ ਨਾਲ ਪਾਣੀ ਦੀਆਂ ਟੈਂਕੀਆਂ ’ਤੇ ਧਰਨੇ ’ਤੇ ਬੈਠਦੇ ਸਨ ਤੇ ਸਵੇਰੇ 4 ਵਜੇ ਉੱਠ ਕੇ ਯੂਨੀਅਨ ਦੇ ਧਰਨੇ ਵਿਚ ਸ਼ਾਮਲ ਹੁੰਦੇ ਸਨ ਪਰ ਅੱਜ ਉਹ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਤੇ ਨਾ ਹੀ ਸਾਨੂੰ ਮਿਲ ਰਹੇ ਹਨ।