ਚੰਡੀਗੜ੍ਹ 'ਚ ਵਿਅਕਤੀ ਨਾਲ ਠੱਗੀ, ਠੱਗਾਂ ਨੇ ਵਟਸਐਪ 'ਤੇ ਭੇਜਿਆ ਲਿੰਕ, ਕਲਿੱਕ ਕਰਦੇ ਹੀ ਉੱਡੇ 16.91 ਲੱਖ ਰੁਪਏ  

ਏਜੰਸੀ

ਖ਼ਬਰਾਂ, ਪੰਜਾਬ

ਪੀੜਤ ਨੇ ਥਾਣਾ ਸਾਈਬਰ ਕਰਾਈਮ ਸੈਕਟਰ-17 ਵਿਖੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

Cyber Crime

 

ਚੰਡੀਗੜ੍ਹ - ਚੰਡੀਗੜ੍ਹ ਦੇ ਪਿੰਡ ਬਹਿਲਾਣਾ ਦੇ ਇੱਕ ਵਿਅਕਤੀ ਨਾਲ ਸਾਈਬਰ ਅਪਰਾਧੀਆਂ ਨੇ 16 ਲੱਖ 91 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਸਾਈਬਰ ਠੱਗਾਂ ਨੇ ਪੀੜਤ ਦੇ ਵਟਸਐਪ 'ਤੇ ਇਕ ਲਿੰਕ ਭੇਜਿਆ ਸੀ, ਜਿਸ 'ਤੇ ਕਲਿੱਕ ਕਰਨ 'ਤੇ ਸਾਈਬਰ ਠੱਗਾਂ ਨੇ ਇਕ ਪਲ 'ਚ ਉਸ ਦਾ ਖਾਤਾ ਖਾਲੀ ਕਰ ਦਿੱਤਾ। ਪੀੜਤ ਨੇ ਥਾਣਾ ਸਾਈਬਰ ਕਰਾਈਮ ਸੈਕਟਰ-17 ਵਿਖੇ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਪਿੰਡ ਬਹਿਲਾਣਾ ਵਾਸੀ ਅਲੋਕ ਕੁਮਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਵਟਸਐਪ ’ਤੇ ਲਿੰਕ ਭੇਜਿਆ ਸੀ। ਜਿਵੇਂ ਹੀ ਉਸ ਨੇ ਲਿੰਕ 'ਤੇ ਕਲਿੱਕ ਕੀਤਾ, ਸਾਈਬਰ ਠੱਗਾਂ ਨੇ ਉਸ ਦੇ ਖਾਤੇ 'ਚੋਂ ਉਸ ਦੀ ਮਿਹਨਤ ਦੀ ਕਮਾਈ 'ਚੋਂ 16 ਲੱਖ 91 ਹਜ਼ਾਰ ਰੁਪਏ ਕੱਢ ਲਏ। ਪੁਲਿਸ ਨੇ ਸ਼ਿਕਾਇਤ 'ਤੇ ਆਈਪੀਸੀ ਦੀ ਧਾਰਾ 419, 420, 120ਬੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜੇਕਰ ਤੁਸੀਂ ਵੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਵੋ, ਤਾਂ ਤੁਰੰਤ 1930 'ਤੇ ਕਾਲ ਕਰੋ। ਆਪਣੇ ਨਜ਼ਦੀਕੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਦਿਓ। ਸਾਈਬਰ ਮਾਹਿਰਾਂ ਅਨੁਸਾਰ ਸ਼ਿਕਾਇਤ ਮਿਲਦੇ ਹੀ ਸਾਈਬਰ ਟੀਮ ਬੈਂਕ ਨੋਡਲ ਅਫ਼ਸਰ ਨੂੰ ਸੂਚਿਤ ਕਰਦੀ ਹੈ। ਨੋਡਲ ਅਫ਼ਸਰ ਆਪਣੇ ਬੈਂਕਾਂ ਵਿਚ ਫਰਜ਼ੀ ਲੈਣ-ਦੇਣ 'ਤੇ ਤੁਰੰਤ ਕਾਰਵਾਈ ਕਰਦੇ ਹਨ।