ਕਿਸ਼ਤੀ ਡੁੱਬਣ ਕਾਰਨ ਇਕ ਵਿਅਕਤੀ ਦੀ ਮੌਤ ਤੇ ਇਕ ਲਾਪਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਤਲੁਜ ਦਰਿਆ ਪਾਰ ਖੇਤਾਂ 'ਚ ਕੰਮ ਕਰ ਕੇ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ

Punjab News

ਰੋਪੜ : ਨੂਰਪੁਰਬੇਦੀ ਦੇ ਅਧੀਨ ਪੈਂਦੇ ਪਿੰਡ ਚੌਂਤਾ 'ਚ ਉਸ ਵੇਲੇ ਭਿਆਨਕ ਹਾਦਸਾ ਵਾਪਰਿਆ ਜਦੋਂ ਸਤਲੁਜ ਦਰਿਆ ਦੇ ਦੂਜੇ ਪਾਸੇ ਅਪਣੇ ਖੇਤਾਂ ਵਿਚ ਕੰਮ ਕਰ ਕੇ ਵਾਪਸ ਘਰ ਆਉਂਦੇ ਸਮੇਂ ਦਰਿਆ 'ਚ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਲਾਪਤਾ ਹੋ ਗਿਆ ਹੈ।

ਜਾਣਕਾਰੀ ਮੁਤਾਬਕ ਰਾਮ ਲੁਭਾਇਆ ਪੁੱਤਰ ਹਰਦੇਵ ਲਾਲ ਉਮਰ ਕਰੀਬ 32 ਸਾਲ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਲਾਸ਼ ਕੁਝ ਸਮੇਂ ਬਾਅਦ ਦਰਿਆ 'ਚੋਂ ਬਾਹਰ ਕੱਢੀ ਗਈ ਜਦਕਿ ਦੂਜਾ ਵਿਅਕਤੀ ਭਗਤ ਰਾਮ ਪੁੱਤਰ ਸਦਾ ਰਾਮ ਅਜੇ ਲਾਪਤਾ ਹੈ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਨੌਜਵਾਨ ਦੀ ਮੌਤ

ਜ਼ਿਕਰਯੋਗ ਹੈ ਕਿ ਇਹ ਦੋਵੇਂ ਵਿਅਕਤੀ ਮੂਸਾਪੁਰ ਦੇ ਰਹਿਣ ਵਾਲੇ ਸਨ ਤੇ ਖੇਤਾਂ 'ਚ ਕੰਮ ਕਰਨ ਲਈ ਦਰਿਆ ਪਾਰ ਗਏ ਸਨ। ਕੰਮ ਤੋਂ ਵਾਪਸ ਆਉਂਦੇ ਸਮੇਂ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਤੁਰਤ ਹਸਪਤਾਲ 'ਚ ਪੰਜਾਬੀ ਮੋਰਚਾ ਦੇ ਕੌਮੀ ਕਨਵੀਨਰ ਗੌਰਵ ਰਾਣਾ ਵੀ ਪਹੁੰਚੇ, ਜਿਨ੍ਹਾਂ ਨੇ ਅਚਾਨਕ ਵਾਪਰੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਉਕਤ ਵਿਅਕਤੀ ਦੇ ਪ੍ਰਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ।

ਦਸਣਯੋਗ ਹੈ ਕਿ ਪਿੰਡ ਚੌਂਤਾ ਦੇ ਸਤਲੁਜ ਦਰਿਆ ਤੋਂ ਪਾਰ ਖੇਤ ਹਨ ਅਤੇ ਖੇਤਾਂ 'ਚ ਕੰਮ ਕਰਨ ਜਾਣ ਲਈ ਇਹ ਕਿਸਾਨ ਕਿਸ਼ਤੀ ਦੀ ਵਰਤੋਂ ਕਰਦੇ ਹਨ। ਰਾਤ ਸਮੇਂ ਜਦੋਂ ਉਕਤ ਵਿਅਕਤੀ ਅਤੇ ਹੋਰ ਪਿੰਡ ਵਾਸੀ ਖੇਤਾਂ ਵਿਚ ਕੰਮ ਕਰਨ ਤੋਂ ਬਾਅਦ ਅਪਣੇ ਘਰ ਪਰਤ ਰਹੇ ਸਨ ਤਾਂ ਸ਼ਾਮ 6 ਵਜੇ ਦੇ ਕਰੀਬ ਇਹ ਹਾਦਸਾ ਵਾਪਰ ਗਿਆ।