ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰਫੋਰਸ ਹੈਰੀਟੇਜ ਸੈਂਟਰ ਦਾ ਕੀਤਾ ਉਦਘਾਟਨ, ਪੂਰੇ ਸੈਂਟਰ ਦਾ ਕੀਤਾ ਦੌਰਾ 

ਏਜੰਸੀ

ਖ਼ਬਰਾਂ, ਪੰਜਾਬ

ਏਅਰਫੋਰਸ ਹੈਰੀਟੇਜ ਸੈਂਟਰ ਦੇ ਉਦਘਾਟਨ ਦੇ ਮੌਕੇ ਕਈ ਸੈਨਿਕ ਅਤੇ ਪੁਲਸ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ। 

Union Defense Minister Rajnath Singh inaugurated the Air Force Heritage Centre

 

ਚੰਡੀਗੜ੍ਹ - ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਚੰਡੀਗੜ੍ਹ ਦੇ ਸੈਕਟਰ 18 ਵਿਚ ਤਿਆਰ ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਨੇ ਇਸ ਸੈਂਟਰ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ ਹੈ। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਰੱਖਿਆ ਮੰਤਰੀ ਦਾ ਸੁਆਗਤ ਕੀਤਾ। ਏਅਰਫੋਰਸ ਹੈਰੀਟੇਜ ਸੈਂਟਰ ਦੇ ਉਦਘਾਟਨ ਦੇ ਮੌਕੇ ਕਈ ਸੈਨਿਕ ਅਤੇ ਪੁਲਸ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ। 

ਇਸ ਤੋਂ ਬਾਅਦ ਰੱਖਿਆ ਮੰਤਰੀ ਨੇ ਪੰਜਾਬ ਦੇ ਗਵਰਨਰ ਅਤੇ ਹੋਰਾਂ ਦੇ ਨਾਲ ਪੂਰੇ ਸੈਂਟਰ ਦਾ ਦੌਰਾ ਕੀਤਾ ਤੇ ਦੌਰਾ ਕਰ ਕੇ ਉਹ ਪੰਜਾਬ ਦੇ ਰਾਜਪਾਲ ਨਾਲ ਸੈਂਟਰ ਵਿਚੋਂ ਨਿਕਲ ਗਏ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸ਼ਹਿਰ ਵਿਚ ਆਮਦ ਮੌਕੇ ਏਅਰਪੋਰਟ ਲਾਈਟ ਪੁਆਇੰਟ ਤੋਂ ਲੈ ਕੇ ਸੈਕਟਰ-17/18 ਦੇ ਲਾਈਟ ਪੁਆਇੰਟ ਤੱਕ ਹਰ ਥਾਂ ਟ੍ਰੈਫਿਕ ਪੁਲਸ ਤੇ ਥਾਣਾ ਸਦਰ ਪੁਲਸ ਤੇ ਹੋਰ ਪੁਲਸ ਮੁਲਾਜ਼ਮ ਮੌਜੂਦ ਸਨ। ਟ੍ਰੈਫਿਕ ਪੁਲਸ ਦੇ ਨਾਲ-ਨਾਲ ਪੁਲਸ ਕੰਟਰੋਲ ਰੂਮ ਦਾ ਸਟਾਫ ਵੀ ਹਾਈ ਅਲਰਟ 'ਤੇ ਰਿਹਾ ਤਾਂ ਜੋ ਰੱਖਿਆ ਮੰਤਰੀ ਦੇ ਰੂਟ ਦੌਰਾਨ ਕੋਈ ਗੜਬੜ ਨਾ ਹੋ ਸਕੇ। 

ਇਸ ਤੋਂ ਪਹਿਲਾਂ ਪੁਲਸ ਨੇ ਏਅਰਪੋਰਟ ਲਾਈਟ ਪੁਆਇੰਟ ਤੋਂ ਪ੍ਰੈਸ ਲਾਈਟ ਪੁਆਇੰਟ-17 ਅਤੇ ਸੈਕਟਰ-8 ਸਥਿਤ ਗੁਰਦੁਆਰਾ ਸਾਹਿਬ ਤੱਕ ਟਰੈਫਿਕ ਦਾ ਰਸਤਾ ਮੋੜ ਦਿੱਤਾ ਅਤੇ ਲੋਕਾਂ ਦੇ ਆਉਣ ਜਾਣ ਨੂੰ ਸੀਮਤ ਕਰ ਦਿੱਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਫੌਜ ਦੇ ਵਿਸ਼ੇਸ਼ ਜਹਾਜ਼ ਵਿਚ ਚੰਡੀਗੜ੍ਹ ਟੈਕਨੀਕਲ ਏਅਰਪੋਰਟ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਦਾ ਕਾਫਲਾ ਸੈਕਟਰ-17/18 ਪ੍ਰੈੱਸ ਲਾਈਟ ਪੁਆਇੰਟ 'ਤੇ ਸੈਕਟਰ-18 'ਚ ਬਣੇ ਇੰਡੀਅਨ ਏਅਰ ਫੋਰਸ ਹੈਰੀਟੇਜ ਸੈਂਟਰ ਪਹੁੰਚਿਆ। 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਅਰ ਫੋਰਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੀ ਦੁਕਾਨ ਦਾ ਵੀ ਦੌਰਾ ਕੀਤਾ। ਇਸ ਤੋਂ ਬਾਅਦ ਹੈਰੀਟੇਜ ਸੈਂਟਰ ਨੂੰ ਹਵਾਈ ਸੈਨਾ ਦੇ ਅਧਿਕਾਰੀਆਂ ਵੱਲੋਂ ਸਕੱਤਰ ਸੱਭਿਆਚਾਰ ਚੰਡੀਗੜ੍ਹ ਨੂੰ ਸੌਂਪਿਆ ਗਿਆ। ਰੱਖਿਆ ਮੰਤਰੀ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।

ਆਮ ਲੋਕ ਮੰਗਲਵਾਰ ਤੋਂ ਏਅਰਫੋਰਸ ਹੈਰੀਟੇਜ ਸੈਂਟਰ ਵਿਚ ਦਾਖਲ ਹੋ ਸਕਣਗੇ। ਹਾਲਾਂਕਿ ਇੱਥੇ ਆਉਣ ਲਈ ਚੰਡੀਗੜ੍ਹ ਪ੍ਰਸ਼ਾਸਨ ਦੀ ਸੈਰ-ਸਪਾਟਾ ਨਾਲ ਸਬੰਧਤ ਮੋਬਾਈਲ ਐਪ ਰਾਹੀਂ ਅੱਜ (ਸੋਮਵਾਰ) ਤੋਂ ਬੁਕਿੰਗ ਸ਼ੁਰੂ ਹੋ ਗਈ ਹੈ।

ਏਅਰਫੋਰਸ ਹੈਰੀਟੇਜ ਸੈਂਟਰ ਦੇ ਨਿਯਮ 
1. ਇੱਕ ਦਿਨ ਵਿਚ, 75 ਲੋਕ ਸਿਮੂਲੇਟਰ 'ਤੇ ਲੜਾਕੂ ਜਹਾਜ਼ ਉਡਾਉਣ ਦਾ ਅਨੁਭਵ ਕਰ ਸਕਣਗੇ, ਫੀਸ 295 ਰੁਪਏ ਹੈ।
2. ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਲੋਕ ਆ ਸਕਣਗੇ। 
3. ਏਅਰ ਫੋਰਸ ਹੈਰੀਟੇਜ ਸੈਂਟਰ ਦਾ ਦੌਰਾ ਕਰਨ ਲਈ ਕੁੱਲ ਤਿੰਨ ਸਲਾਟ ਹੋਣਗੇ, ਹਰੇਕ ਸਲਾਟ ਵਿਚ 25 ਲੋਕ ਆਉਣ ਦੇ ਯੋਗ ਹੋਣਗੇ। 

4. ਤਿੰਨੋਂ ਸਲਾਟਾਂ ਦਾ ਸਮਾਂ ਸਵੇਰੇ 10 ਵਜੇ, ਦੁਪਹਿਰ 12 ਵਜੇ ਅਤੇ ਦੁਪਹਿਰ 3 ਵਜੇ ਦਾ ਹੋਵੇਗਾ।  
5. 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ 50 ਰੁਪਏ ਫੀਸ ਹੈ ਜੋ ਸਿਮੂਲੇਟਰ ਦਾ ਤਜਰਬਾ ਕੀਤੇ ਬਿਨਾਂ ਸਿਰਫ਼ ਕੇਂਦਰ ਦਾ ਦੌਰਾ ਕਰਨ ਲਈ ਆਉਂਦੇ ਹਨ।
6. 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਦਾਖਲਾ ਮੁਫਤ ਰੱਖਿਆ ਗਿਆ ਹੈ।
7. ਕੇਂਦਰ ਅਤੇ ਸਿਮੂਲੇਟਰਾਂ ਦਾ ਦੌਰਾ ਕਰਨ ਲਈ ਬੁਕਿੰਗ ਸੈਰ-ਸਪਾਟਾ ਵਿਭਾਗ ਦੀ ਮੋਬਾਈਲ ਐਪ ਰਾਹੀਂ ਕੀਤੀ ਜਾ ਸਕਦੀ ਹੈ।