Ludhiana News : ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦਾ ਵਿਰੋਧ , ਸੋਸ਼ਲ ਮੀਡਿਆ 'ਤੇ ਆਖੀ ਇਹ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰ ਪਿੰਡ 'ਚ ਦਿੱਤੀਆਂ ਗ੍ਰਾਂਟਾਂ, ਕਿਸੇ 'ਤੇ ਵੀ ਝੂਠਾ ਪਰਚਾ ਦਰਜ ਨਹੀਂ ਕਰਵਾਇਆ : ਰਵਨੀਤ ਬਿੱਟੂ

Ravneet Bittu

Ludhiana News : ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪ੍ਰਚਾਰ ਸਿਖਰਾਂ 'ਤੇ ਹੈ। ਇਸ ਦੌਰਾਨ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਪਿੰਡਾਂ ਵਿੱਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਕਿਸਾਨ ਰਵਨੀਤ ਬਿੱਟੂ ਨੂੰ ਕਾਲੀਆਂ ਝੰਡੀਆਂ ਦਿਖਾਉਣ ਦੀ ਚਿਤਾਵਨੀ ਤੱਕ ਦੇ ਚੁੱਕੇ ਹਨ। ਕੁਝ ਪਿੰਡਾਂ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਭਾਜਪਾ ਦੇ ਬੂਥ ਨਹੀਂ ਲੱਗਣ ਦੇਣਗੇ। ਕਿਸਾਨਾਂ ਦੇ ਇਸ ਗੁੱਸੇ ਤੋਂ ਰਵਨੀਤ ਸਿੰਘ ਬਿੱਟੂ ਕਾਫੀ ਪ੍ਰੇਸ਼ਾਨ ਹਨ।

ਇਸ ਮਗਰੋਂ ਰਵਨੀਤ ਸਿੰਘ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਕਿਹਾ ਕਿ ਉਹ ਹਰ ਸਮੇਂ ਕਿਸਾਨਾਂ ਦੇ ਨਾਲ ਖੜੇ ਰਹੇ ਹਨ। ਉਨ੍ਹਾਂ ਹਰ ਪਿੰਡ ਵਿੱਚ ਗਰਾਂਟਾਂ ਵੀ ਵੰਡੀਆਂ ਹਨ। ਕਦੇ ਵੀ ਕਿਸੇ ਕਿਸਾਨ ਵਿਰੁੱਧ ਝੂਠਾ ਪਰਚਾ ਦਰਜ ਨਹੀਂ ਕਰਵਾਇਆ ,ਫਿਰ ਵੀ ਕਿਸਾਨ ਇਨ੍ਹਾਂ ਦਾ ਵਿਰੋਧ ਕਿਉਂ ਕਰ ਰਹੇ ਹਨ? 

ਬਿੱਟੂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਮੰਗਾਂ ਸਬੰਧੀ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਇਸ ਦੇ ਨਾਲ ਹੀ ਬਿੱਟੂ ਨੇ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਦੌਰਾਨ ਉਹ ਪੂਰਾ ਸਾਲ ਫੁੱਟਪਾਥ 'ਤੇ ਟੈਂਟ ਲਗਾ ਕੇ ਬੈਠੇ ਰਹੇ ਸਨ। ਆਪਣੇ ਬੱਚਿਆਂ ਦਾ ਜਨਮਦਿਨ ਤੱਕ ਉਨ੍ਹਾਂ ਨੇ ਉੱਥੇ ਹੀ ਕੇਕ ਕੱਟ ਕੇ ਮਨਾਇਆ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ।

ਬਿੱਟੂ ਨੇ ਕਿਹਾ ਉਸ ਸਮੇਂ ਵਿਰੋਧੀ ਧਿਰ ਵਿੱਚ ਆਮ ਆਦਮੀ ਪਾਰਟੀ ਦੇ 18 ਵਿਧਾਇਕ ਸਨ। ਉਸ ਸਮੇਂ ਨਾ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਸਾਨਾਂ ਦਾ ਹਾਲ ਜਾਣਿਆ ਅਤੇ ਨਾ ਹੀ ਉਸ ਵੇਲੇ ਦੀ ਮੌਜੂਦਾ ਸਰਕਾਰ ਨੇ ਕਿਸਾਨਾਂ ਦਾ ਸਾਥ ਦਿੱਤਾ। ਬਿੱਟੂ ਨੇ ਕਿਹਾ ਕਿ ਉਹ ਪੇਂਡੂ ਖੇਤਰਾਂ ਦੇ ਵਿਕਾਸ ਲਈ ਹੀ ਭਾਜਪਾ ਵਿੱਚ ਸ਼ਾਮਲ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਹੀ ਪੰਜਾਬ ਦੇ ਪੇਂਡੂ ਖੇਤਰਾਂ ਵਿੱਚ ਵਿਕਾਸ ਲਿਆ ਸਕਦੇ ਹਨ।