ਉਦਯੋਗ ਮੰਤਰੀ ਵਲੋਂ ਪੰਜਾਬ 'ਚ ਵਪਾਰ ਨੂੰ ਸੁਖਾਲਾ ਬਣਾਉਣ ਲਈ 'ਬਿਜ਼ਨਸ ਫ਼ਸਟ ਪੋਰਟਲ' ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਲੋਂ ਅੱਜ ਜਲੰਧਰ ਵਿਖੇ 'ਬਿਜ਼ਨਸ਼ ਫ਼ਸਟ ਪੋਰਟਲ' ਨੂੰ ਜਾਰੀ ਕੀਤਾ ਗਿਆ। ਇਹ ਆਨਲਾਈਨ ਪੋਰਟਲ ਉਦਯੋ...

Business First Portal

ਜਲੰਧਰ (ਸਟਾਫ਼ ਰੀਪੋਰਟਰ, ਸੁਦੇਸ਼) : ਸੂਬੇ ਵਿਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵਲੋਂ ਅੱਜ ਜਲੰਧਰ ਵਿਖੇ 'ਬਿਜ਼ਨਸ਼ ਫ਼ਸਟ ਪੋਰਟਲ' ਨੂੰ ਜਾਰੀ ਕੀਤਾ ਗਿਆ। ਇਹ ਆਨਲਾਈਨ ਪੋਰਟਲ ਉਦਯੋਗਪਤੀਆਂ ਨੂੰ ਉਦਯੋਗਾਂ ਲਈ ਪੂੰਜੀ ਨਿਵੇਸ਼ ਸਮੇਤ ਹਰ ਤਰ੍ਹਾਂ ਦੀ ਪ੍ਰਵਾਨਗੀ ਲੈਣ ਲਈ ਇਕੋ ਪਲੇਟਫ਼ਾਰਮ 'ਤੇ ਸਹੂਲਤ ਪ੍ਰਦਾਨ ਕਰੇਗਾ।

ਅੱਜ ਇਥੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਉਦਯੋਗ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਨਵੀਂ ਉਦਯੋਗ ਨੀਤੀ ਤਹਿਤ ਸੂਬੇ ਦੇ ਉਦਯੋਗਪਤੀਆਂ ਨੂੰ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਦਾ ਫ਼ੈਸਲਾ ਲਿਆ ਹੈ। ਉਦਯੋਗ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵਲੋਂ ਵੈਟ ਰਿਫ਼ੰਡ ਦੇ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਹਰ ਦੋ ਮਹੀਨੇ ਬਾਅਦ 300 ਕਰੋੜ ਰੁਪਏ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਤੋਂ ਇਲਾਵਾ ਸੂਬੇ ਭਰ ਵਿਚ ਵੈਟ ਰਿਫ਼ੰਡ ਦੇ ਸਾਰੇ ਮਾਮਲਿਆਂ ਨੂੰ ਦਸੰਬਰ 2018 ਤਕ ਨਿਪਟਾਏ ਜਾਣ ਦੇ ਹੁਕਮ ਵੀ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿੱਤ ਵਿਭਾਗ ਵਲੋਂ ਵੀ ਮਨਜ਼ੂਰੀ ਦਿਤੀ ਜਾ ਚੁੱਕੀ ਹੈ। ਸ੍ਰੀ ਅਰੋੜਾ ਨੇ ਇਹ ਵੀ ਜਾਣਕਾਰੀ ਦਿਤੀ ਕਿ ਨਵੀਂ ਉਦਯੋਗਿਕ ਨੀਤੀ ਨੂੰ ਅੰਤਮ ਛੋਹਾਂ ਦਿਤੀਆਂ ਜਾ ਰਹੀਆਂ ਹਨ ਅਤੇ ਅਗਲੇ 15 ਦਿਨਾਂ ਤਕ ਇਸ ਨੂੰ ਲਾਗੂ ਕਰ ਦਿਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਨਵੀਂ ਨੀਤੀ ਵਿਚ ਸੂਬੇ ਭਰ ਤੋਂ ਵੱਖ-ਵੱਖ ਉਦਯੋਗਿਕ ਸੋਸੀਏਸ਼ਨਾਂ ਦੇ ਨੁਮਾਇੰਦਿਆਂ, ਵੱਖ-ਵੱਖ ਖੇਤਰਾਂ ਦੇ ਉਦਯੋਗਪਤੀਆਂ ਅਤੇ ਛੋਟੇ ਉਦਯੋਗ ਮਾਲਕਾਂ ਦੇ ਵਿਚਾਰਾਂ ਨੂੰ ਧਿਆਨ ਵਿਚ ਰੱਖਦਿਆਂ ਉਦਯੋਗਿਕ ਨੀਤੀ ਨੂੰ ਤਿਆਰ ਕੀਤਾ ਹੈ।  ਛੋਟੇ ਉਦਯੋਗਾਂ ਦੀ ਸਹੂਲਤ ਲਈ ਚੁੱਕੇ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈਆਂ ਜ਼ਿਲ੍ਹਾ ਪਧਰੀ ਕਮੇਟੀਆਂ ਵਲੋਂ 10 ਕਰੋੜ ਰੁਪਏ ਦੀ ਰਾਸ਼ੀ ਵਾਲੇ ਉਦਯੋਗਾਂ ਨੂੰ ਪ੍ਰਵਾਨਗੀ ਦੇਣ ਦਾ ਕ੍ਰਾਂਤਕਾਰੀ ਕਦਮ ਚੁੱÎਕਿਆ ਹੈ। 

ਇਸ ਤੋਂ ਪਹਿਲਾਂ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।   ਇਸ ਮੌਕੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਅਵਤਾਰ ਸਿੰਘ ਜੂਨੀਅਰ, ਰਾਜਿੰਦਰ ਬੇਰੀ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਪ੍ਰਮੁੱਖ ਸਕੱਤਰ ਉਦਯੋਗ ਆਰ.ਕੇ.ਵਰਮਾ, ਡਿਪਟੀ ਕਮਿਸ਼ਨਰ ਜਲੰਧਰ  ਵਰਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।