ਦੋਸਤ ਦਾ ਚਾਕੂ ਨਾਲ ਕਤਲ ਕਰ ਕੇ ਲਾਸ਼ ਨੂੰ ਲਗਾਈ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਨਿਚਰਵਾਰ ਦੇਰ ਰਾਤ ਗੁਰੂ ਨਾਨਕਪੁਰਾ ਵਿਚ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਦੋਸਤਾਂ ਵਿਚ ਹੋਏ ਝਗੜੇ ਦੌਰਾਨ ਅਪਣੇ ਹੀ ਇਕ ਦੋਸਤ ਨੂੰ

File Photo

ਅੰਮ੍ਰਿਤਸਰ, 7 ਜੂਨ (ਪਪ): ਸਨਿਚਰਵਾਰ ਦੇਰ ਰਾਤ ਗੁਰੂ ਨਾਨਕਪੁਰਾ ਵਿਚ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਦੋਸਤਾਂ ਵਿਚ ਹੋਏ ਝਗੜੇ ਦੌਰਾਨ ਅਪਣੇ ਹੀ ਇਕ ਦੋਸਤ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿਤਾ ਅਤੇ ਲਾਸ਼ ਨੂੰ ਅੱਗ ਲਾ ਦਿਤੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਇਸਲਾਮਾਬਾਦ ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਭਾਰੀ ਪੁਲਿਸ ਬਲ ਦੇ ਨਾਲ ਮੌਕੇ ਉਤੇ ਪੁੱਜੇ ਅਤੇ ਅੱਧ ਸੜੀ ਲਾਸ਼ ਨੂੰ ਕਬਜ਼ੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿਤਾ। ਪੁਲਿਸ ਨਾਲ ਮੌਕੇ ਉਤੇ ਪਹੁੰਚੀ ਫੌਰੈਂਸਿਕ ਟੀਮ ਨੇ ਘਟਨਾ ਸਥਾਨ ਤੋਂ ਕਤਲ ਅਤੇ ਮੁਲਜ਼ਮਾਂ ਦੇ ਸੁਰਾਗ ਹਾਸਲ ਕੀਤੇ ਹਨ। ਇਸ ਮਾਮਲੇ ਵਿਚ ਫਿਲਹਾਲ ਪੁਲਸ ਨੇ 5 ਵਿਅਕਤੀਆਂ ਵਿਰੁਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਥਾਣਾ ਇਸਲਾਮਾਬਾਦ ਦੇ ਇਲਾਕੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ਵਿੱਕੀ ਦੇ ਘਰ ਉਸ ਦੇ 4-5 ਦੋਸਤ ਜਸ਼ਨ ਮਨਾ ਰਹੇ ਸਨ। ਘਰ ਵਿਚ ਡੀ.ਜੇ. ਲਾਇਆ ਹੋਇਆ ਸੀ ਅਤੇ ਸ਼ਰਾਬ ਚੱਲ ਰਹੀ ਸੀ। ਰਮੇਸ਼ ਕੁਮਾਰ ਉਸ ਸਮੇਂ ਅਪਣੇ ਦੋਸਤਾਂ ਨਾਲ ਘਰ ਵਿਚ ਇਕੱਲਾ ਸੀ, ਉਸ ਦੀ ਮਾਤਾ ਅਪਣੀ ਕੁੜੀ ਨੂੰ ਮਿਲਣ ਲਈ ਗਈ ਹੋਈ ਸੀ। ਪਾਰਟੀ ਦੌਰਾਨ ਦੋਸਤਾਂ ਵਿਚਾਲੇ ਕੁੱਝ ਅਜਿਹਾ ਹੋਇਆ ਕਿ ਰਮੇਸ਼ ਕੁਮਾਰ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਗਈ ਅਤੇ ਸਬੂਤ ਮਿਟਾਉਣ ਦੀ ਲਈ ਉਸ ਦੀ ਲਾਸ਼ ਨੂੰ ਇਕ ਕੰਬਲ ਵਿਚ ਲਪੇਟ ਘਰ ਵਿਚ ਅੱਗ ਲਾ ਦਿਤੀ ਗਈ ਤਾਂ ਕਿ ਹਤਿਆ ਦੀ ਇਸ ਘਟਨਾ ਨੂੰ ਹਾਦਸੇ ਵਿਚ ਬਦਲਿਆ ਜਾ ਸਕੇ।

ਵਾਰਦਾਤ ਤੋਂ ਬਾਅਦ ਰਮੇਸ਼ ਦੇ ਸਾਰੇ ਦੋਸਤ ਮੌਕੇ ਤੋਂ ਫ਼ਰਾਰ ਹੋ ਗਏ ਪਰ ਥਾਣਾ ਇਸਲਾਮਾਬਾਦ ਦੇ ਇੰਚਾਰਜ ਇਸਪੈਕਟਰ ਅਨਿਲ ਕੁਮਾਰ ਜਿਵੇਂ ਹੀ ਮੌਕੇ ਉਤੇ ਪੁੱਜੇ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਦੁਰਘਟਨਾ ਨਹੀਂ ਸਗੋਂ ਕਤਲ ਦਾ ਮਾਮਲਾ ਹੈ। ਜਾਂਚ ਦੌਰਾਨ ਉਨ੍ਹਾਂ ਨੇ ਰਮੇਸ਼ ਕੁਮਾਰ ਦਾ ਖ਼ੂਨ ਵੀ ਕਮਰੇ ਵਿਚ ਖਿਲਰਿਆ ਹੋਇਆ ਪਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਰਮੇਸ਼ ਕੁਮਾਰ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸਾੜਿਆ ਗਿਆ ਹੈ। ਫ਼ੌਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਤੋਂ ਖ਼ੂਨ ਦੇ ਸੈਂਪਲ ਲਏ ਅਤੇ ਕੁੱਝ ਹੋਰ ਸਬੂਤ ਜੁਟਾਏ, ਜਿਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਗਿਆ।

ਥਾਣਾ ਇਸਲਾਮਾਬਾਦ ਦੇ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਇਹ ਸਾਫ਼ ਤੌਰ ਉਤੇ ਕਤਲ ਦਾ ਕੇਸ ਹੈ, ਜਿਸ ਵਿਚ ਮਰਨ ਵਾਲੇ ਰਮੇਸ਼ ਕੁਮਾਰ ਨਾਲ ਬੈਠੇ ਉਸ ਦੇ ਦੋਸਤਾਂ ਵਿਰੁਧ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਸਾਰੇ ਮੁਲਜ਼ਮ ਅੰਡਰਗਾਊਂਡ ਹੋ ਚੁੱਕੇ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।