ਕੀ ਬਾਦਲਾਂ ਦੇ ਇਸ਼ਾਰੇ 'ਤੇ ਜਥੇਦਾਰ ਨੇ ਖ਼ਾਲਿਸਤਾਨ ਦਾ ਮੁੱਦਾ ਚੁਕਿਆ ਹੈ? : ਰਘਬੀਰ ਸਿੰਘ ਰਾਜਾਸਾਂਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਧਾਮਾਂ 'ਚ ਕੜਾਹ-ਪ੍ਰਸ਼ਾਦ ਤੇ ਗੁਰੂ ਕਾ ਲੰਗਰ ਕਿਸੇ ਵੀ ਕੀਮਤ 'ਤੇ ਬੰਦ ਨਹੀਂ ਹੋਣ ਦਿਆਂਗੇ

Raghbir Singh Rajasansi

ਅੰਮ੍ਰਿਤਸਰ 7 ਜੂਨ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਖ਼ਾਲਿਸਤਾਨ ਬਾਰੇ ਬਿਆਨ ਦੇਣ 'ਤੇ ਸਵਾਲ ਕੀਤਾ ਹੈ ਕਿ ਕੀ ਇਹ ਕੇਂਦਰ ਸਰਕਾਰ ਨੂੰ ਡਰਾਉਣ ਲਈ ਅਜਿਹਾ ਬਿਆਨ ਦਵਾਇਆ ਗਿਆ ਹੈ ਜਾਂ ਜਥੇਦਾਰ ਸਾਹਿਬ ਨੇ ਅਪਣੀ ਜ਼ਮੀਰ ਦੀ ਅਵਾਜ਼ 'ਤੇ ਪਹਿਰਾ ਦਿਤਾ ਹੈ?

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤਾ ਕਿ ਕੀ ਉਹ ਪਹਿਲਾਂ ਵਾਂਗ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪਣੇ ਨਿਜੀ ਸਿਆਸੀ ਮੁਫ਼ਾਦ ਲਈ ਵਰਤ ਰਹੇ ਹਨ ਤਾਂ ਜੋ ਨੌਜੁਆਨਾਂ ਦਾ ਘਾਣ ਕਰਵਾਇਆ ਜਾ ਸਕੇ? ਉਨ੍ਹਾਂ ਜਥੇਦਾਰ ਨੂੰ ਵੀ ਸਵਾਲ ਕੀਤਾ ਹੈ  ਕਿ ਕੀ ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਦੀ ਸਲਾਹ ਲਈ ਹੈ? ਸ. ਰਾਜਾਸਾਂਸੀ ਨੇ ਸ਼੍ਰੋਮਣੀ ਕਮੇਟੀ ਨੂੰ ਸੁਚੇਤ ਕੀਤਾ ਹੈ ਕਿ ਬਾਦਲ ਪ੍ਰਵਾਰ ਦੀਆਂ ਰਾਜਸੀ ਚਾਲਾਂ ਤੋਂ ਸਾਵਧਾਨ ਰਹਿਣ। ਰਘਬੀਰ ਸਿੰਘ ਨੇ ਕਿਹਾ ਕਿ ਕੜਾਹ-ਪ੍ਰਸ਼ਾਦ ਅਤੇ ਗੁਰੂ ਕੇ ਲੰਗਰ  ਗੁਰਦਵਾਰਾ ਸਾਹਿਬ ਦੀ ਮਰਯਾਦਾ ਦਾ ਅਹਿਮ ਅੰਗ ਹਨ, ਇਨ੍ਹਾਂ ਉਤੇ ਕਿਸੇ ਵੀ ਕੀਮਤ 'ਤੇ ਮਨਾਹੀ ਨਹੀਂ ਲਗ ਸਕਦੀ।

ਉਨ੍ਹਾਂ ਕਿਹਾ ਕਿ ਗੁਰੂ ਘਰਾਂ ਤੋਂ ਕੁਦਰਤੀ ਆਫ਼ਤ ਸਮੇਂ ਅਤੇ ਹੁਣ ਕੋਰੋਨਾ ਦੌਰਾਨ ਵੀ ਲੋੜਵੰਦਾਂ ਲਈ ਲੰਗਰ ਸੇਵਾ ਕੀਤੀ ਜਾਂਦੀ ਰਹੀ ਹੈ। ਸਰਕਾਰ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਹੀ ਇਹ ਸੇਵਾ ਜਾਰੀ ਰਹੀ, ਪਰੰਤੂ ਹੁਣ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਵਿਚ ਲੰਗਰ ਤੇ ਪ੍ਰਸ਼ਾਦ ਦੀ ਮਨਾਹੀ ਦੀ ਗੱਲ ਆਖੀ ਜਾ ਰਹੀ ਹੈ। ਸ. ਰਘਬੀਰ ਸਿੰਘ ਨੇ ਹੁਕਮਰਾਨਾਂ ਨੂੰ ਸਪੱਸ਼ਟ ਕੀਤਾ ਕਿ ਲੰਗਰ ਅਤੇ ਕੜਾਹ ਪ੍ਰਸ਼ਾਦ ਗੁਰੂ ਘਰਾਂ 'ਚੋਂ ਕਿਸੇ ਵੀ ਕੀਮਤ 'ਤੇ ਬੰਦ ਨਹੀ ਹੋਣਗੇ।