21 ਜੂਨ ਤਕ ਕੇਂਦਰ ਸਾਰੇ ਦੇਸ਼ ਵਿਚ ਮੁਫ਼ਤ ਵੈਕਸੀਨ ਰਾਜਾਂ ਰਾਹੀਂ ਲਗਵਾਏਗਾ

ਏਜੰਸੀ

ਖ਼ਬਰਾਂ, ਪੰਜਾਬ

21 ਜੂਨ ਤਕ ਕੇਂਦਰ ਸਾਰੇ ਦੇਸ਼ ਵਿਚ ਮੁਫ਼ਤ ਵੈਕਸੀਨ ਰਾਜਾਂ ਰਾਹੀਂ ਲਗਵਾਏਗਾ

image


ਸੁਪ੍ਰੀਮ ਕੋਰਟ ਦਾ ਸਖ਼ਤ ਸਟੈਂਡ ਮੋਦੀ ਨੂੰ  ਨਵਾਂ ਐਲਾਨ ਕਰਨ ਲਈ ਮਜਬੂਰ ਕਰ ਗਿਆ

ਨਵੀਂ ਦਿੱਲੀ, 7 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਪੂਰੇ ਦੇਸ਼ ਵਿਚ ਸਾਰਿਆਂ ਲਈ ਮੁਫ਼ਤ ਟੀਕਾਕਰਨ 21 ਜੂਨ ਤੋਂ ਸ਼ੁਰੂ ਹੋਣ ਦੀ ਉਮੀਦ ਹੈ | ਉਨ੍ਹਾਂ ਕਈ ਗ਼ੈਰ ਭਾਜਪਾ ਸ਼ਾਸਤ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਬਿਆਨਾਂ ਦਾ ਸੰਖੇਪ ਰੂਪ ਵਿਚ ਹਵਾਲਾ ਦਿੰਦਿਆਂ ਇਹ ਵੀ ਕਿਹਾ ਕਿ ਟੀਕਾਕਰਨ ਸਬੰਧੀ ਸਿਆਸੀ ਦੋਸ਼ ਲਗਾਉਣੇ ਠੀਕ ਨਹੀਂ ਹਨ | ਉਨ੍ਹਾਂ ਨੇ ਨਾਲ ਹੀ ਕਿਹਾ ਕਿ 'ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ' ਤਹਿਤ ਗ਼ਰੀਬ ਪ੍ਰਵਾਰਾਂ ਨੂੰ  ਮੁਫ਼ਤ ਅਨਾਜ ਦੀਵਾਲੀ ਤਕ ਮੁਹਈਆ ਕਰਵਾਇਆ ਜਾਵੇਗਾ |
ਕਿਹਾ ਜਾ ਰਿਹਾ ਹੈ ਕਿ ਸੁਪ੍ਰੀਮ ਕੋਰਟ ਦੀਆਂ ਸਖ਼ਤ ਟਿਪਣੀਆਂ ਮਗਰੋਂ ਪ੍ਰਧਾਨ ਮੰਤਰੀ ਨੂੰ  ਇਹ ਐਲਾਨ ਕਰਨਾ ਪਿਆ ਕਿਉਂਕਿ ਛੇਤੀ ਹੀ ਸੁਪ੍ਰੀਮ ਕੋਰਟ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਇਹ ਐਲਾਨ ਕਰਨਾ ਜ਼ਰੂਰੀ ਸੀ | ਪਰ ਐਲਾਨ ਕਰਨਾ ਹੋਰ ਗੱਲ ਹੈ ਤੇ ਏਨੇ ਟੀਕਿਆਂ ਦਾ ਪ੍ਰਬੰਧ ਕਰਨਾ ਹੋਰ ਗੱਲ | ਉਸ ਬਾਰੇ ਕੇਂਦਰ ਨੇ ਅਜੇ ਵੇਰਵੇ ਦੇਣੇ ਹਨ | ਪ੍ਰਧਾਨ ਮੰਤਰੀ ਨੇ ਕਿਹਾ,''ਬਹੁਤ ਘੱਟ ਸਮੇਂ ਵਿਚ ਆਕਸੀਜਨ ਦੇ ਉਤਪਾਦਨ ਵਿਚ 10 ਗੁਣਾ ਵਾਧਾ ਕੀਤਾ ਗਿਆ ਹੈ | ਜ਼ਰੂਰੀ ਦਵਾਈਆਂ ਦਾ ਉਤਪਾਦਨ ਵੀ ਕਈ ਗੁਣਾ ਵਧਾ ਦਿਤਾ ਗਿਆ ਹੈ |''

 ਉਨ੍ਹਾਂ ਕਿਹਾ ਕਿ ਕੋਰੋਨਾ ਵਰਗੇ ਅਦਿ੍ਸ਼ ਅਤੇ ਭੇਸ ਬਦਲਣ ਵਾਲੇ ਦੁਸ਼ਮਣ ਵਿਰੁਧ ਲੜਾਈ ਵਿਚ ਸੱਭ ਤੋਂ ਪ੍ਰਭਾਵੀ ਹਥਿਆਰ ਪ੍ਰੋਟੋਕਾਲ ਦਾ ਪਾਲਣ ਕਰਨਾ ਹੈ | (ਪੀਟੀਆਈ)

ਨਿਜੀ ਹਸਪਤਾਲ ਸਿਰਫ਼ 150 ਰੁਪਏ ਵਿਚ ਲਗਾਉਣਗੇ ਟੀਕਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਬਣ ਰਹੇ ਟੀਕਿਆਂ ਵਿਚੋਂ 25 ਫ਼ੀਸਦ ਨਿਜੀ ਖੇਤਰ ਦੇ ਹਸਪਤਾਲਾਂ ਨੂੰ  ਸਿੱਧਾ ਦਿਤਾ ਜਾਵੇਗਾ, ਇਹ ਵਿਵਸਥਾ ਜਾਰੀ ਰਹੇਗੀ | ਨਿਜੀ ਹਸਪਤਾਲ, ਵੈਕਸੀਨ ਦੀ ਨਿਰਧਾਰਤ ਕੀਮਤ ਉਪਰੰਤ ਇਕ ਖ਼ੁਰਾਕ 'ਤੇ ਜ਼ਿਆਦਾ ਤੋਂ ਜ਼ਿਆਦਾ 150 ਰੁਪਏ ਦੀ ਸੇਵਾ ਲੈ ਸਕਣਗੇ | ਇਸ ਦੀ ਨਿਗਰਾਨੀ ਕਰਨ ਦਾ ਕੰਮ ਸੂਬਾ ਸਰਕਾਰਾਂ ਕੋਲ ਹੀ ਰਹੇਗਾ | ਉਨ੍ਹਾਂ ਨੇ ਲੋਕਾਂ ਨੂੰ  ਅਪੀਲ ਕੀਤੀ ਕਿ ਉਹ ਕੋਰੋਨਾ ਰੋਕੂ ਟੀਕੇ ਨਾਲ ਸਬੰਧਤ ਅਫ਼ਵਾਹਾਂ ਤੋਂ ਬਚਣ ਅਤੇ ਟੀਕਾਕਰਨ ਲਈ ਜਾਗਰੂਕਤਾ ਵਧਾਉਣ ਵਿਚ ਮਦਦ ਕਰਨ |