ਦਿਹਾਤੀ ਵਿਕਾਸ ਫ਼ੰਡ ਜਾਰੀ ਕਰਨ ਤੋਂ ਕੀਤੀ ਨਾਂਹ

ਏਜੰਸੀ

ਖ਼ਬਰਾਂ, ਪੰਜਾਬ

ਦਿਹਾਤੀ ਵਿਕਾਸ ਫ਼ੰਡ ਜਾਰੀ ਕਰਨ ਤੋਂ ਕੀਤੀ ਨਾਂਹ

image


ਕਿਸਾਨ ਅੰਦੋਲਨ ਕਾਰਨ ਹੀ ਕੇਂਦਰ ਪੰਜਾਬ ਨਾਲ ਕਰ ਰਿਹੈ ਅਜਿਹਾ ਵਰਤਾਉ : ਆਸ਼ੂ

ਚੰਡੀਗੜ੍ਹ, 7 ਜੂਨ (ਗੁਰਉਪਦੇਸ਼ ਭੁੱਲਰ): ਪੰਜਾਬ ਨੂੰ  ਕੇਂਦਰ ਸਰਕਾਰ ਨੇ ਇਕ ਹੋਰ ਝਟਕਾ ਦਿਤਾ ਹੈ | ਪੰਜਾਬ ਨੂੰ  ਦਿਹਾਤੀ ਵਿਕਾਸ ਫ਼ੰਡ (ਆਰ.ਡੀ.ਐਫ਼) ਰੋਕ ਦਿਤਾ ਗਿਆ ਹੈ | ਇਸ ਦੀ ਪੁਸ਼ਟੀ ਕਰਦਿਆਂ ਸੂਬੇ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਸ ਤੋਂ ਪਹਿਲੇ ਸੀਜ਼ਨ ਵਿਚ 2 ਫ਼ੀ ਸਦੀ ਆਰ.ਡੀ.ਐਫ਼ ਦੀ ਕਟੌਤੀ ਕੀਤੀ ਗਈ ਸੀ ਪਰ ਹੁਣ ਕਣਕ ਦੀ ਸੀਜ਼ਨ ਵਿਚ ਸਾਰਾ ਫ਼ੰਡ ਹੀ ਰੋਕ ਦਿਤਾ ਹੈ | ਉਨ੍ਹਾਂ ਕਿਹਾ ਕਿ ਇਹ ਫ਼ੰਡ ਹਿਸਾਬ ਕਿਤਾਬ ਸਹੀ ਨਾ ਹੋਣ ਤੇ ਫ਼ੰਡ ਦੀ ਹੋਰ ਪਾਸੇ ਦੁਰਵਰਤੋਂ ਦੀ ਗੱਲ ਆਖ ਕੇ ਰੋਕਿਆ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੂੰ  ਪੁਛਿਆ ਤਕ ਨਹੀਂ ਗਿਆ | ਉਨ੍ਹਾਂ ਕਿਹਾ ਕਿ ਜੇ ਹਿਸਾਬ ਵਿਚ ਕੋਈ ਕਮੀ ਹੈ ਤਾਂ ਗੱਲਬਾਤ ਰਾਹੀਂ ਦੂਰ ਹੋ ਸਕਦੀ ਹੈ | ਉਨ੍ਹਾਂ ਦਿਹਾਤੀ ਫ਼ੰਡਾਂ ਦੀ ਹੋਰ ਪਾਸੇ ਵਰਤੋਂ ਦੇ ਦੋਸ਼ ਤੋਂ ਵੀ ਇਨਕਾਰ ਕੀਤਾ | 
ਆਸ਼ੂ ਨੇ ਦਸਿਆ ਕਿ ਕੇਂਦਰ ਨੇ ਲੇਬਰ ਦੀ ਢੋਆ ਢੋਆਈ ਦੇ ਖ਼ਰਚੇ ਦੇਣ ਤੋਂ ਵੀ ਨਾਂਹ ਕਰ ਦਿਤੀ ਹੈ | ਉਨ੍ਹਾਂ ਕਿਹਾ ਕਿ ਦਿਹਾਤੀ ਫ਼ੰਡ ਸੂਬੇ ਦਾ ਹੀ ਪੈਸਾ ਹੈ ਜੋ ਮੰਡੀ ਸੈੱਸ ਰਾਹੀਂ ਇਕੱਠਾ ਹੁੰਦਾ ਹੈ ਤੇ ਕੇਂਦਰ ਇਸ ਨੂੰ  ਵਾਪਸ ਦਿੰਦਾ ਹੈ | ਇਹ ਫ਼ੰਡ ਪਿੰਡਾਂ ਦੇ ਵਿਕਾਸ ਤੇ ਿਲੰਕ ਸੜਕਾਂ ਆਦਿ ਬਣਾਉਣ ਤੋਂ ਇਲਾਵਾ ਮੰਡੀਆਂ ਦੇ ਢਾਂਚੇ ਦੀ ਸਾਂਭ ਸੰਭਾਲ 'ਤੇ ਖ਼ਰਚ ਹੁੰਦਾ ਹੈ | ਉਨ੍ਹਾਂ ਕਿਹਾ ਕਿ ਇਹ ਫ਼ੰਡ ਰੋਕਣਾ ਪੰਜਾਬ ਨਾਲ ਬਹੁਤ ਵੱਡਾ ਧੱਕਾ ਹੈ ਅਤੇ ਫ਼ੈਂਡਰਲ ਸਿਸਟਮ 'ਤੇ ਵੀ ਹਮਲਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਕੇਂਦਰ ਸਰਕਾਰ ਸੂਬੇ ਨਾਲ ਜਾਣ ਬੁਝ ਕੇ ਅਜਿਹਾ ਵਰਤਾਉ ਕਰ ਰਹੀ ਹੈ | ਇਸੇ ਦੌਰਾਨ ਵਿਰੋਧੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਅਤੇ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਦਿਹਾਤੀ ਫ਼ੰਡ 'ਤੇ ਰੋਕ ਲਾਉਣ ਦੀ ਸਖ਼ਤ ਨਿੰਦਾ ਕੀਤੀ ਹੈ |
ਉਨ੍ਹਾਂ ਇਸ ਨੂੰ  ਸੂਬੇ ਨਾਲ ਵੱਡੀ ਬੇਇਨਸਾਫ਼ੀ ਤੇ ਆਰਥਕ ਨੁਕਸਾਨ ਪਹੁੰਚਾਉਣ ਵਾਲੀ ਕਾਰਵਾਈ ਦਸਿਆ ਹੈ ਜਿਸ ਦਾ ਸਿੱਧਾ ਸਬੰਧ ਪੇਂਡੂ ਲੋਕਾਂ ਨਾਲ ਹੈ | ਕਿਸਾਨ ਯੂਨੀਅਨਾਂ ਵਲੋਂ ਵੀ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਦੇ ਕਦਮ ਵਿਰੁਧ ਸਖ਼ਤ ਰੋਸ ਪ੍ਰਗਟ ਕੀਤਾ ਹੈ |