ਮੁੱਖ ਮੰਤਰੀ ਨੇ ਸੂਬੇ 'ਚ ਕੋਵਿਡ ਸਬੰਧੀ ਪਾਬੰਦੀਆਂ 15 ਜੂਨ ਤਕ ਵਧਾਈਆਂ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਸੂਬੇ 'ਚ ਕੋਵਿਡ ਸਬੰਧੀ ਪਾਬੰਦੀਆਂ 15 ਜੂਨ ਤਕ ਵਧਾਈਆਂ

image


ਸ਼ਾਮ 6 ਵਜੇ ਤਕ ਖੋਲ੍ਹੀਆਂ ਜਾ ਸਕਣਗੀਆਂ ਦੁਕਾਨਾਂ

ਚੰਡੀਗੜ੍ਹ, 7 ਜੂਨ (ਭੁੱਲਰ) : ਸੂਬੇ ਵਿਚ ਅਨਲਾਕ ਪ੍ਰਕਿਰਿਆ ਸਬੰਧੀ ਦਰਜਾਵਾਰ ਪਹੁੰਚ ਅਪਣਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ  ਕੱੁਝ ਛੋਟਾਂ ਦੇ ਨਾਲ ਕੋਵਿਡ ਪਾਬੰਦੀਆਂ 15 ਜੂਨ ਤਕ ਵਧਾਉਣ ਦੇ ਆਦੇਸ਼ ਦਿਤੇ | ਇਨ੍ਹਾਂ ਛੋਟਾਂ ਵਿਚ ਸ਼ਾਮ ਛੇ ਵਜੇ ਤਕ ਦੁਕਾਨਾਂ ਖੋਲ੍ਹਣ ਅਤੇ ਪ੍ਰਾਈਵੇਟ ਦਫ਼ਤਰ 50 ਫ਼ੀ ਸਦੀ ਸਮਰਥਾ ਨਾਲ ਖੋਲ੍ਹਣੇ ਸ਼ਾਮਲ ਹਨ |
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਰਾਤ ਦਾ ਕਰਫ਼ਿਊ ਸਨਿਚਰਵਾਰ ਸਮੇਤ ਹਫ਼ਤੇ ਦੇ ਦਿਨਾਂ ਵਿਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤਕ ਲਾਗੂ ਰਹੇਗਾ ਪਰ ਐਤਵਾਰ ਨੂੰ  ਰੈਗੂਲਰ ਹਫ਼ਤਾਵਾਰੀ ਕਰਫ਼ਿਊ ਜਾਰੀ ਰਹੇਗਾ | ਪਾਜ਼ੇਟਿਵ ਦਰ 3.2 ਫ਼ੀ ਸਦੀ ਤਕ ਡਿੱਗਣ ਅਤੇ ਐਕਟਿਵ ਕੇਸਾਂ ਦੇ ਘਟਣ ਦੇ ਚਲਦਿਆਂ ਮੁੱਖ ਮੰਤਰੀ ਨੇ ਵਿਆਹ ਅਤੇ ਸਸਕਾਰ ਸਮੇਤ ਇਕੱਠਾਂ ਵਿਚ 20 ਵਿਅਕਤੀਆਂ ਦੀ ਆਗਿਆ ਦੇ ਦਿਤੀ | ਸੂਬੇ ਵਿਚ ਆਉਣ ਵਾਲਿਆਂ ਲਈ ਦਾਖ਼ਲੇ ਦੀਆਂ ਰੋਕਾਂ (ਨੈਗੇਟਿਵ ਕੋਵਿਡ ਟੈਸਟ/ਟੀਕਾਕਰਨ) ਨੂੰ  ਖ਼ਤਮ ਕਰ ਦਿਤਾ ਗਿਆ ਹੈ | ਸਮਾਜਕ ਵਿੱਥ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਨਾਲ ਭਰਤੀ ਪ੍ਰੀਖਿਆਵਾਂ ਦੀ ਪ੍ਰਵਾਨਗੀ ਦੇ ਦਿਤੀ ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਆਨਲਾਈਨ ਤਰੀਕੇ ਨੂੰ  ਤਰਜੀਹ ਦਿਤੀ ਜਾਣੀ ਚਾਹੀਦੀ ਹੈ | ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਖੇਡ ਸਿਖਲਾਈ ਨੂੰ  ਵੀ ਆਗਿਆ ਦੇ ਦਿਤੀ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਨੂੰ  ਆਖਿਆ ਗਿਆ ਕਿ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਜਿਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ |

ਮੰਤਰੀਆਂ, ਸੀਨੀਅਰ ਪੁਲਿਸ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਅਤੇ ਸਿਹਤ ਮਾਹਰਾਂ ਨਾਲ ਕੋਵਿਡ ਸਥਿਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ  ਕਿਹਾ ਕਿ ਸਥਾਨਕ ਸਥਿਤੀ ਦੇ ਆਧਾਰ ਉਤੇ ਵੀਕੈਂਡ ਸਮੇਤ ਹੋਰਨਾਂ ਦਿਨਾਂ ਲਈ ਗ਼ੈਰ ਜ਼ਰੂਰੀ ਦੁਕਾਨਾਂ ਖੋਲ੍ਹਣੀਆਂ ਨਿਰਧਾਰਤ ਕੀਤੀਆਂ ਜਾ ਸਕਦੀਆਂ ਪਰ ਇਹ ਯਕੀਨੀ ਬਣਾਇਆ ਜਾਵੇ ਕਿ ਕੋਵਿਡ ਤੋਂ ਬਚਣ ਲਈ ਭੀੜ ਨੂੰ  ਟਾਲਿਆ ਜਾਵੇ | ਸਰਕਾਰੀ ਦਫ਼ਤਰਾਂ ਬਾਰੇ ਉਨ੍ਹਾਂ ਕਿਹਾ ਕਿ ਸਬੰਧਤ ਦਫ਼ਤਰ ਦਾ ਮੁਖੀ ਹਾਜ਼ਰੀ ਬਾਰੇ ਫ਼ੈਸਲਾ ਲੈ ਸਕਦਾ ਹੈ ਪਰ ਜੋਖਮ ਕਾਰਨ ਸਹਿ ਬਿਮਾਰੀ/ਦਿਵਿਆਂਗ ਕਰਮਚਾਰੀਆਂ ਨੂੰ  ਛੋਟ ਦਿਤੀ ਜਾਵੇ |
ਮਾਹਰਾਂ ਦੀ ਸਲਾਹ ਅਨੁਸਾਰ ਹੋਰ ਸਥਿਤੀਆਂ ਨੂੰ  ਵੇਖਦਿਆਂ ਜੇ ਹੋਰ ਸੁਧਾਰ ਹੋਇਆ ਤਾਂ ਇਕ ਹਫ਼ਤੇ ਬਾਅਦ ਜਿੰਮ ਅਤੇ ਰੈਸਟੋਰੈਂਟ 50 ਫ਼ੀ ਸਦੀ ਸਮਰਥਾ ਨਾਲ ਖੋਲ੍ਹੇ ਜਾ ਸਕਣਗੇ | ਉਨ੍ਹਾਂ ਕਿਹਾ ਕਿ ਜਿੰਮ ਅਤੇ ਰੈਸਟੋਰੈਂਟ ਦੇ ਮਾਲਕਾਂ ਤੇ ਕਾਮਿਆਂ ਨੂੰ  ਖੋਲ੍ਹਣ ਤੋਂ ਪਹਿਲਾਂ ਟੀਕਾਕਰਨ ਲਗਾ ਲੈਣ |
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ ਤੋਂ ਬਾਅਦ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਡੂੰਘਾਈ ਨਾਲ ਅਧਿਐਨ ਕਰਨਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਦੇ ਬਿਹਤਰ ਢੰਗ ਨਾਲ ਇਲਾਜ ਨੂੰ  ਲੱਭਿਆ ਜਾ ਸਕੇ | ਇਸ ਸਬੰਧ ਵਿੱਚ ਉਨ੍ਹਾਂ ਉਡਣਾ ਸਿੱਖ ਮਿਲਖਾ ਸਿੰਘ ਦੀ ਮਿਸਾਲ ਦਿਤੀ ਜਿਨ੍ਹਾਂ ਨੂੰ  ਕੋਵਿਡ ਤੋਂ ਠੀਕ ਹੋਣ ਮਗਰੋਂ ਛੁੱਟੀ ਦੇ ਦਿਤੀ ਗਈ ਸੀ ਪਰ ਫਿਰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ  ਇਹ ਦਸਿਆ ਗਿਆ ਹੈ ਕਿ ਪਟਿਆਲਾ ਦੇ ਹਸਪਤਾਲਾਂ ਦੇ 20 ਫ਼ੀ ਸਦੀ ਮਰੀਜ਼ ਉਹ ਹਨ ਜਿਨ੍ਹਾਂ ਨੂੰ  ਠੀਕ ਹੋਣ ਮਗਰੋਂ ਦੁਬਾਰਾ ਭਰਤੀ ਕਰਵਾਉਣਾ ਪਿਆ |
ਪੰਜਾਬ ਦੇ ਕੋਵਿਡ ਮਾਹਿਰ ਸਮੂਹ ਦੇ ਮੁਖੀ ਡਾ. ਕੇ.ਕੇ.ਤਲਵਾੜ ਨੇ ਮੀਟਿੰਗ ਮੌਕੇ ਦਸਿਆ ਕਿ 30 ਫ਼ੀ ਸਦੀ ਕੋਵਿਡ ਮਰੀਜ਼ ਕੋਵਿਡ ਤੋਂ ਠੀਕ ਹੋਣ ਤੋਂ ਬਾਅਦ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਵਿਚ ਲੱਛਣ ਆ ਰਹੇ ਹਨ | ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ  ਠੀਕ ਹੋਣ ਲਈ ਤਕਰੀਬਨ ਤਿੰਨ ਮਹੀਨੇ ਦਾ ਸਮਾਂ ਲੱਗ ਰਿਹਾ ਹੈ ਇਸ ਲਈ ਉਨ੍ਹਾਂ ਦੀ ਸਖ਼ਤ ਨਿਗਰਾਨੀ ਕਰਨ ਦੀ ਲੋੜ ਹੈ |