ਸਾਬਕਾ MLA ਅਮਰਪਾਲ ਬੋਨੀ ਅਜਨਾਲਾ ਤੇ BJP ਆਗੂ ਜਗਮੋਹਨ ਰਾਜੂ ਦੀ ਤਸਵੀਰ ਨੇ ਛੇੜੀ ਨਵੀਂ ਚਰਚਾ
ਸੂਤਰਾਂ ਅਨੁਸਾਰ ਕਈ ਅਕਾਲੀ ਆਗੂਆਂ ਦੀ ਗੱਲ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਚੱਲ ਰਹੀ ਹੈ।
ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ ਦਿਨੀਂ ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਭਾਜਪਾ 'ਚ ਸ਼ਾਮਲ ਹੋਏ ਸਨ ਅਤੇ ਫਿਰ ਉਹਨਾਂ ਤੋਂ ਬਾਅਦ 5 ਸਾਬਕਾ ਵਿਧਾਇਕ ਅਤੇ ਮੰਤਰੀ ਵੀ ਭਾਜਪਾ 'ਚ ਸ਼ਾਮਲ ਹੋ ਗਏ ਸਨ ਪਰ ਹੁਣ ਭਾਜਪਾ ਜਲਦ ਹੀ ਅਕਾਲੀ ਦਲ ਵੱਲ ਰੁਖ ਕਰ ਸਕਦੀ ਹੈ। ਦਰਅਸਲ ਸੂਤਰਾਂ ਅਨੁਸਾਰ ਕਈ ਅਕਾਲੀ ਆਗੂਆਂ ਦੀ ਗੱਲ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਚੱਲ ਰਹੀ ਹੈ।
Amarpal singh bony Ajnala and Jagmohan raju
ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਤੋਂ ਅਕਾਲੀ ਦਲ ਨੂੰ ਕਰਾਰਾ ਝਟਕਾ ਦੇ ਸਕਦੀ ਹੈ। ਅਜਨਾਲਾ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਅਮਰਪਾਲ ਸਿੰਘ ਬੋਨੀ ਅਤੇ ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਦੇ ਉਮੀਦਵਾਰ ਆਈਏਐਸ ਜਗਮੋਹਨ ਰਾਜੂ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਅਮਰਪਾਲ ਸਿੰਘ ਬੋਨੀ ਨੇ ਜਗਮੋਹਨ ਰਾਜੂ ਨੂੰ ਸਨਮਾਨਿਤ ਕੀਤਾ ਅਤੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਵੀ ਕੀਤੀ।
Amarpal Singh Bony
ਮੀਟਿੰਗ ਵਿਚ ਸਾਬਕਾ ਵਿਧਾਇਕ ਬੋਨੀ ਨੇ ਜਿੱਥੇ ਜਗਮੋਹਨ ਰਾਜੂ ਨੂੰ ਸਨਮਾਨਿਤ ਕੀਤਾ, ਉੱਥੇ ਹੀ ਆਈਏਐਸ ਰਾਜੂ ਦੇ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਵੀ ਕੀਤੀ। ਬੋਨੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 8 ਸਾਲ ਪੂਰੇ ਹੋਣ 'ਤੇ ਵਧਾਈ ਦਿੱਤੀ। ਬੋਨੀ ਅਜਨਾਲਾ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਦੀ ਭਲਾਈ ਲਈ ਲਿਆਂਦੀਆਂ ਵੱਖ-ਵੱਖ ਸਕੀਮਾਂ ਤੋਂ ਬਹੁਤ ਪ੍ਰਭਾਵਿਤ ਹਨ। ਉਹ ਇਹਨਾਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ।