ਮੈਨੂੰ ਨਹੀਂ ਪਤਾ ਕਿ ਮੇਰੇ ਪੁੱਤ ਦਾ ਕੀ ਕਸੂਰ ਸੀ ਪਰ ਉਹ ਬਹੁਤ ਮਿਹਨਤੀ ਸੀ- ਸਿੱਧੂ ਦੇ ਪਿਤਾ
'ਜੇ ਮੇਰਾ ਪੁੱਤ ਗਲਤ ਹੁੰਦਾ ਤਾਂ ਉਹ ਕਦੇ ਵੀ ਇਕੱਲੇ ਬਾਹਰ ਨਾ ਜਾਂਦਾ'
ਮਾਨਸਾ: ਅੱਜ ਇੱਕ ਵਾਰ ਫਿਰ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਮੌਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਹਰ ਜ਼ੁਬਾਨ 'ਤੇ ਇਕ ਹੀ ਸ਼ਬਦ ਹੈ ਕਿ ਕਾਸ਼ ਸਿੱਧੂ ਮੂਸੇਵਾਲਾ ਵਾਪਸ ਆ ਜਾਵੇ। ਅੰਤਿਮ ਅਰਦਾਸ ਵਿੱਚ ਮਾਪਿਆਂ ਦੀ ਹਾਲਤ ਦੇਖ ਕੇ ਦਿਲ ਹੋਰ ਵੀ ਦੁਖਦਾ ਹੈ। ਉਹਨਾਂ ਦੀਆਂ ਨਮ ਅੱਖਾਂ ਅੱਜ ਵੀ ਆਪਣੇ ਸ਼ੁਭਦੀਪ ਨੂੰ ਲੱਭਦੀਆਂ ਹਨ। ਅਨਾਜ ਮੰਡੀ ਵਿੱਚ ਭੋਗ ਸਮਾਗਮ ਵਿੱਚ ਬੋਲਦਿਆਂ ਮੂਸੇਵਾਲਾ ਦੇ ਪਿਤਾ ਆਪਣੇ ਹੰਝੂ ਰੋਕ ਨਾ ਸਕੇ। ਉਨ੍ਹਾਂ ਸਟੇਜ 'ਤੇ ਆ ਕੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਮੇਰਾ ਪੁੱਤਰ ਗਿਆ ਹੈ, ਕੱਲ੍ਹ ਤੁਹਾਡਾ ਬੱਚਾ ਜਾਵੇਗਾ। ਇਸ ਲਈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਦੀ ਲੋੜ ਹੈ।
29 ਮਈ ਨੂੰ ਅਜਿਹਾ ਮਨਹੂਸ ਦਿਨ ਚੜ੍ਹਿਆ, ਜਿਸ ਦਿਨ ਇਹ ਭਾਣਾ ਵਰਤ ਗਿਆ ਪਰ ਤੁਹਾਡੇ ਪਿਆਰ ਨੇ, ਤੁਹਾਡੇ ਵੱਲੋਂ ਜੋ ਹੰਝੂ ਵਹਾਏ ਗਏ, ਉਸ ਨੇ ਮੇਰਾ ਦੁੱਖ ਕਾਫੀ ਹੱਦ ਤਕ ਘੱਟ ਕਰ ਦਿੱਤਾ। ਇਹ ਘਾਟਾ ਮੈਂ ਆਸਾਨੀ ਨਾਲ ਪੂਰਾ ਜਾਂ ਸਹਿਣ ਕਰ ਲਵਾਂ ਤਾਂ ਇਹ ਬਸ ਕਹਿਣ ਦੀਆਂ ਗੱਲਾਂ ਹੋ ਸਕਦੀਆਂ ਹਨ ਪਰ ਇਸ ਨੂੰ ਮੇਰਾ ਪਰਿਵਾਰ ਹੀ ਸਮਝ ਸਕਦਾ ਕਿ ਅੱਜ ਅਸੀਂ ਕਿਥੇ ਪਹੁੰਚ ਗਏ ਹਾਂ। ਗੁਰੂ ਮਹਾਰਾਜ ਤੋਂ ਅਗਲੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ ਸੇਧ ਲਵਾਂਗੇ। ਗੁਰੂ ਸਾਹਿਬ ਸ਼ਕਤੀਆਂ ਦੇ ਮਾਲਕ ਸਨ, ਉਹ ਤਾਂ ਝੱਲ ਗਏ ਪਰ ਮੈਂ ਇੰਨੇ ਜੋਗਾ ਨਹੀਂ ਪਰ ਮਹਾਰਾਜ ਫਿਰ ਵੀ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਹੈ।
ਜ਼ਿੰਦਗੀ ਨੂੰ ਹਰ ਹਾਲਤ ’ਚ ਚੱਲਦੀ ਰੱਖਾਂਗਾ। ਇਹ ਤੁਹਾਡੇ ਨਾਲ ਵਾਅਦਾ ਕਰਦਾ। ਸਿੱਧੂ ਇਕ ਸਿੱਧਾ-ਸਾਦਾ ਪਿੰਡ ਦਾ ਆਮ ਨੌਜਵਾਨ ਸੀ, ਜਿਵੇਂ ਜੱਟਾਂ ਦੇ ਪੁੱਤ ਹੁੰਦੇ ਹਨ, ਉਸੇ ਤਰ੍ਹਾਂ ਦਾ ਉਸ ਦਾ ਜੀਵਨ ਸੀ। ਨਰਸਰੀ ’ਚ ਜਦੋਂ ਉਹ ਸਕੂਲ ਪੜ੍ਹਨ ਲੱਗਾ, ਉਦੋਂ ਸਾਡੇ ਪਿੰਡੋਂ ਸਕੂਲ ਨੂੰ ਬੱਸ ਵੀ ਨਹੀਂ ਜਾਂਦੀ ਸੀ। ਆਪਣੇ ਸਕੂਟਰ ’ਤੇ ਉਸ ਨੂੰ ਸਕੂਲ ਛੱਡ ਕੇ ਆਉਂਦਾ ਸੀ। ਜਦੋਂ ਉਹ ਢਾਈ ਸਾਲਾਂ ਦਾ ਸੀ ਤਾਂ ਮੈਂ ਫਾਇਰ ਵਿਭਾਗ ’ਚ ਨੌਕਰੀ ਕਰਦਾ ਸੀ, ਜਿਥੇ ਇਕ ਵਾਰ ਅੱਗ ਲੱਗ ਗਈ। ਮੈਂ ਸਿੱਧੂ ਨੂੰ ਸਕੂਲ ਛੱਡਣ ਗਿਆ ਤੇ ਕੰਮ ਤੋਂ 20 ਮਿੰਟ ਲੇਟ ਹੋ ਗਿਆ। ਉਸ ਦਿਨ ਮੈਂ ਉਸ ਨੂੰ ਕਿਹਾ ਕਿ ਜਾਂ ਤੂੰ ਪੜ੍ਹੇਗਾ ਜਾਂ ਮੈਂ ਨੌਕਰੀ ਕਰਾਂਗਾ। ਫਿਰ ਅਸੀਂ ਛੋਟਾ ਜਿਹਾ ਸਾਈਕਲ ਲਿਆ ਦਿੱਤਾ।’’
ਉਸ ਨੇ ਦੂਸਰੀ ਕਲਾਸ ਤੋਂ ਸਾਈਕਲ ’ਤੇ ਜਾਣਾ ਸ਼ੁਰੂ ਕੀਤਾ, ਬੱਚੇ ਨੇ 12ਵੀਂ ਤਕ ਸਾਈਕਲ ਚਲਾਇਆ। ਰੋਜ਼ 24 ਕਿਲੋਮੀਟਰ ਸਕੂਲ ਜਾਣਾ, ਫਿਰ 24 ਕਿਲੋਮੀਟਰ ਟਿਊਸ਼ਨ। ਇਸ ਬੱਚੇ ਦਾ ਕਣ-ਕਣ ਮਿਹਨਤ ਨਾਲ ਭਰਿਆ ਹੋਇਆ ਸੀ। ਪੈਸਿਆਂ ਪੱਖੋਂ ਅਸੀਂ ਅਮੀਰ ਨਹੀਂ ਸੀ। ਇਨ੍ਹਾਂ ਹਾਲਾਤਾਂ ’ਚ ਮੈਂ ਬੱਚੇ ਨੂੰ ਇਥੋਂ ਤਕ ਲੈ ਕੇ ਆਇਆ, ਮੇਰੇ ਪੁੱਤ ਨੂੰ ਕਦੇ ਪੂਰਾ ਜੇਬ ਖਰਚਾ ਵੀ ਨਹੀਂ ਮਿਲਿਆ ਪਰ ਉਸ ਨੇ ਆਪਣੀ ਮਿਹਨਤ ਨਾਲ ਕਾਲਜ ਦੀ ਪੜ੍ਹਾਈ ਕੀਤੀ ਤੇ ਫਿਰ ਆਈਲੈਟਸ ਕਰਕੇ ਬਾਹਰ ਚਲਾ ਗਿਆ।
ਜੇਬ ਖਰਚ ਲਈ ਇਕ ਅੱਧਾ ਗੀਤ ਵੇਚ ਕੇ ਆਪਣਾ ਸਮਾਂ ਟਪਾਇਆ। ਬੁਲੰਦੀਆਂ ਤਕ ਪਹੁੰਚਣ ਤਕ ਵੀ ਇਸ ਬੱਚੇ ਨੇ ਕਦੇ ਵੀ ਆਪਣੀ ਜੇਬ ’ਚ ਪਰਸ ਨਹੀਂ ਰੱਖਿਆ। ਜਦੋਂ ਵੀ ਪੈਸੇ ਦੀ ਲੋੜ ਹੁੰਦੀ ਸੀ ਤਾਂ ਮੇਰੇ ਕੋਲੋਂ ਮੰਗਦਾ ਸੀ। ਜਿੰਨਾ ਪਿਆਰ ਤੇ ਨਿਮਰਤਾ ਸਾਡੇ ਹਿੱਸੇ ਆਈ ਹੈ, ਸ਼ਾਇਦ ਜ਼ਿਆਦਾ ਹੋਣ ਕਰਕੇ ਜਲਦੀ ਮੁਕ ਗਈ।
ਜਦੋਂ ਵੀ ਉਹ ਘਰੋਂ ਨਿਕਲਦਾ ਤਾਂ ਕਦੇ ਵੀ ਇਜਾਜ਼ਤ ਲਏ ਬਿਨਾਂ ਤੇ ਪੈਰੀਂ ਹੱਥ ਲਾਏ ਬਿਨਾਂ ਘਰੋਂ ਬਾਹਰ ਨਹੀਂ ਜਾਂਦਾ ਸੀ। ਗੱਡੀ ਦੀ ਸੀਟ ’ਤੇ ਬੈਠ ਕੇ ਮਾਂ ਨੂੰ ਆਵਾਜ਼ਾਂ ਮਾਰਨੀਆਂ, ਜਦੋਂ ਤਕ ਮਾਂ ਬੁੱਕਲ ’ਚ ਲੈ ਕੇ ਕੰਨ ’ਤੇ ਟਿੱਕਾ ਨਾ ਲਾਉਂਦੀ ਉਹ ਘਰੋਂ ਨਹੀਂ ਜਾਂਦਾ ਸੀ। ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਬੱਚੇ ਦਾ ਕੀ ਕਸੂਰ ਸੀ। ਮੇਰਾ ਬੱਚਾ ਸ਼ੁਭਦੀਪ ਬਹੁਤ ਮਿਹਨਤੀ ਸੀ। ਜੇਕਰ ਕਿਸੇ ਨੂੰ ਮੇਰੇ ਬੇਟੇ ਦੇ ਖਿਲਾਫ ਕੋਈ ਸ਼ਿਕਾਇਤ ਹੁੰਦੀ ਤਾਂ ਉਹ ਮੇਰੇ ਕੋਲ ਆਉਂਦਾ ਪਰ ਯਕੀਨ ਕਰੋ ਅੱਜ ਤੱਕ ਮੈਨੂੰ ਬੱਚੇ ਦੀ ਸ਼ਿਕਾਇਤ ਸਬੰਧੀ ਇੱਕ ਵੀ ਫੋਨ ਜਾਂ ਕੋਈ ਕਾਲ ਨਹੀਂ ਆਈ।
ਮੂਸੇਵਾਲਾ ਦੇ ਪਿਤਾ ਨੇ ਅੱਗੇ ਕਿਹਾ ਕਿ ਮੇਰਾ ਬੱਚਾ ਮੈਨੂੰ ਜੱਫੀ ਪਾ ਕੇ ਰੋਇਆ, ਮੇਰੇ ਨਾਲ ਸਭ ਕੁਝ ਕਿਉਂ ਜੁੜ ਜਾਂਦਾ ਹੈ? ਜੇ ਉਹ ਗਲਤ ਸੀ, ਤਾਂ ਉਹ ਕਦੇ ਵੀ ਇਕੱਲੇ ਬਾਹਰ ਨਹੀਂ ਜਾਂਦਾ। ਗੰਨਮੈਨਾਂ ਨੂੰ ਆਪਣੇ ਨਾਲ ਲੈ ਜਾਂਦਾ ਜਾਂ ਆਪਣੀ ਨਿੱਜੀ ਸੁਰੱਖਿਆ ਰੱਖਦਾ। ਉਹ ਕਿਸੇ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨਹੀਂ ਸੀ ਸਕਦਾ ਪਰ ਉਸ ਨੇ ਆਪਣੇ ਆਪ ਨੂੰ ਗਵਾ ਲਿਆ। ਸਾਡੀ ਜ਼ਿੰਦਗੀ ਵਿਚ ਪੂਰੀ ਤਰ੍ਹਾਂ ਹਨੇਰਾ ਹੋ ਗਿਆ। ਜੇ ਸਿੱਧੂ ਨੇ ਕਦੇ ਵੀ ਕਿਸੇ ਨੂੰ ਮਾੜਾ ਕਿਹਾ ਹੋਵੇ ਤਾਂ ਮੈਂ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ। ਮੇਰੀ ਕੋਸ਼ਿਸ਼ ਹੈ ਕਿ ਅਗਲੇ 5-10 ਸਾਲਾਂ ਤੱਕ ਮੈਂ ਸਿੱਧੂ ਨੂੰ ਤੁਹਾਡੇ ਸਾਰਿਆਂ ਵਿੱਚ ਜ਼ਿੰਦਾ ਰੱਖ ਸਕਾਂ।