ਕਪੂਰਥਲਾ : ਤਲਾਸ਼ੀ ਦੌਰਾਨ ਜੇਲ੍ਹ ’ਚੋਂ ਮਿਲੇ 5 ਮੋਬਾਈਲ ਫ਼ੋਨ, 4 ਸਿਮ ਕਾਰਡ ਤੇ 31 ਗ੍ਰਾਮ ਹੈਰੋਇਨ ਬਰਾਮਦ
5 ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ
ਕਪੂਰਥਲਾ : ਕਪੂਰਥਲਾ ਕੇਂਦਰੀ ਜੇਲ੍ਹ 'ਚੋਂ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਮਿਲਣ ਦਾ ਸਿਲਸਿਲਾ ਰੁਕਿਆ ਨਹੀਂ, ਹੁਣ ਇਕ ਵਾਰ ਫਿਰ ਕਪੂਰਥਲਾ ਜੇਲ੍ਹ 'ਚੋਂ ਤਲਾਸ਼ੀ ਦੌਰਾਨ ਮੋਬਾਇਲ ਫ਼ੋਨ, ਸਿਮ ਕਾਰਡ, ਹੈਰੋਇਨ ਆਦਿ ਬਰਾਮਦ ਹੋਇਆ ਹੈ।
ਹਾਲਾਂਕਿ ਜੇਲ੍ਹਾਂ ਵਿਚ ਮੋਬਾਈਲ ਫ਼ੋਨ ਅਤੇ ਨਸ਼ੇ ਮਿਲਣਾ ਆਮ ਗੱਲ ਨਹੀਂ ਹੈ ਕਿਉਂਕਿ ਗੈਂਗਸਟਰ ਅਤੇ ਹੋਰ ਵੱਡੇ ਮੁਲਜ਼ਮ ਜੇਲ੍ਹਾਂ ਵਿਚੋਂ ਹੀ ਆਪਣਾ ਨੈੱਟਵਰਕ ਚਲਾਉਂਦੇ ਹਨ। ਇਸ ਦੇ ਬਾਵਜੂਦ ਕਪੂਰਥਲਾ ਜੇਲ੍ਹ ਵਿਚ ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥ ਆਦਿ ਮਿਲਣਾ ਚਿੰਤਾ ਦਾ ਵਿਸ਼ਾ ਹੈ ਅਤੇ ਇਸੇ ਕਾਰਨ ਇਹ ਜੇਲ੍ਹ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ।
ਦੱਸ ਦਈਏ ਕਿ ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚ ਮੁੜ ਤਲਾਸ਼ੀ ਦੌਰਾਨ ਮੋਬਾਇਲ ਫ਼ੋਨ, ਸਿਮ ਕਾਰਡ ਅਤੇ 31 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਬਰਾਮਦਗੀ ਜੇਲ੍ਹ ਪ੍ਰਸ਼ਾਸਨ ਵਲੋਂ ਕੀਤੀ ਗਈ ਅਚਨਚੇਤ ਤਲਾਸ਼ੀ ਦੌਰਾਨ ਹੋਈ ਹੈ। ਦੂਜੇ ਪਾਸੇ ਇਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਵਿਖੇ 5 ਅੰਡਰ ਟਰਾਇਲ 52-ਏ ਪ੍ਰਿਜ਼ਨ ਐਕਟ ਤਹਿਤ ਅਤੇ ਐਨਡੀਪੀਐਸ ਐਕਟ ਤਹਿਤ ਇੱਕ ਹੋਰ ਅੰਡਰ ਟਰਾਇਲ ਦੇ ਤਹਿਤ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ।