ਨਸ਼ਾ: ਸਿਹਤ ਵਿਭਾਗ ਨੇ ਹਾਲੇ ਨਹੀਂ ਫੜੀ ਰਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਸ ਤੇਜ਼ੀ ਨਾਲ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਵਿਚ ਵਾਧਾ ਹੋ ਰਿਹਾ ਹੈ, ਉਹ ਚਿੰਤਾ ਦਾ ਕਾਰਨ ਹੈ। ਆਏ ਦਿਨ ਚਿੱਟੇ ਕਾਰਨ ਕਿਸੇ ਨਾ ਕਿਸੇ ਨੌਜਵਾਨ ਦੀ ...

Drugs

ਡੇਰਾਬੱਸੀ, ਜਿਸ ਤੇਜ਼ੀ ਨਾਲ ਪੰਜਾਬ ਵਿਚ ਨਸ਼ਿਆਂ ਦੀ ਵਰਤੋਂ ਵਿਚ ਵਾਧਾ ਹੋ ਰਿਹਾ ਹੈ, ਉਹ ਚਿੰਤਾ ਦਾ ਕਾਰਨ ਹੈ। ਆਏ ਦਿਨ ਚਿੱਟੇ ਕਾਰਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਹੁੰਦੀ ਰਹਿੰਦੀ ਹੈ। ਇਸ ਦੇ ਬਾਵਜੂਦ ਸਿਹਤ ਵਿਭਾਗ ਕੁੰਭਕਰਨ ਦੀ ਨੀਂਦ ਸੌਂ ਰਿਹਾ ਹੈ। ਪਿਛਲੇ ਦਿਨੀਂ ਕੈਪਟਨ ਸਰਕਾਰ ਨੇ ਸਬੰਧਤ ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਦਿਤੇ ਸਨ ਕਿ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਲਈ ਹਰ ਸੰਭਵ ਕਦਮ ਚੁਕਿਆ ਜਾਵੇ ਪ੍ਰੰਤੂ ਸਿਹਤ ਵਿਭਾਗ ਹਾਲੇ ਵੀ ਅਪਣੀ ਮੱਠੀ ਚਾਲ ਵਿਚ ਕੰਮ ਕਰ ਰਿਹਾ ਹੈ।

ਪਿਛਲੇ ਲੰਮੇ ਸਮੇਂ ਤੋਂ ਡੇਰਾਬੱਸੀ ਖੇਤਰ ਦੇ ਕਿਸੇ ਵੀ ਮੈਡੀਕਲ ਸਟੋਰ ਦੀ ਸਿਹਤ ਵਿਭਾਗ ਵਲੋਂ ਨਾ ਤੇ ਕੋਈ ਜਾਂਚ ਕੀਤੀ ਗਈ ਤੇ ਨਾ ਹੀ ਕੋਈ ਨਸ਼ੀਆਂ ਨੂੰ ਠੱਲ੍ਹ ਪਾਉਣ ਸਬੰਧੀ ਸੰਦੇਸ਼ ਜਾਰੀ ਕੀਤਾ ਗਿਆ। ਦੂਜੇ ਪਾਸੇਂ ਡੇਰਾਬੱਸੀ ਦੇ ਨੇਚਰ ਪਾਰਕਾਂ ਵਿਚ ਇਸਤੇਮਾਲ ਕੀਤੇ ਬਿਪਰੋਨੌਰਫਿਨ ਨਾਮਕ ਟੀਕੇ ਅਤੇ ਸਰਿੰਜਾਂ ਮਿਲਣਾ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸਿਹਤ ਵਿਭਾਗ ਅਪਣੀ ਡਿਊਟੀ ਕਿੰਨੀ ਜ਼ਿੰਮੇਵਾਰੀ ਨਾਲ ਨਿਭਾਅ ਰਿਹਾ ਹੈ।

 ਕਿਉਂਕਿ ਬਿਪਰੋਨੌਰਫਿਨ ਇੰਜੈਕਸ਼ਨ ਡਰਗ ਐਚਵਨ ਦੀ ਸ਼੍ਰੇਣੀ ਵਿਚ ਆਉਂਦਾ ਹੈ ਜੋ ਸਿਰਫ਼ ਨਸ਼ਾ ਮੁਕਤੀ ਕੇਂਦਰਾਂ ਅਤੇ ਸਰਕਾਰ ਨੂੰ ਹੀ ਸਪਲਾਈ ਕੀਤਾ ਜਾ ਸਕਦਾ ਹੈ। ਇਹ ਇੰਜੈਕਸ਼ਨ ਵੱਡੀ ਗਿਣਤੀ ਵਿਚ ਪਾਰਕਾਂ 'ਚ ਮਿਲਣਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇੱਕ ਪਾਸੇਂ ਸਰਕਾਰ ਨਸ਼ੇ ਨੂੰ ਪੰਜਾਬ ਵਿਚੋਂ ਖ਼ਤਮ ਕਰਨ ਲਈ ਮੁਹਿੰਮ ਚਲਾ ਰਹੀ ਹੈ। ਦੂਜੇ ਪਾਸੇਂ ਸਰਕਾਰੀ ਵਿਭਾਗਾਂ ਵਿਚੋਂ ਕੁੱਝ ਮੁਲਾਜ਼ਮ ਅਜਿਹੇ ਇੰਜੈਕਸ਼ਨਾਂ ਨੂੰ ਸਰਕਾਰੀ ਸਟੋਕਾਂ ਵਿਚੋਂ ਚੋਰੀ ਕਰ ਕੇ ਨਸ਼ਾ ਕਰਨ ਵਾਲਿਆਂ ਨੂੰ ਵੇਚ ਕੇ ਕਮਾਈ ਕਰਨ 'ਤੇ ਲੱਗੇ ਹੋਏ ਹਨ। 

ਦੂਜੇ ਪਾਸੇ ਪੇਂਡੂ ਖੇਤਰਾਂ ਵਿਚ ਖੁਲ੍ਹੇ ਮੈਡੀਕਲ ਸਟੋਰਾਂ ਦੀ ਗੱਲ ਤਾਂ ਛੱਡੋ, ਸ਼ਹਿਰੀ ਖੇਤਰਾਂ ਵਿਚ ਅਜਿਹੇ ਮੈਡੀਕਲ ਸਟੋਰ ਹਨ, ਜਿਨ੍ਹਾਂ 'ਤੇ ਬਿਨਾਂ ਪਰਚੀ  ਦੇ ਦਵਾਈਆਂ ਅਤੇ ਸਰਿੰਜਾਂ ਦਿਤੀਆਂ ਜਾਂਦੀਆਂ ਹਨ। ਦੱਸਣਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਡੇਰਾਬੱਸੀ ਖੇਤਰ ਦੇ ਮੈਡੀਕਲ ਸਟੋਰਾਂ ਦੀ ਸਿਹਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਵਲੋਂ ਜਾਂਚ ਨਹੀਂ ਕੀਤੀ ਗਈ। ਸਗੋਂ ਇੱਕ ਦੂਜੇ ਉੱਤੇ ਗੱਲ ਸੁੱਟ ਜ਼ਿੰਮੇਵਾਰੀ ਤੋਂ ਪੱਲਾ ਝਾੜ ਦਿਤਾ ਜਾਦਾ ਹੈ।

ਮੈਡੀਕਲ ਨਸ਼ਾ ਜਿਆਦਾ ਖ਼ਤਰਨਾਕ : ਜਾਣਕਾਰਾਂ ਦੀ ਮੰਨੀਏ ਤਾਂ ਅਫ਼ੀਮ ਜਾਂ ਭੁੱਕੀ ਨਾਲ ਇੰਨੀਆਂ ਮੌਤਾਂ ਨਹੀਂ ਹੁੰਦੀਆਂ ਜਿੰਨੀਆਂ ਚਿੱਟੇ ਜਾਂ ਮੈਡੀਕਲ ਨਸ਼ੇ ਨਾਲ ਹੋ ਰਹੀਆਂ ਹਨ। ਮੈਡੀਕਲ ਨਸ਼ੇ ਜਾ ਸਿੰਥੈਟਿਕ ਨਸ਼ਾ ਨਾਲ ਐਚ.ਆਈ.ਵੀ. ਏਡਸ਼, ਕਾਲਾ ਪੀਲੀਆ ਵਰਗੀ ਵੱਡੀ ਬੀਮਾਰੀਆਂ ਲੱਗ ਰਹੀਆਂ ਹਨ। ਕਈ ਵਾਰ ਮੈਡੀਕਲ ਨਸ਼ੇ ਦੀ ਓਵਰ ਡੋਜ਼ ਵੀ ਮੌਤ ਦੀ ਵਜਾ ਬਣ ਜਾਂਦੀ ਹੈ ਕਿਉਕਿ ਇਹ ਨਸ਼ੇ ਜ਼ਿਆਦਾਤਰ ਗਰੁੱਪ ਵਿਚ ਕੀਤੇ ਜਾਂਦੇ ਹਨ। ਇਕੋਂ ਸਰਿੰਜ ਦਾ ਗਰੁਪ ਵਲੋਂ ਇਸਤੇਮਾਲ ਅਜਿਹੀ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ।