ਮਿਸ਼ਨ ਤਹਿਤ 2 ਲੱਖ ਵਿਦਿਆਰਥੀਆਂ ਨੇ ਲਾਈ ਮੈਰਾਥਨ ਦੌੜ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿੱਖਿਆ ਵਿਭਾਗ ਦੇ ਆਦੇਸ਼ਾਂ ਉਪਰ ਅੱਜ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ 2 ਲੱਖ.....

Marathan Mission

ਬਠਿੰਡਾ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿੱਖਿਆ ਵਿਭਾਗ ਦੇ ਆਦੇਸ਼ਾਂ ਉਪਰ ਅੱਜ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ 2 ਲੱਖ ਵਿਦਿਆਰਥੀਆਂ ਅਤੇ 10,000 ਅਧਿਆਪਕਾਂ ਨੇ ਮੈਰਾਥਨ ਦੌੜ 'ਚ ਭਾਗ ਲਿਆ।ਬਠਿੰਡਾ ਜ਼ਿਲ੍ਹੇ ਵਿੱਚ ਮੈਰਾਥਨ ਦੌੜ ਦੀ ਸ਼ੁਰੂਆਤ ਉੱਪ ਜਿਲਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀਮਤੀ ਭੁਪਿੰਦਰ ਕੌਰ,

ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਗੁਰਪ੍ਰੀਤ ਸਿੰਘ ਅਤੇ ਪ੍ਰਿੰਸੀਪਲ ਸੇਂਟ ਜੇਵੀਅਰ ਸਕੂਲ ਫਾਦਰ ਜੁਲਾਲੀ“ ਫਰਨਾਡੀਜ ਨੇ ਕ੍ਰਮਵਾਰ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਅਤੇ ਸੀਨੀਅਰ ਸੈਕੰਡਰੀ ਸਕੂਲ ਸੇਂਟ ਜੇਵੀਅਰ ਬਠਿੰਡਾ ਤੋਂ ਮੈਰਾਥਨ ਦੌੜ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ। ਵੱਖ-ਵੱਖ ਸਕੂਲਾਂ ਵਲੋਂ ਮੈਰਾਥਨ ਦੌੜ ਤੋਂ ਬਾਅਦ ਖੇਡ ਕ੍ਰਿਆਵਾਂ, ਬੂਟੇ ਲਾਉਣ ਦੇ ਕੰਮ ਵੱਲ ਪ੍ਰੇਰ ਕੇ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਤੰਦਰੁਸਤ ਸਮਾਜ ਸਿਰਜਨ ਲਈ ਉਸਾਰੂ ਕੋਚ ਦੇ ਬੈਨਰ ਨਾਲ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।

ਡਵੀਜ਼ਨਲ ਜੰਗਲਾਤ ਵਿਭਾਗ ਦੁਆਰਾ ਮਾਊਂਟ ਲਿਟਰਾ ਸਕੂਲ ਵਿਖੇ ਵਣ ਮਹਾਉਤਸਵ ਮਨਾਇਆ ਗਿਆ। ਜਿੱਥੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਸਮ ਦੌਰਾਨ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਜੋ ਸਾਨੂੰ ਚੰਗੀ ਛਾਂ ਅਤੇ ਵਧੀਆ ਵਾਤਾਵਰਣ ਮਿਲ ਸਕੇ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਆ ਕਿ ਉਹ ਆਪਣੇ ਘਰ ਇੱਕ ਬੂਟਾ  ਜ਼ਰੂਰ ਲਗਾਉਣ।

ਹਰ ਇੱਕ ਸਕੂਲ ਵੱਲੋਂ ਆਪਣੇ ਪੱਧਰ 'ਤੇ ਮੈਰਾਥਨ ਦੌੜਾਂ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਨਗਰ ਪੰਚਾਇਤ ਲਹਿਰਾ ਮੁਹੱਬਤ ਵਲੋਂ ਵਾਰਡ ਨੰਬਰ 3, 4 ਅਤੇ 7 ਦੀਆਂ ਨਾਲੀਆਂ ਦੀ ਸਫ਼ਾਈ ਕਰਵਾਈ ਗਈ। ਨਗਰ ਪੰਚਾਇਤ ਮਹਿਰਾਜ ਵਲੋਂ ਸਟੇਡੀਅਮ, ਬਜ਼ਾਰਾਂ 'ਚ ਬਣੇ ਜਨਤਕ ਪਖਾਨਿਆਂ ਦੀ ਸਫ਼ਾਈ ਕਰਵਾਈ ਗਈ।
ਇਸੇ ਤਰ੍ਹਾਂ ਖੇਡੋ ਪੰਜਾਬ ਤਹਿਤ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਡਿਪਟੀ ਡੀ.ਈ.ਓ. (ਸੈਕੰਡਰੀ) ਸ਼੍ਰੀਮਤੀ ਭੁਪਿੰਦਰ ਕੌਰ ਨੇ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ।

ਇਸ ਮਿਸ਼ਨ ਤਹਿਤ ਮੈਰਾਥਨ ਦੌੜ, ਵਣ ਮਹਾਂਉਤਸਵ, ਓੜ੍ਹਨ ਪ੍ਰੋਜੈਕਟ ਅਧੀਨ ਮੁਕਾਬਲੇ, ਨਸ਼ਿਆਂ ਵਿਰੋਧੀ ਜਾਗਰੂਕਤਾ, ਵਿਰਾਸਤੀ ਖੇਡਾਂ ਪ੍ਰਤੀ ਉਤਸਾਹ ਹਿੱਤ ਵੱਖ-ਵੱਖ ਪ੍ਰਕਾਰ ਦੀਆਂ ਕਿਰਿਆਵਾਂ ਕਰਵਾਈਆਂ ਗਈਆਂ। ਸ਼੍ਰੀਮਤੀ ਭੁਪਿੰਦਰ ਕੌਰ ਨੇ ਸ.ਸ.ਸ.ਸ ਬਹਿਮਣ ਦੀਵਾਨਾ, ਸ.ਸ.ਸ.ਸ ਸਿਵੀਆਂ ਅਤੇ ਸ.ਸ.ਸ.ਸ ਮੁਲਤਾਨੀਆਂ ਦਾ ਦੌਰਾ ਕੀਤਾ।

ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਵੱਧ ਚੜ੍ਹ ਕੇ ਹਿੱਸਾ ਲਿਆ। ਬਹਿਮਣ ਦੀਵਾਨਾ ਸਕੂਲ ਵਿਖੇ ਬੱਚਿਆਂ ਲਈ ਜਿੱਥੇ ਛਬੀਲ ਅਤੇ ਮੈਡੀਕਲ ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਉੱਥੇ ਹੀ ਸਿਵੀਆਂ ਸਕੂਲ 'ਚ ਬੱਚਿਆਂ ਲਈ ਨਿੰਬੂ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸੇ ਪ੍ਰਕਾਰ ਮੁਲਤਾਨੀਆਂ ਸਕੂਲ 'ਚ ਮੈਰਾਥਨ ਦੌੜ 'ਚ ਲੜਕੇ, ਲੜਕੀਆਂ ਅਤੇ ਸਟਾਫ਼ ਵਿੱਚੋਂ ਪੁਜੀਸ਼ਨਾਂ ਕੱਢੀਆਂ ਗਈਆਂ।