ਪੁੱਡਾ 'ਚ ਦੋ ਸੌ ਅਸਾਮੀਆਂ ਲਈ ਹੋਵੇਗੀ ਭਰਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਵਿਚ ਤਕਨੀਕੀ ਅਤੇ ਗੈਰ-ਤਕਨੀਕੀ ਕਾਡਰਾਂ ਦੀਆਂ 194 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ...

PUDA

ਐਸ.ਏ.ਐਸ. ਨਗਰ,  ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਵਿਚ ਤਕਨੀਕੀ ਅਤੇ ਗੈਰ-ਤਕਨੀਕੀ ਕਾਡਰਾਂ ਦੀਆਂ 194 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਪੁੱਡਾ ਨੇ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਤੋਂ ਆਨ-ਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਸਬੰਧੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੰਤਰੀ ਇੰਚਾਰਜ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ-ਕਮ-ਕੋ ਚੇਅਰਮੈਨ, ਪੁੱਡਾ ਨੇ ਦੱਸਿਆ ਕਿ ਇਹ ਭਰਤੀ ਮੁੱਖ ਮੰਤਰੀ ਪੰਜਾਬ-ਕਮ-ਚੇਅਰਮੈਨ, ਪੁੱਡਾ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਉਪਰੰਤ ਕੀਤੀ ਜਾ ਰਹੀ ਹੈ। 

ਉਨ੍ਹਾਂ ਦਸਿਆ ਕਿ ਤਕਨੀਕੀ ਕਾਡਰ ਦੀਆਂ ਅਸਾਮੀਆਂ ਵਿਚ ਉਪ ਮੰਡਲ ਇੰਜੀਨੀਅਰ (ਸਿਵਲ), ਉਪ ਮੰਡਲ ਇੰਜੀਨੀਅਰ (ਜਨ ਸਿਹਤ), ਉਪ ਮੰਡਲ ਇੰਜੀਨੀਅਰ (ਬਿਜਲੀ), ਉਪ ਮੰਡਲ ਇੰਜੀਨੀਅਰ (ਬਾਗਬਾਨੀ), ਜੂਨੀਅਰ ਇੰਜੀਨੀਅਰ (ਸਿਵਲ), ਜੂਨੀਅਰ ਇੰਜੀਨੀਅਰ (ਜਨ ਸਿਹਤ), ਜੂਨੀਅਰ ਇੰਜੀਨੀਅਰ (ਬਿਜਲੀ),

ਜੂਨੀਅਰ ਇੰਜੀਨੀਅਰ (ਬਾਗਬਾਨੀ), ਜੂਨੀਅਰ ਇੰਜੀਨੀਅਰ (ਬਿਲਡਿੰਗ), ਡਰਾਫ਼ਟਸਮੈਨ (ਇੰਜੀਨੀਅਰਿੰਗ), ਡਰਾਫ਼ਟਸਮੈਨ (ਆਰਕੀਟੈਕਟ) ਅਤੇ ਗੈਰ-ਤਕਨੀਕੀ ਕਾਡਰ ਦੀਆਂ ਆਸਾਮੀਆਂ ਵਿਚ ਲਾਅ ਅਫ਼ਸਰ, ਸੀਨੀਅਰ ਸਹਾਇਕ (ਲੇਖਾ) ਅਤੇ ਕਲਰਕ-ਕਮ-ਡਾਟਾ ਐਂਟਰੀ ਓਪਰੇਟਰ ਦੀਆਂ ਆਸਾਮੀਆਂ ਸ਼ਾਮਲ ਹਨ। ਬਾਜਵਾ ਨੇ ਦੱਸਿਆ ਕਿ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ਤੇ ਕੀਤੀ ਜਾਵੇਗੀ ਜਿਸ ਵਿਚ ਉਮੀਦਵਾਰਾਂ ਵਲੋਂ ਪ੍ਰਾਪਤ ਕੀਤੇ ਅੰਕਾਂ ਦੇ ਅਧਾਰ 'ਤੇ ਮੈਰਿਟ ਤਿਆਰ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦੀ ਕੋਈ ਇੰਟਰਵਿਊ ਨਹੀਂ ਲਈ ਜਾਵੇਗੀ। 

ਬਿਨੈਕਾਰਾਂ ਨੂੰ ਕਿਸੇ ਵੀ ਅਸਾਮੀ ਲਈ ਆਨ-ਲਾਈਨ ਅਰਜ਼ੀ ਦੇਣੀ ਹੋਵੇਗੀ। ਰਜਿਸਟਰੇਸ਼ਨ ਕਰਵਾਉਣ ਲਈ ਆਨ ਲਾਈਨ ਪ੍ਰਕਿਰਿਆ 25 ਜੁਲਾਈ 2018 ਤੋਂ ਅਰੰਭੀ ਜਾਵੇਗੀ। ਇਸ ਤੋਂ ਬਾਅਦ ਆਰਜ਼ੀ ਸਮਾਂਸੂਚੀ ਅਨੁਸਾਰ ਬਿਨੈਕਾਰ ਆਪਣੇ ਈ-ਅਡਮਿਟ ਕਾਰਡ ਸਤੰਬਰ ਮਹੀਨੇ ਵਿਚ ਡਾਊਨਲੋਡ ਕਰ ਸਕਣਗੇ ਅਤੇ ਸਤੰਬਰ ਵਿਚ ਹੀ ਲਿਖਤੀ ਪ੍ਰੀਖਿਆ ਹੋਵੇਗੀ।