5ਵੇਂ ਸੂਬਾ ਪੱਧਰੀ ਵਿਸ਼ਾਲ ਰੋਜ਼ਗਾਰ ਮੇਲੇ 19 ਸਤੰਬਰ ਤੋਂ ਕੀਤੇ ਜਾਣਗੇ ਆਯੋਜਿਤ: ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੂਜਾ ਅੰਤਰ-ਰਾਸ਼ਟਰੀ ਰੋਜ਼ਗਾਰ ਮੇਲਾ ਛੇ ਮਹੀਨਿਆਂ ਦੇ ਅੰਦਰ ਹੋਵੇਗਾ ਆਯੋਜਿਤ

Punjab Govt. to organise 5th state level mega job fairs from sep 19: Channi

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ 5ਵੇਂ ਸੂਬਾ ਪੱਧਰੀ ਵਿਸ਼ਾਲ ਰੋਜ਼ਗਾਰ ਮੇਲੇ 19 ਸਤੰਬਰ, 2019 ਤੋਂ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਜ਼ਗਾਰ ਉੱਤਪਤੀ ਲਈ ਗਠਿਤ ਕੀਤੇ ਸਲਾਹਕਾਰੀ ਸਮੂਹ ਦੀ ਪਲੇਠੀ ਮੀਟਿੰਗ ਦੀ ਘੋਸ਼ਣਾ ਕੀਤੀ ਗਈ ਜਿਸ ਦੀ ਪ੍ਰਧਾਨਗੀ ਤਕਨੀਕੀ ਸਿੱਖਿਆ ਤੇ ਰੋਜ਼ਗਾਰ ਉੱਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੀ ਗਈ।

ਇਸ ਸਮੂਹ ਵਿਚ ਉਦਯੋਗ ਮੰਤਰੀ, ਸੁੰਦਰ ਸ਼ਾਮ ਅਰੋੜਾ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਸੰਜੇ ਤਲਵਾੜ,  ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਅਤੇ ਵਿਧਾਇਕ ਅੰਗਦ ਸੈਣੀ ਹੋਰ ਮੈਂਬਰਾਂ ਵਜੋਂ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ 5ਵਾਂ ਸੂਬਾ ਪੱਧਰੀ ਵਿਸ਼ਾਲ ਰੋਜ਼ਗਾਰ ਮੇਲਾ 19 ਸਤੰਬਰ, 2019 ਤੋਂ 30 ਸਤੰਬਰ, 2019 ਤੱਕ ਆਯੋਜਿਤ ਕਰਵਾਏ ਜਾਣਗੇ। ਜਿਨ੍ਹਾਂ ਦਾ ਉਦੇਸ਼ ਘੱਟੋ-ਘੱਟ 1 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਦਾਨ ਕਰਵਾਉਣਾ ਅਤੇ 1 ਲੱਖ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲੋਨ ਮੁਹੱਈਆ ਕਰਵਾਉਣਾ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਸੂਬਾ ਪੱਧਰੀ ਰੋਜ਼ਗਾਰ ਮੇਲੇ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿਚ 75 ਥਾਵਾਂ ’ਤੇ ਆਯੋਜਿਤ ਕੀਤੇ ਜਾਣਗੇ। ਚੰਨੀ ਨੇ ਦੱਸਿਆ ਕਿ ਦੂਜਾ ਅੰਤਰ-ਰਾਸ਼ਟਰੀ ਰੋਜ਼ਗਾਰ ਮੇਲਾ ਛੇ ਮਹੀਨਿਆਂ ਦੇ ਅੰਦਰ ਆਯੋਜਿਤ ਕੀਤਾ ਜਾਵੇਗਾ। ਸਲਾਹਕਾਰੀ ਗਰੁੱਪ ਵਲੋਂ 4 ਸੂਬਾ ਪੱਧਰੀ ਰੋਜ਼ਗਾਰ ਮੇਲਿਆਂ ਅਤੇ 1 ਕੌਮਾਂਤਰੀ ਰੋਜ਼ਗਾਰ ਮੇਲੇ ਦੇ ਸਫ਼ਲ ਆਯੋਜਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿਤੀ ਗਈ।

ਮੰਤਰੀ ਨੇ ਮੈਂਬਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿਚ ਰੋਜ਼ਗਾਰ ਮੁਹਿੰਮ ਜਾਰੀ ਹੈ ਅਤੇ ਹੁਣ ਤੱਕ 8.21 ਲੱਖ ਨੌਜਵਾਨਾਂ ਨੂੰ ਸਰਕਾਰੀ/ਪ੍ਰਾਈਵੇਟ/ਸਵੈ-ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ। ਇਸ ਮੌਕੇ ਚੰਨੀ ਨੇ ਸਲਾਹਕਾਰੀ ਗਰੁੱਪ ਨੂੰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ‘ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਹਰੇਕ ਬੇਰੁਜ਼ਗਾਰ ਨੂੰ ਰੋਜ਼ਗਾਰ ਜਾਂ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ‘ਪੰਜਾਬ ਜਾਬ ਹੈਲਪਲਾਈਨ’ ਜਲਦੀ ਹੀ ਲਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਦੇਸ਼ਾਂ ’ਚ ਰੋਜ਼ਗਾਰ ਅਤੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਦੀ ਸਹੂਲਤ ਪ੍ਰਦਾਨ ਕਰਨ ਲਈ ਇਕ ਸੁਚੱਜੀ ਪ੍ਰਣਾਲੀ ਪ੍ਰਕਿਰਿਆ ਅਧੀਨ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰਾਹੁਲ ਤਿਵਾੜੀ, ਸਕੱਤਰ, ਰੋਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ, ਆਰ. ਵੈਂਕਟ ਰਤਨਮ, ਪ੍ਰਮੁੱਖ ਸਕੱਤਰ, ਕਿਰਤ ਵਿਭਾਗ, ਸਿਬਨ ਸੀ., ਡਾਇਰੈਕਟਰ, ਸਨਅੱਤ ਤੇ ਵਣਜ ਵਿਭਾਗ, ਬਸੰਤ ਗਰਗ, ਮਿਸ਼ਨ ਡਾਇਰੈਕਟਰ, ਘਰ ਘਰ ਰੋਜ਼ਗਾਰ ਮਿਸ਼ਨ, ਰਾਜੀਵ ਗੁਪਤਾ, ਵਧੀਕ ਸਕੱਤਰ, ਰੋਜ਼ਗਾਰ ਉੱਤਪਤੀ ਵਿਭਾਗ ਅਤੇ ਰਾਜਦੀਪ ਕੌਰ , ਵਧੀਕ ਡਾਇਰੈਕਟਰ, ਰੋਜ਼ਗਾਰ ਉੱਤਪਤੀ ਵਿਭਾਗ ਸ਼ਾਮਲ ਸਨ।