ਪੰਜਾਬ 'ਚੋਂ ਅਨਾਜ ਚੁਕਣ ਦੀ ਰਫ਼ਤਾਰ ਹੋਈ ਤੇਜ਼
ਤਿੰਨ ਮਹੀਨਿਆਂ 'ਚ 60 ਲੱਖ ਟਨ ਗਿਆ, 40 ਲੱਖ ਟਨ ਦੀ ਹੋਰ ਮੰਗ ਪੁੱਜੀ
ਚੰਡੀਗੜ੍ਹ, 7 ਜੁਲਾਈ (ਐਸ.ਐਸ. ਬਰਾੜ) : ਪੰਜਾਬ ਲਈ ਇਹ ਇਕ ਰਾਹਤ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਰਾਜ 'ਚੋਂ ਅਨਾਜ ਚੁੱਕਣ ਦੇ ਕੰਮ 'ਚ ਤੇਜ਼ੀ ਲਿਆਂਦੀ ਹੈ। ਪਿਛਲੇ ਤਿੰਨ ਮਹੀਨਿਆਂ 'ਚ 60 ਲੱਖ ਟਨ ਕਣਕ ਚੁੱਕੀ ਗਈ ਹੈ ਅਤੇ 40 ਲੱਖ ਟਨ ਹੋਰ ਕਣਕ ਭੇਜਣ ਦੀ ਮੰਗ ਆਈ ਹੈ। ਹੁਣ ਤਕ ਜੋ ਅਨਾਜ ਭੇਜਿਆ ਗਿਆ, ਉਸ 'ਚ 40 ਲੱਖ ਟਨ ਹੋਰ ਕਣਕ ਭੇਜਣ ਦੀ ਮੰਗ ਆਈ ਹੈ। ਹੁਣ ਤਕ ਜੋ ਅਨਾਜ ਭੇਜਿਆ ਗਿਆ, ਉਸ 'ਚ 40 ਲੱਖ ਟਨ ਚੌਲ ਅਤੇ 20 ਲੱਖ ਟਨ ਕਣਕ ਸੀ। ਇਸ ਮੁੱਦੇ 'ਤੇ ਅੱਜ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗੱਲ ਹੋਈ ਤਾਂ ਉਨ੍ਹਾਂ ਦਸਿਆ ਕਿ 60 ਲੱਖ ਟਨ ਅਨਾਜ ਪਿਛਲੇ ਤਿੰਨ ਮਹੀਨਿਆਂ 'ਚ ਪੰਜਾਬ 'ਚੋਂ ਚੁਕਿਆ ਗਿਆ। ਕੇਂਦਰ ਸਰਕਾਰ ਨੇ ਇਹ ਅਨਾਜ ਚੁੱਕਣ ਲਈ 2300 ਵਿਸ਼ੇਸ਼ ਗੱਡੀਆਂ ਲਗਾਈਆਂ।
40 ਲੱਖ ਟਨ ਹੋਰ ਅਨਾਜ ਭੇਜਣ ਦੀ ਮੰਗ ਪ੍ਰਾਪਤ ਹੋਈ ਹੈ। ਉੁਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਵਲੋਂ 5 ਕਿੱਲੋ ਵਾਧੂ ਅਨਾਜ ਹਰ ਮਹੀਨੇ 80 ਕਰੋੜ ਗ਼ਰੀਬਾਂ ਨੂੰ ਅਗਲੇ 5 ਮਹੀਨਿਆਂ ਤਕ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ, ਉਸ ਨਾਲ ਪੰਜਾਬ 'ਚੋਂ ਵੱਡੀ ਮਾਤਰਾ 'ਚ ਅਨਾਜ ਚੁੱਕੇ ਜਾਣ ਦੀ ਸੰਭਾਵਨਾ ਹੈ। ਸ੍ਰੀ ਆਸ਼ੂ ਨੇ ਦਸਿਆ ਕਿ ਇਸ ਸਮੇਂ ਪੰਜਾਬ 'ਚ ਲਗਭਗ 280 ਲੱਖ ਅਨਾਜ ਟਨ ਪਿਆ ਹੈ। ਇਸ 'ਚ 175 ਲੱਖ ਟਨ ਕਣਕ ਅਤੇ 105 ਲੱਖ ਟਨ ਚੌਲ ਹੈ। ਉਨ੍ਹਾਂ ਦਸਿਆ ਕਿ ਜ਼ਿਆਦਾ ਮੰਗ ਚੌਲ ਭੇਜਣ ਦੀ ਆ ਰਹੀ ਹੈ। ਜਦਕਿ ਪੰਜਾਬ ਦੀ ਵੱਡੀ ਸਮਸਿਆ ਕਣਕ ਦੀ ਸੰਭਾਲ ਦੀ ਹੈ। ਪਿਛਲੇ ਤਿੰਨ ਮਹੀਨਿਆਂ 'ਚ ਜੋ 60 ਲੱਖ ਟਨ ਅਨਾਜ ਚੁਕਿਆ ਗਿਆ, ਉਸ 'ਚ 40 ਲੱਖ ਟਨ ਚੌਲ ਅਤੇ 20 ਲੱਖ ਟਨ ਕਣਕ ਸੀ।
ਕਣਕ ਦੇ ਭੰਡਾਰ ਖੁਲ੍ਹੇ ਅਸਮਾਨ ਹੇਠ ਤਰਪਾਲਾਂ ਦੇ ਕੇ ਰੱਖੇ ਗਏ ਹਨ ਜਦਕਿ ਚੌਲ ਗੁਦਾਮਾਂ 'ਚ ਰਖਿਆ ਗਿਆ ਹੈ। ਖੁਲ੍ਹੇ ਅਸਮਾਨ ਹੇਠ ਰੱਖੀ ਗਈ ਕਣਕ ਜਲਦੀ ਖ਼ਰਾਬ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਲਈ ਪੰਜਾਬ ਦੀ ਮੰਗ ਹੈ ਕਿ ਪਹਿਲਾਂ ਕਣਕ ਦੇ ਭੰਡਾਰ ਚੁੱਕੇ ਜਾਣ। ਮੰਤਰੀ ਨੇ ਸਪਸ਼ਟ ਕੀਤਾ ਕਿ ਪ੍ਰਧਾਨ ਮੰਤਰੀ ਨੇ ਨਵੇਂ ਐਲਾਨ ਅਨੁਸਾਰ ਅਜੇ ਅਨਾਜ ਚੁੱਕਣ ਦੀ ਪੂਰੀ ਮੰਗ ਨਹੀਂ ਪੁੱਜੀ। ਪ੍ਰੰਤੂ ਪੂਰੀ ਮੰਗ ਪੁੱਜਣ ਨਾਲ ਪੰਜਾਬ 'ਚੋਂ ਵੱਡੀ ਮਾਤਰਾ 'ਚ ਅਨਾਜ ਚੁਕਿਆ ਜਾਵੇਗਾ। ਜੇਕਰ ਪਿਛਲੇ ਤਿੰਨ ਮਹੀਨਿਆਂ ਦੀ ਰਫ਼ਤਾਰ ਨੂੰ ਵੇਖਿਆ ਜਾਵੇ ਤਾਂ ਹਰ ਮਹੀਨੇ 20 ਲੱਖ ਟਨ ਅਨਾਜ ਚੁਕਿਆ ਗਿਆ। ਇਸ ਤਰ੍ਹਾਂ ਅਗਲੇ 5 ਮਹੀਨਿਆਂ 'ਚ ਲਗਭਗ ਇਕ ਸੌ ਲੱਖ ਟਨ ਅਨਾਜ ਹੋਰ ਚੁੱਕੇ ਜਾਣ ਦੀ ਸੰਭਾਵਨਾ ਹੈ।