ਭਾਈ ਲੌਂਗੋਵਾਲ ਨੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਪੱਤਰ ਲਿਖਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਅਗਲੀ ਚੋਣ ਤਕ ਪਹਿਲੀ ਕਮੇਟੀ ਨੂੰ ਸਮਾਂ ਦੇਣ ਦੀ ਕੀਤੀ ਮੰਗ

Bhai Longowal

ਅੰਮ੍ਰਿਤਸਰ, 7 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜੰਮੂ ਕਸ਼ਮੀਰ ਦੇ ਗਵਰਨਰ ਜੀ.ਸੀ. ਮੂਰਮੂ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜੰਮੂ ਕਸ਼ਮੀਰ ਗੁਰਦਵਾਰਾ ਪ੍ਰਬੰਧਕੀ ਬੋਰਡ ਦਾ ਪ੍ਰਸ਼ਾਸਕ ਲਗਾਉਣ ਲਈ ਸਰਕਾਰ ਵਲੋਂ ਕੀਤੀ ਜਾ ਰਹੀ ਕਾਰਵਾਈ ਨੂੰ ਰੋਕਣ ਲਈ ਉਹ ਦਖ਼ਲ ਦੇਣ। ਦਸਣਯੋਗ ਹੈ ਕਿ ਗੁਰਦਵਾਰਾ ਬੋਰਡ ਦੀ ਮਿਆਦ ਇਸੇ ਮਹੀਨੇ ਖ਼ਤਮ ਹੋ ਰਹੀ ਹੈ ਪ੍ਰੰਤੂ ਕੋਵਡ-19 ਦੇ ਚਲਦਿਆਂ ਚੋਣ ਕਰਵਾਉਣ ਦੀ ਥਾਂ ਪ੍ਰਸ਼ਾਸਨ ਵਲੋਂ ਪ੍ਰਬੰਧਕ ਲਗਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਜੰਮੂ-ਕਸ਼ਮੀਰ ਗੁਰਦਵਾਰਾ ਪ੍ਰਬੰਧਕੀ ਬੋਰਡ ਅਤੇ ਸਥਾਨਕ ਸੰਗਤਾਂ ਵਲੋਂ ਇਸ ਮਾਮਲੇ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤਕ ਪਹੁੰਚ ਕੀਤੀ ਗਈ ਹੈ ਜਿਸ ਦੇ ਚਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਜੰਮੂ ਕਸ਼ਮੀਰ ਦੇ ਗਵਰਨਰ ਨੂੰ ਇਹ ਪੱਤਰ ਲਿਖਿਆ ਹੈ। ਭਾਈ ਲੌਂਗੋਵਾਲ ਨੇ ਜੰਮੂ ਕਸ਼ਮੀਰ ਦੇ ਗਵਰਨਰ ਨੂੰ ਲਿਖਿਆ ਕਿ ਪ੍ਰਸ਼ਾਸਕ ਲਗਾਉਣ ਦੀ ਕਾਰਵਾਈ ’ਤੇ ਤੁਰਤ ਰੋਕ ਲਗਾਈ ਜਾਵੇ ਅਤੇ ਪਹਿਲੀ ਕਮੇਟੀ ਨੂੰ ਨਵੀਂ ਚੋਣ ਤਕ ਕੰਮ ਕਰਨ ਦਾ ਅਧਿਕਾਰ ਦਿਤਾ ਜਾਵੇ। ਗੁਰਦੁਆਰਾ ਪ੍ਰਬੰਧ ਸਰਕਾਰੀ ਪ੍ਰਸ਼ਾਸਕ ਦੇ ਹੱਥਾਂ ਵਿਚ ਸੌਂਪਣਾ ਜਾਇਜ਼ ਨਹੀਂ ਹੈ।

ਇਸ ਨਾਲ ਸੰਗਤੀ ਪ੍ਰਬੰਧ ਦੀ ਥਾਂ ਨਿਜੀ ਦਖ਼ਲਅੰਦਾਜ਼ੀ ਵਧੇਗੀ। ਗੁਰੂ ਘਰਾਂ ਦੀ ਮਰਿਆਦਾ ਅਤੇ ਪ੍ਰਬੰਧਾਂ ਵਿਚ ਸਰਕਾਰੀ ਨੁਮਾਇੰਦਿਆਂ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਪ੍ਰਬੰਧਕ ਲਗਾਉਣ ਦੀ ਕਾਰਵਾਈ ਨੂੰ ਤੁਰਤ ਰੋਕਿਆ ਜਾਵੇ। ਭਾਈ ਲੌਂਗੋਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਰਾਮ-ਰਹੀਮ ਨੂੰ ਨਾਮਜ਼ਦ ਕਰਨ ’ਤੇ ਪ੍ਰਤੀਕਰਮ ਦੇਂਦਿਆਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।