ਬੀਬੀ ਬਾਦਲ ਨੂੰ ਕੇਂਦਰ ਤੋਂ ਸੱਦ ਲਵੋ, ਲੋਕਾਂ ਨੂੰ ਧੁੱਪੇ ਸਾੜਨ ਦੀ ਲੋੜ ਨਹੀਂ: ਕਾਂਗੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਕਾਂਗੜ ਦਾ ਅਕਾਲੀਆਂ 'ਤੇ ਪਲਟਵਾਰ

Gurpreet Singh Kangar

ਬਠਿੰਡਾ (ਦਿਹਾਤੀ), 7  ਜੁਲਾਈ  (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਦੀ ਪ੍ਰਤੀਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਨੇ ਪੰਜਾਬ ਅੰਦਰ ਅਕਾਲੀ ਦਲ ਵਲੋਂ ਪੈਟਰੋਲ ਡੀਜ਼ਲ ਦੇ ਵਧੇ ਭਾਅ, ਨੀਲੇ ਕਾਰਡ ਦੀ ਛਾਂਟੀ ਅਤੇ ਬਿਜਲੀ ਦੇ ਉੱਚੇ ਭਾਵਾਂ ਨੂੰ ਲੈ ਕੇ ਲਗਾਏ ਜਾ ਰਹੇ ਧਰਨੇ-ਰੋਸ ਮੁਜ਼ਾਹਰਿਆਂ ਸਬੰਧੀ ਅਕਾਲੀ ਦਲ ਦੇ ਇਸ ਪ੍ਰੋਗਰਾਮ ਨੂੰ ਫੇਲ ਡਰਾਮਾ ਕਰਾਰ ਦਿਤਾ। ਕਾਂਗੜ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਬੀਬੀ ਬਾਦਲ ਕੇਂਦਰ ਵਿਚ ਵਜ਼ੀਰ ਹੈ। ਜੇ ਅਕਾਲੀ ਦਲ ਬੀਬੀ ਨੂੰ ਕੇਂਦਰ ਤੋਂ ਅਸਤੀਫ਼ਾ ਦਿਵਾ ਕੇ ਪੰਜਾਬ ਸੱਦ ਲਵੇ ਤਾਂ ਲੋਕਾਂ ਨੂੰ ਆਹ ਧੁੱਪੇ ਸਾੜਨ ਦੀ ਅਕਾਲੀਆਂ ਨੂੰ ਲੋੜ ਨਾ ਪਵੇ, ਤੇਲ ਅਪਣੇ ਆਪ ਸਸਤਾ ਹੋ ਜਾਵੇਗਾ।

ਕਾਂਗੜ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਖੀਆਂ ਨਾਲ ਬੈਠ ਕੇ ਗੁਰੂ ਤੋਂ ਬੇਮੁਖ ਨਾ ਹੋਵੇ। ਬੇਅਦਬੀ ਕਾਂਡ ਨੂੰ ਯਾਦ ਕਰ ਕੇ ਇਨ੍ਹਾਂ ਨੂੰ ਛੱਡ ਦਿਉ ਸੜਕਾਂ 'ਤੇ ਭੁੰਜੇ ਬੈਠਣ ਲਈ। ਗੁਰੂ ਦੀ ਬੇਅਦਬੀ ਵਾਲਿਆਂ ਦਾ ਹਸ਼ਰ ਅਜਿਹਾ ਹੀ ਹੁੰਦਾ ਹੈ ਜਦਕਿ ਹੁਣ ਤਾਂ ਸਭ ਚਿੱਟੇ ਦਿਨ ਵਾਂਗ ਸਾਫ਼ ਨਜ਼ਰ ਆਉਣ ਲੱਗ ਪਿਆ ਹੈ ਕਿ ਬਾਦਲਾਂ ਦੇ ਰਾਜ ਵਿਚ ਹੋਈ ਬੇਅਦਬੀ ਵਿਚ ਡੇਰਾ ਮੁਖੀ ਨਾਲ ਬਾਦਲਾਂ ਦੀ ਸਾਂਝ ਸੀ। ਜਿਨ੍ਹਾਂ ਨੇ ਹੀ ਗੁਰੂ ਮਰਿਯਾਦਾ ਨੂੰ ਢਾਹ ਲਾ ਕੇ ਡੇਰਾ ਮੁਖੀ ਨੂੰ ਅਪਣੇ ਚਹੇਤੇ ਜਥੇਦਾਰ ਕੋਲੋਂ ਮੁਆਫ਼ੀ ਦਿਵਾਈ ਸੀ। ਕਾਂਗੜ ਨੇ ਆਟਾ ਦਾਲ ਸਕੀਮ ਬਾਰੇ ਬੋਲਦਿਆਂ ਕਿਹਾ ਕਿ ਇਹ ਅਕਾਲੀ ਭਾਜਪਾ ਦਾ ਰਾਜ ਨਹੀਂ ਕਿ ਅਪਣੇ ਚਹੇਤਿਆਂ ਨੂੰ ਆਟਾ ਦਾਲ ਮਿਲੇਗਾ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤਾਂ ਕਿਸਾਨ ਕਰਜ਼ ਮੁਆਫ਼ੀ ਪਾਰਦਰਸ਼ੀ ਤਰੀਕੇ ਨਾਲ ਨਿਭਾਈ ਅਤੇ ਕੋਰੋਨਾ ਵਾਇਰਸ ਦੌਰਾਨ ਅਰਬਾਂ-ਖ਼ਰਬਾਂ ਰੁਪਏ ਦਾ ਅਨਾਜ, ਰਾਸ਼ਨ ਕਿੱਟਾਂ, ਦਵਾਈਆਂ, ਮਾਸਕ, ਸੈਨੈਟਾਇਜ਼ਰ ਲੋਕਾਂ ਵਿਚਕਾਰ ਵੰਡ ਕੇ ਉਨ੍ਹਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ, ਪਰ ਅਕਾਲੀ ਦਲ ਮਹਾਂਮਾਰੀ ਵਿਚ ਵੀ ਲੋਕਾਂ ਨੂੰ ਭਟਕਾ ਕੇ ਰਾਜਸੀ ਰੋਟੀਆਂ ਸੇਕ ਰਹੇ ਹਨ। ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਕਾਲੀ ਦਲ 'ਤੇ ਵਾਰ ਕਰਦਿਆਂ ਇਹ ਵੀ ਕਿਹਾ ਕਿ ਖੱਖੜੀ ਕਰੇਲੇ ਹੋਏ ਅਕਾਲੀ ਦਲ ਨੂੰ ਹੁਣ ਧਰਨੇ ਅਤੇ ਲੋਕ ਯਾਦ ਆਉਣ ਲੱਗ ਪਏ ਹਨ ਜਦ ਬਹਿਬਲ ਕਲਾਂ 'ਚ ਜਾਪ ਕਰਦੀ ਸੰਗਤ 'ਤੇ ਗੋਲੀਆਂ ਵਰ੍ਹਾਈਆ ਸਨ ਤਦ ਲੋਕਾਂ ਨੇ ਅਕਾਲੀ ਦਲ ਨੂੰ ਪੱਕੇ ਤੌਰ 'ਤੇ ਮਨਾਂ ਵਿਚੋਂ ਵਿਸਾਰ ਦਿਤਾ ਸੀ। ਇਸ ਮੌਕੇ ਪਾਰਟੀ ਵਰਕਰ ਹਾਜ਼ਰ ਸਨ।