ਕੰਟਰੈਕਟ ਤੇ ਹੋਰ ਕੱਚੇ ਮੁਲਾਜ਼ਮਾਂ ਦੇ ਮਾਮਲਿਆਂ ਬਾਰੇ ਕੈਬਨਿਟ ਸਬ ਕਮੇਟੀ ਗਠਿਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੀ ਸਰਕਾਰ ਵੇਲੇ ਬਣੇ ਐਕਟ ਵਿਚ ਹੋਵੇਗਾ ਬਦਲਾਅ

Captain Amrinder Singh

ਚੰਡੀਗੜ੍ਹ, 7 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਅਧੀਨ ਕੰਟਰੈਕਟਰ ਵਾਲੇ ਅਤੇ ਹੋਰ ਕੱਚੇ ਮੁਲਾਜ਼ਮਾਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਾਮਲੇ ਦੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5 ਮੰਤਰੀਆਂ ਦੀ ਇਕ ਕੈਬਨਿਟ ਸਬ ਕਮੇਟੀ ਗਠਿਤ ਕਰ ਦਿਤੀ ਗਈ ਹੈ। ਇਨ੍ਹਾਂ ਮੁਲਾਜ਼ਮਾਂ ਵਿਚ ਐਡਹਾਕ, ਦਿਹਾੜੀਦਾਰ ਅਤੇ ਆਊਟ ਸੋਰਸ ਵਾਲੇ ਵੀ ਸ਼ਾਮਲ ਹਨ। ਸਰਕਾਰ ਦੀ ਗਠਿਤ ਕੀਤੀ ਗਈ ਕੈਬਨਿਟ ਸਬ ਕਮੇਟੀ ਵਿਚ ਮੰਤਰੀਆਂ ਵਿਚੋਂ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਸਰਕਾਰੀਆ ਨੂੰ ਲਿਆ ਗਿਆ ਹੈ। ਮੰਤਰੀਆਂ ਦੀ ਕਠਿਤ ਕਮੇਟੀ ਬਾਰੇ ਜਾਰੀ ਨੋਟੀਫਿਕੇਸ਼ਨ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਮੌਜੂਦਾ ਸਰਕਾਰ ਪਿਛਲੀ ਸਰਕਾਰ ਵਲੋਂ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਵਿਧਾਨ ਸਭਾ ਵਿਚ ਪਾਸ 2016 ਦੇ ਐਕਟ ਨੂੰ ਬਦਲ ਕੇ ਨਵਾਂ ਐਕਟ ਬਣਾਵੇਗੀ। ਇਸ ਬਾਰੇ ਮੰਤਰੀਆਂ ਦੀ ਕਮੇਟੀ ਸੁਝਾਅ ਦੇਵੇਗੀ।