18 ਮਹੀਨਿਆਂ ਵਿਚ ਹੀ ਅਕਾਲੀ ਦਲ ਟਕਸਾਲੀ ਹੋਇਆ ਖੇਰੂੰ-ਖੇਰੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਦਾਰ ਸੇਖ਼ਵਾਂ, ਬੀਰ ਦਵਿੰਦਰ ਤੇ ਬੱਬੀ ਬਾਦਲ ਬਾਅਦ ਕੁੱਝ ਆਗੂਆਂ ਨਾਲ ਇਕੱਲੇ ਰਹਿ ਗਏ ਜਥੇਦਾਰ ਬ੍ਰਹਮਪੁਰਾ

File

ਚੰਡੀਗੜ੍ਹ, 7 ਜੁਲਾਈ (ਗੁਰਉਪਦੇਸ਼ ਭੁੱਲਰ): ਬਾਦਲ ਦਲ ਵਿਚੋਂ ਬਗ਼ਾਵਤ ਕਰ ਕੇ ਪਾਰਟੀ ਵਿਚੋਂ ਬਾਹਰ ਆਏ ਮਾਝੇ ਨਾਲ ਸਬੰਧਤ ਵੱਡੇ ਅਕਾਲੀ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਬਣਿਆ ਅਕਾਲੀ ਦਲ ਟਕਸਾਲੀ 18 ਮਹੀਨੇ ਵਿਚ ਹੀ ਖੇਰੂੰ-ਖੇਰੂੰ ਹੋ ਗਿਆ ਹੈ। ਇਸ ਦਲ ਨਾਲ ਪਹਿਲਾਂ ਤਕ ਬਾਦਲ ਵਿਰੋਧੀ ਫ਼ਰੰਟ ਬਣਾਉਣ ਦੇ ਯਤਨਾਂ ਲਈ ਨਾਲ ਚਲਦੇ ਰਹੇ ਇਕ ਹੋਰ ਕੱਦਾਵਾਰ ਅਕਾਲੀ ਨੇਤਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਨਵਾਂ ਅਕਾਲੀ ਦਲ ਸਥਾਪਤ ਕੀਤੇ ਜਾਣ ਬਾਅਦ ਅਕਾਲੀ ਦਲ ਟਕਸਾਲੀ ਨੂੰ ਵੱਡਾ ਝਟਕਾ ਲੱਗਾ ਹੈ।  ਟਕਸਾਲੀ ਦਲ ਦੀ 9 ਮੈਂਬਰੀ ਕੋਰ ਕਮੇਟੀ ਵਿਚ ਸ਼ਾਮਲ 4 ਪ੍ਰਮੁੱਖ ਨੇਤਾ ਢੀਂਡਸਾ ਨਾਲ ਚਲੇ ਗਏ ਹਨ ਜਿਨ੍ਹਾਂ ਵਿਚ ਟਕਸਾਲੀ ਦਲ ਦੇ ਸੰਸਥਾਪਕਾਂ ਵਿਚ ਰਹੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਯੂਥ ਅਕਾਲੀ ਵਿੰਗ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਤੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਵਡਾਲੀ ਦੇ ਨਾਂ ਜ਼ਿਕਰਯੋਗ ਹਨ।

ਜਦਕਿ ਡਾ. ਰਤਨ ਸਿੰਘ ਅਜਨਾਲਾ ਪ੍ਰਵਾਰ ਪਹਿਲਾਂ ਹੀ ਪਾਸਾ ਵੱਟ ਗਿਆ ਸੀ ਜਦੋਂ ਡਾ. ਰਤਨ ਸਿੰਘ ਅਜਨਾਲਾ ਦੇ ਪੁੱਤਰ ਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੌਨੀ ਨੇ ਬਾਦਲ ਦਲ ਵਿਚ ਵਾਪਸੀ ਕਰ ਲਈ ਸੀ। ਇਸ ਤਰ੍ਹਾਂ ਹੁਣ ਟਕਸਾਲੀ ਦਲ ਵਿਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਇਕੱਲੇ ਰਹਿ ਗਏ ਹਨ। ਇਸ ਤੋਂ ਇਲਾਵਾ ਕੁੱਝ ਕੁ ਹੋਰ ਗਿਣਤੀ ਦੇ ਨੇਤਾ ਹੀ ਬ੍ਰਹਮਪੁਰਾ ਨਾਲ ਖੜੇ ਹਨ ਪਰ ਹੁਣ ਬ੍ਰਹਮਪੁਰਾ ਨਾਲ ਵੱਡੇ ਕੱਦ ਦਾ ਕੋਈ ਅਕਾਲੀ ਨੇਤਾ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਤੇ ਮਜੀਠੀਆ 'ਤੇ ਤਾਨਾਸ਼ਾਹੀ ਦੇ ਦੋਸ਼ ਲਾ ਕੇ ਬਾਦਲ ਦਲ ਵਿਚੋਂ ਬਾਹਰ ਹੋਣ ਤੋਂ ਬਾਅਦ 16 ਦਸੰਬਰ 2018 ਵਿਚ ਜਥੇਦਾਰ ਬ੍ਰਹਮਪੁਰਾ, ਸੇਖਵਾਂ ਤੇ ਡਾ. ਅਜਨਾਲਾ ਨੇ ਅਕਾਲੀ ਦਲ ਟਕਸਾਲੀ ਬਣਾਇਆ ਸੀ।

ਉਸ ਤੋਂ ਬਾਅਦ ਪਾਰਟੀ ਪੰਜਾਬ ਡੈਮੋਕਰੇਟਿਕ ਗਠਜੋੜ ਦਾ ਹਿੱਸਾ ਬਣੀ ਤੇ ਫਿਰ ਲੋਕ ਸਭਾ ਚੋਣਾਂ ਵਿਚ 2019 ਵਿਚ 'ਆਪ' ਨਾਲ ਗਠਜੋੜ ਦਾ ਯਤਨ ਕੀਤਾ ਪਰ ਸਫ਼ਲ ਨਾ ਹੋਣ 'ਤੇ ਇਕੱਲੇ ਚੋਣ ਲੜੀ। ਅਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਨੂੰ ਉਮੀਦਵਾਰ ਬਣਾਇਆ ਤੇ ਖਡੂਰ ਸਾਹਿਬ ਗਠਜੋੜ ਦੇ ਉਮੀਦਵਾਰ ਦਾ ਸਮਰਥਨ ਕਰਦਿਆਂ ਅਪਣਾ ਉਮੀਦਵਾਰ ਵਾਪਸ ਲਿਆ ਸੀ। ਪਰ ਟਕਸਾਲੀ ਦਲ ਦੀਆਂ ਸਰਗਰਮੀਆਂ ਮਾਝਾ ਖੇਤਰ ਤਕ ਹੀ ਸੀਮਤ ਰਹੀਆਂ ਤੇ ਪਿਛਲੇ ਸਮੇਂ ਵਿਚ ਤਾਂ ਪਾਰਟੀ ਵਿਚ ਖੜੋਤ ਵਰਗੀ ਸਥਿਤੀ ਆ ਗਈ ਸੀ। ਸ਼ਾਇਦ ਢੀਂਡਸਾ ਤੇ ਸੇਖਵਾਂ ਵਰਗੇ ਨੇਤਾ ਇਸ ਕਰ ਕੇ ਵੀ ਨਿਰਾਸ਼ ਹੋ ਗਏ। ਹੁਣ ਦੇਖਣਾ ਹੋਵੇਗਾ ਕਿ ਜਥੇਦਾਰ ਬ੍ਰਹਮਪੁਰਾ ਭਵਿੱਖ ਵਿਚ ਕਿਸ ਦਿਸ਼ਾ ਵਿਚ ਕਦਮ ਪੁੱਟਦੇ ਹਨ।

ਮੇਰਾ ਸਾਥ ਛੱਡਣ ਵਾਲਿਆਂ ਨੇ ਅਕਾਲ ਤਖ਼ਤ ਸਾਹਿਬ 'ਤੇ ਕੀਤੀ ਅਰਦਾਸ ਦੀ ਕੀਤੀ ਉਲੰਘਣਾ: ਬ੍ਰਹਮਪੁਰਾ- ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਅੱਜ ਨਵੇਂ ਅਕਾਲੀ ਦਲ (ਡੈਮੋਕਰੇਟਿਕ) ਦਾ ਐਲਾਨ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿਚ ਫੁੱਟ ਵੀ ਉਭਰ ਕੇ ਸਾਹਮਣੇ ਆ ਗਈ ਹੈ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਸਮੂਹ ਅਹੁਦੇਦਾਰਾਂ,  ਜ਼ਿਲ੍ਹਾ ਜਥੇਦਾਰਾਂ, ਕੋਰ ਅਤੇ ਸਮਰਥਕਾਂ ਨੂੰ ਅਪੀਲ ਹੈ ਕਿ ਉਹ ਨਿਰਾਸ਼ ਤੇ ਹੈਰਾਨ ਨਾ ਹੋਣ ਜਿਹੜੇ ਆਗੂ ਅੱਜ ਮੇਰਾ ਸਾਥ ਛੱਡ ਕੇ ਗਏ ਹਨ ਇਨ੍ਹਾਂ ਨੇ ਮੇਰੇ ਨਾਲ ਨਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ 16 ਦਸੰਬਰ 2018 ਨੂੰ ਕੀਤੀ ਅਰਦਾਸ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸੇਵਾ ਸਿੰਘ ਸੇਖਵਾਂ ਅਤੇ ਡਾ. ਰਤਨ ਸਿੰਘ ਅਜਨਾਲਾ ਨੇ ਖ਼ੁਦ ਅੱਗੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਗਠਨ ਕਰਨ ਸਮੇਂ ਸੱਭ ਤੋਂ ਜ਼ਿਆਦਾ ਸਰਗਰਮੀ ਵਿਖਾਈ ਸੀ ਤੇ ਮੇਰੇ ਗਲ ਵਿਚ ਸਿਰੋਪਾਉ ਪਾ ਕੇ ਮੈਨੂੰ ਪ੍ਰਧਾਨ ਮੰਨਿਆ ਸੀ ਤੇ ਹੁਣ ਡਾਕਟਰ ਅਜਨਾਲਾ ਤਾਂ ਖ਼ਰਾਬ ਸਿਹਤ ਕਰ ਕੇ ਘਰ ਬੈਠੇ ਹਨ ਜਦਕਿ ਸੇਖਵਾਂ ਤੇ ਬੀਰਦਵਿੰਦਰ ਸਿੰਘ ਨੇ ਸ. ਢੀਂਡਸਾ ਦੇ ਗਲ ਸਿਰੋਪਾਉ ਪਾ ਦਿਤਾ।

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਖਡੂਰ ਸਾਹਿਬ ਬੇਟੇ ਬ੍ਰਹਮਪੁਰਾ ਨੇ ਜਥੇਦਾਰ ਰਣਜੀਤ ਸਿੰਘ  ਬ੍ਰਹਮਪੁਰਾ ਦਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਲੁਧਿਆਣਾ ਵਿਖੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ ਇਕੱਤਰਤਾ ਵਿਚ ਸ਼ਾਮਲ ਹੋਣ ਤੋਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਗੁਰੇਜ਼ ਕਰਨਾ ਚਾਹੀਦਾ ਸੀ। ਕਿਉਂਕਿ ਬੀਤੀ 6 ਜੁਲਾਈ ਦੀ ਰਾਤ ਤੇ ਇਸ ਤੋਂ ਪਹਿਲਾ ਵੀ ਕਈ ਵਾਰ ਢੀਂਡਸਾ ਨੂੰ ਮੈਂ ਕੋਰ ਕਮੇਟੀ ਵਲੋਂ ਮਿਲੇ ਅਧਿਕਾਰਾਂ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਪ੍ਰਧਾਨ ਬਣਨ ਦੀ ਖੁਲ੍ਹੀ ਪੇਸ਼ਕਸ਼ ਕੀਤੀ ਸੀ, ਉਹ ਵੀ ਬਿਨਾ ਕਿਸੇ ਸ਼ਰਤ ਦੇ ਅਤੇ 16 ਦਸਬੰਰ 2018 ਤੋਂ ਪਹਿਲਾਂ ਵੀ ਅੱਗੇ ਲੱਗਣ ਦੀ ਪੇਸ਼ਕਸ਼ ਕੀਤੀ ਸੀ। ਪਰ ਉਨ੍ਹਾਂ ਦੀ ਪਤਾ ਨਹੀਂ ਕੀ ਮਜਬੂਰੀ ਹੈ ਉਨ੍ਹਾਂ ਮੇਰੀ ਪੇਸ਼ਕਸ਼ ਨੂੰ ਦਰਕਿਨਾਰ ਕਰ ਦਿਤਾ।

ਅਜਿਹੇ ਹਾਲਾਤਾਂ ਵਿਚ ਜਦ ਮੈਂ ਪੀ.ਜੀ.ਆਈ. ਹਸਪਤਾਲ ਚੰਡੀਗੜ੍ਹ ਵਿਚ ਬੀਮਾਰੀ ਦੀ ਹਾਲਤ ਵਿਚ ਦਾਖ਼ਲ ਸੀ ਤਾਂ ਮੇਰੇ ਕਿਸੇ ਵੀ ਸਾਥੀ ਨੂੰ ਅਜਿਹੀ ਕੋਈ ਵੀ ਗੁਸਤਾਖੀ ਨਹੀਂ ਕਰਨੀ ਚਾਹੀਦੀ ਸੀ ਜਿਸ ਨਾਲ ਮੇਰੇ ਮਨ ਨੂੰ ਠੇਸ ਪਹੁੰਚਦੀ। ਪ੍ਰੈਸ ਬਿਆਨ 'ਚ ਕਿਹਾ ਗਿਆ, 'ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਤੇ  ਸੇਵਾ ਸਿੰਘ ਸੇਖਵਾਂ, ਡਾ. ਰਤਨ ਸਿੰਘ ਅਜਨਾਲਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਮਨਮੋਹਨ ਸਿੰਘ ਸਠਿਆਲਾ ਤੇ ਹਜ਼ਾਰਾਂ ਹੋਰ ਅਕਾਲੀਆਂ ਟਕਸਾਲੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਗਠਿਤ ਕੀਤਾ ਸੀ। ਭਾਵੇਂ ਅੱਜ ਇਨ੍ਹਾਂ 'ਚੋਂ ਕੁੱਝ ਮੇਰਾ ਸਾਥ ਛੱਡ ਗਏ ਹਨ ਪਰ ਮੈਂ ਤੇ ਮੇਰੇ ਬਾਕੀ ਸਾਥੀ ਜਿਸ ਭਾਵਨਾ ਨਾਲ ਇਹ ਜਥੇਬੰਦੀ ਬਣਾਈ ਸੀ ਉਸ 'ਤੇ ਹਰ ਪਲ ਪਹਿਰਾ ਦੇਂਦੇ ਰਹਿਣਗੇ। ਇਹੋ ਆਸ ਮੈਂ ਤੁਹਾਡੇ ਪੰਜਾਬ ਵਾਸੀਆਂ ਤੇ ਟਕਸਾਲੀ ਸੋਚ ਵਿਚ ਪ੍ਰਣਾਏ ਲੋਕਾਂ ਤੋਂ ਕਰਦਾ ਹਾਂ। ਉਨ੍ਹਾਂ ਕਿਹਾ ਕਿ ਆਉਂਦੇ ਦੋ ਦਿਨਾਂ ਤਕ ਪਾਰਟੀ ਦੀ ਮੀਟਿੰਗ ਬੁਲਾਈ ਜਾਵੇਗੀ ਜਿਸ ਵਿਚ ਮੌਜੂਦਾ ਸਾਰੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ।