ਪੰਜਾਬ ਸਰਕਾਰ ਨੇ ਇਤਕਾਲ ਫ਼ੀਸ ਵਧਾਉਣ 'ਤੇ ਲਾਈ ਮੋਹਰ, ਲੋਕਾਂ ਸਿਰ ਪਿਆਂ ਕਰੋੜਾਂ ਦਾ ਨਵਾਂ ਬੋਝ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਜ਼ਾਨੇ ਦੀ ਮਾਲੀ ਹਾਲਤ ਸੁਧਾਰਨ ਲਈ ਚੁਕਿਆ ਕਦਮ

Capt Amrinder Singh

ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਅੱਜ ਹੋਈ ਮੀਟਿੰਗ ਦੌਰਾਨ ਪੰਜਾਬ ਅੰਦਰ ਇੰਤਕਾਲ ਦੀ ਫ਼ੀਸ 300 ਤੋਂ ਵਧਾ ਕੇ 600 ਰੁਪਏ ਕਰ ਦਿਤੀ ਗਈ ਹੈ। ਸੂਬਾ ਸਰਕਾਰ ਨੇ ਇਸ ਵਾਧੇ ਪਿੱਛੇ ਕਾਰਨ ਸੂਬੇ ਦੀ ਮਾਲੀ ਹਾਲਤ ਸੁਧਾਰਨ ਤੇ ਵਾਧੂ ਮਾਲੀਆ ਜੁਟਾਉਣ ਦੀ ਕਵਾਇਦ ਨੂੰ ਦੱਸਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਸੂਬੇ ਦੇ ਖਜ਼ਾਨੇ ਨੂੰ ਤਕਰੀਬਨ ਕਰੋੜਾਂ ਦਾ ਫ਼ਾਇਦਾ ਪਹੁੰਚਣ ਦਾ ਅਨੁਮਾਨ ਹੈ।

ਸਰਕਾਰ ਦੇ ਇਸ ਫ਼ੈਸਲੇ ਦੀਆਂ ਕਨਸੋਆਂ ਪਹਿਲਾਂ ਹੀ ਸਾਹਮਣੇ ਆ ਰਹੀਆਂ ਸਨ, ਜਿਸ ਤੋਂ ਬਾਅਦ ਇਸ ਦੀ ਮੁਖਾਫ਼ਤ ਵੀ ਹੋਣੀ ਸ਼ੁਰੂ ਹੋ ਗਈ ਸੀ। ਸਰਕਾਰ ਦੇ ਇਸ ਫ਼ੈਸਲੇ ਦਾ ਕਿਸਾਨਾਂ 'ਤੇ ਵਧੇਰੇ ਅਸਰ ਪੈਣ ਦੀ ਸੰਭਾਵਨਾ ਹੈ ਜੋ ਪਹਿਲਾਂ ਹੀ ਆਰਥਕ ਤੰਗੀਆਂ ਨਾਲ ਜੂਝ ਰਹੇ ਹਨ।

ਇਸ ਸਬੰਧੀ ਕਵਾਇਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ। ਬੀਤੇ ਦਿਨੀਂ ਮਾਲ ਵਿਭਾਗ ਨੇ ਕੈਬਨਿਟ ਮੀਟਿੰਗ ਲਈ ਇੰਤਕਾਲ ਫ਼ੀਸ 'ਚ ਵਾਧੇ ਦਾ ਏਜੰਡਾ ਭੇਜਿਆ ਸੀ। ਇਸ ਵਾਧੇ ਨਾਲ  ਪੰਜਾਬੀਆਂ 'ਤੇ ਸਾਲਾਨਾ 25 ਕਰੋੜ ਦਾ ਨਵਾਂ ਬੋਝ ਪੈਣ ਦੀ ਸੰਭਾਵਨਾ ਹੈ। ਇਕ ਅੰਦਾਜ਼ੇ ਅਨੁਸਾਰ ਪੰਜਾਬ ਵਿਚ ਸਾਲਾਨਾ ਕਰੀਬ 8.25 ਲੱਖ ਇੰਤਕਾਲ ਹੁੰਦੇ ਹਨ। ਪੰਜਾਬ 'ਚ ਹਰ ਮਹੀਨੇ 69 ਹਜ਼ਾਰ ਦੇ ਕਰੀਬ ਇੰਤਕਾਲ ਦਰਜ ਹੁੰਦੇ ਹਨ।

ਸੂਤਰਾਂ ਅਨੁਸਾਰ ਸਭ ਤੋਂ ਪਹਿਲਾਂ ਬੇਅੰਤ ਸਿੰਘ ਦੀ ਸਰਕਾਰ ਵੇਲੇ ਪੰਜਾਬ ਵਿਚ ਇੰਤਕਾਲ ਫ਼ੀਸ ਵਿਚ ਵਾਧਾ ਹੋਇਆ ਸੀ। ਪਹਿਲਾਂ ਫ਼ੀਸ ਇਕ ਰੁਪਏ ਤੋਂ ਵਧਾ ਕੇ 50 ਰੁਪਏ ਕੀਤੀ ਗਈ ਤੇ ਦੂਸਰੀ ਵਾਰ 100 ਰੁਪਏ ਕੀਤੀ ਗਈ ਸੀ। ਮਗਰੋਂ ਰਜਿੰਦਰ ਕੌਰ ਭੱਠਲ ਨੇ ਅਪਣੇ ਮੁੱਖ ਮੰਤਰੀ ਦੇ ਦੇ ਕਾਰਜਕਾਲ ਦੌਰਾਨ ਇੰਤਕਾਲ ਫ਼ੀਸ ਵਧਾ ਕੇ 150 ਰੁਪਏ ਕਰ ਦਿਤੀ ਗਈ। ਇਸ ਤੋਂ ਬਾਅਦ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਇੰਤਕਾਲ ਫ਼ੀਸ ਵਧਾ ਕੇ 300 ਰੁਪਏ ਕਰ ਦਿਤੀ ਸੀ। ਜਿਸ ਨੂੰ ਹੁਣ ਕੈਪਟਨ ਸਰਕਾਰ ਨੇ 300 ਤੋਂ ਵਧਾ ਕੇ 600 ਰੁਪਏ  ਕਰ ਦਿਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।