ਮੌੜ ਬੰਬ ਕਾਂਡ ਪਿੱਛੇ ਵੀ ਸੌਦਾ ਸਾਧ ਦਾ ਹੱਥ : ਭੁਪਿੰਦਰ ਗੋਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਲਿਆ ਕੇ ਬੇਅਦਬੀ ਕਾਂਡ ਦੇ ਨਾਲ ਬੰਬ ਕਾਂਡ ਦੀ ਹੋਵੇ ਪੁਛਗਿਛ

Bhupinder Gora

ਬਠਿੰਡਾ, 7 ਜੁਲਾਈ (ਸੁਖਜਿੰਦਰ ਮਾਨ): ਪੰਜ ਸਾਲ ਪਹਿਲਾਂ ਸੂਬੇ 'ਚ ਉਪਰ-ਥੱਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਹੋਈ ਘਟਨਾਵਾਂ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਸਿਰਸਾ ਦੇ ਮੁਖੀ ਨੂੰ ਨਾਮਜ਼ਦ ਕਰਨ ਤੋਂ ਬਾਅਦ ਹੁਣ ਮੋੜ ਬੰਬ ਕਾਂਡ 'ਚ ਉਸ ਦੇ ਹੱਥ ਹੋਣ ਦੇ ਸ਼ੱਕ ਜਾਹਰ ਹੋਣ ਲੱਗੇ ਹਨ। ਬੇਅਦਬੀ ਕਾਂਡ ਤੇ ਮੌੜ ਮੰਡੀ ਬੰਬ ਬਲਾਸਟ ਦੇ ਮਾਮਲੇ 'ਚ ਡੇਰਾ ਸਿਰਸਾ ਨੂੰ ਪੜਤਾਲ 'ਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਉਚ ਅਦਾਲਤ ਜਾਣ ਵਾਲੇ ਕਾਂਗਰਸੀ ਆਗੂ ਨੇ ਹੁਣ ਕੈਪਟਨ ਸਰਕਾਰ ਕੋਲੋ ਡੇਰਾ ਮੁਖੀ ਨੂੰ ਪੰਜਾਬ ਲਿਆ ਕੇ ਮੌੜ ਬੰਬ ਕਾਂਡ ਬਾਰੇ ਵੀ ਪੁਛ-ਪੜਤਾਲ ਕਰਨ ਦੀ ਮੰਗ ਕੀਤੀ ਹੈ।

ਅੱਜ ਸਥਾਨਕ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੋਰਾ ਨੇ ਦਾਅਵਾ ਕੀਤਾ ਕਿ ਸਾਲ 2015 ਤੋਂ ਹੀ ਉਸ ਵਲੋਂ ਬੇਅਦਬੀ ਕਾਂਡ 'ਚ ਡੇਰਾ ਮੁਖੀ ਤੇ ਉਸ ਦੇ ਪ੍ਰੇਮੀਆਂ ਦਾ ਹੱਥ ਹੋਣ ਬਾਰੇ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਪ੍ਰੰਤੂ ਅਕਾਲੀ ਸਰਕਾਰ ਨੇ ਪ੍ਰੇਮੀਆਂ ਦੀਆਂ ਵੋਟਾਂ ਲਈ ਡੇਰਾ ਮੁਖੀ ਤੇ ਉਸ ਦੇ ਪ੍ਰੇਮੀਆਂ ਨੂੰ ਬਚਾ ਕੇ ਰਖਿਆ। ਪ੍ਰੰਤੂ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਮੁਖੀ ਨੂੰ ਬੇਅਦਬੀ ਕਾਂਡ 'ਚ ਨਾਮਜ਼ਦ ਕਰ ਕੇ ਉਸ ਦੇ ਵਲੋਂ ਕੀਤੇ ਦਾਅਵਿਆਂ 'ਤੇ ਮੋਹਰ ਲਗਾ ਦਿਤੀ ਹੈ।

ਭੁਪਿੰਦਰ ਗੋਰਾ ਨੇ ਮੁੜ ਦਾਅਵਾ ਕੀਤਾ ਕਿ ਮੋੜ ਬੰਬ ਕਾਂਡ 'ਚ ਵੀ ਡੇਰਾ ਮੁਖੀ ਦੀ ਕਥਿਤ ਤੌਰ 'ਤੇ ਸ਼ਮੂਲੀਅਤ ਹੋ ਸਕਦੀ ਹੈ ਕਿਉਂਕਿ ਬੰਬ ਬਲਾਸਟ ਲਈ ਵਰਤੀ ਕਾਰ ਡੇਰਾ ਮੁਖੀ ਦੀ ਨਿਜੀ ਵਰਕਸ਼ਾਪ ਵਿਚੋਂ ਤਿਆਰ ਹੋਈ ਹੈ ਤੇ ਹੁਣ ਤਕ ਇਸ ਕਾਂਡ 'ਚ ਕਥਿਤ ਦੋਸ਼ੀ ਬਣਾਏ ਗਏ ਚਾਰ ਵਿਅਕਤੀ ਵੀ ਡੇਰੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਬੀਤਣ ਦੇ ਬਾਵਜੂਦ ਇਸ ਬੰਬ ਕਾਂਡ 'ਚ ਮਾਰੇ ਗਏ ਪੰਜ ਬੱਚਿਆਂ ਸਮੇਤ ਸੱਤ ਪਰਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ ਜਦਕਿ ਚਾਰ ਜਣੇ ਹਾਲੇ ਵੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ।

ਕਾਂਗਰਸੀ ਆਗੂ ਨੇ ਮੰਗ ਕਰਦਿਆਂ ਕਿਹਾ ਕਿ ਹਰਿਆਣਾ 'ਚ ਭਾਜਪਾ ਦੀ ਸਰਕਾਰ ਹੋਣ ਦੇ ਚਲਦੇ ਪਹਿਲਾਂ ਦੀ ਤਰ੍ਹਾਂ ਉਹ ਸੁਨਾਰੀਆ ਜੇਲ 'ਚ ਬੰਦ ਡੇਰਾ ਮੁਖੀ ਤੋਂ ਪੁਛਗਿਛ ਦੇ ਰਾਹ ਵਿਚ ਰੁਕਾਵਟਾਂ ਖੜੀਆਂ ਕਰ ਸਕਦੀ ਹੈ, ਜਿਸ ਦੇ ਚਲਦੇ ਸਿੱਟ ਹਾਈ ਕੋਰਟ ਤੋਂ ਇਜ਼ਾਜਤ ਲੈ ਕੇ ਰਾਮ ਰਹੀਮ ਨੂੰ ਪੰਜਾਬ 'ਚ ਲੈ ਕੇ ਆਵੇ, ਜਿਸ ਤੋਂ ਬਾਅਦ ਸਾਰਾ ਸੱਚ ਜਨਤਾ ਦੇ ਸਾਹਮਣੇ ਆ ਜਾਵੇਗਾ।