ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਨਾਲ ਪੰਜਾਬ ਦੇ 3.5 ਲੱਖ ਦੁੱਧ ਉਤਾਪਦਕਾਂ ਦੇ ਢਿੱਡ 'ਤੇ ਲੱਤ ਵੱਜੀ:ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹਿਕਾਰਤਾ ਮੰਤਰੀ ਨੇ ਭਾਈ ਲੌਂਗੋਵਾਲ ਨੂੰ ਪੱਤਰ ਲਿਖ ਕੇ ਫ਼ੈਸਲੇ 'ਤੇ ਮੁੜ ਗੌਰ ਕਰਨ ਦੀ ਕੀਤੀ ਅਪੀਲ

Milkfed

ਚੰਡੀਗੜ੍ਹ : ਸ਼੍ਰੋਮਣੀ  ਕਮੇਟੀ ਵਲੋਂ ਲੰਗਰ ਅਤੇ ਕੜਾਹ ਪ੍ਰਸ਼ਾਦ ਲਈ ਦੇਸੀ ਘਿਓ ਤੇ ਸੁੱਕੇ ਦੁੱਧ ਦੀ ਸਪਲਾਈ ਮਿਲਕਫ਼ੈੱਡ ਨੂੰ ਛੱਡ ਕੇ ਪੁਣੇ ਦੀ ਇਕ ਪ੍ਰਾਈਵੇਟ ਕੰਪਨੀ ਸੋਨਾਈ ਡੇਅਰੀ ਨੂੰ ਦੇਣ ਦਾ ਮਾਮਲਾ ਤੁਲ ਫੜਦਾ ਜਾ ਰਿਹਾ ਹੈ। ਪੰਜਾਬ ਦੇ ਸਹਿਕਾਰਤਾ ਮੰਤਰੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲ ਪੱਤਰ ਲਿਖ ਕੇ ਇਸ ਫ਼ੈਸਲੇ 'ਤੇ ਮੁਡ ਨਜ਼ਰਸਾਨੀ ਕਰਨ ਦੀ ਅਪਲ ਕੀਤੀ ਹੈ। ਸਹਿਰਕਾਰਤਾ ਮੰਤਰੀ ਸੁਖਜਿੰਦਰ ਸਿੰੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲ ਲਿਖੇ ਪੱਤਰ 'ਚ ਕਿਹਾ ਹੈ ਕਿ ਇਸ ਫ਼ੈਸਲੇ ਨਾਲ ਪੰਜਾਬ ਦੇ ਕਰੀਬ 3.5 ਲੱਖ ਦੁੱਧ ਉਤਪਾਦਕਾਂ ਦੇ ਢਿੱਡ 'ਤੇ ਲੱਤ ਵੱਜੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੁੱਧ ਉਤਪਾਦਕਾਂ ਵਿਚੋਂ 99 ਫ਼ੀਸਦੀ ਸਿੱਖ ਹਨ ਜਦੋਂ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨਿਰੋਲ ਨੁਮਾਇੰਦਾ ਜਥੇਬੰਦੀ ਹੈ ਜਿਸ ਤੋਂ ਅਜਿਹੇ ਫ਼ੈਸਲੇ ਦੀ ਆਸ ਵੀ ਨਹੀਂ ਕੀਤੀ ਜਾ ਸਕਦੀ ਸੀ। ਨਵੇਂ ਇਕਰਾਰਨਾਮੇ ਤਹਿਤ ਪ੍ਰਾਈਵੇਟ ਕੰਪਨੀ ਨੂੰ ਕਰੀਬ 60 ਕਰੋੜ ਰੁਪਏ ਦੇ ਮੁੱਲ ਦੇ ਦੇਸੀ ਘਿਉ ਅਤੇ ਸੁੱਕੇ ਦੁੱਧ ਦੀ ਸਪਲਾਈ ਦਾ ਆਰਡਰ ਮਿਲ ਗਿਆ ਹੈ ਜੋ ਕਈ ਦਹਾਕਿਆਂ ਤੋਂ ਪੰਜਾਬ ਮਿਲਕਫੈਡ ਕੋਲ ਸੀ। ਉਨ੍ਹਾਂ ਭਾਈ ਲੌਂਗੋਵਾਲ ਨੂੰ ਇਸ ਫ਼ੈਸਲੇ ਉਤੇ ਮੁੜ ਗੌਰ ਕਰਨ ਦੀ ਅਪੀਲ ਕੀਤੀ ਹੈ।

ਸਹਿਕਾਰਤਾ ਮੰਤਰੀ  ਰੰਧਾਵਾ ਮੁਤਾਬਕ ਮਿਲਕਫੈਡ ਪੰਜਾਬ ਦਾ ਉਹ ਸਹਿਕਾਰੀ ਅਦਾਰਾ ਹੈ ਜਿਸ ਦਾ ਮਕਸਦ ਮੁਨਾਫ਼ਾਖੋਰੀ ਨਾ ਹੋ ਕੇ ਸੂਬੇ ਦੇ ਦੁੱਧ ਉਤਪਾਦਕਾਂ ਨੂੰ ਦੁੱਧ ਦਾ ਸਹੀ ਭਾਅ ਦੇਣਾ ਅਤੇ ਆਪਣੇ ਉਪਭੋਗਤਾਵਾਂ ਨੂੰ ਉੱਚ ਮਿਆਰ ਦਾ ਦੁੱਧ, ਘਿਉ, ਪਨੀਰ ਅਤੇ ਦੁੱਧ ਤੋਂ ਬਣੀਆ ਹੋਰ ਵਸਤਾਂ ਮੁਹੱਈਆ ਕਰਾਉਣਾ ਹੈ। ਦਹਾਕਿਆਂ ਤੋਂ ਮਿਲਕਫੈਡ ਦਾ ਬਰਾਂਡ ਵੇਰਕਾ ਆਪਣੇ ਉਚ ਮਿਆਰ ਲਈ ਨਾ ਸਿਰਫ਼ ਪੰਜਾਬ ਬਲਕਿ ਪੂਰੇ ਮੁਲਕ ਵਿਚ ਜਾਣਿਆ ਜਾਂਦਾ ਹੈ। ਦਹਾਕਿਆਂ ਤੋਂ ਇਹ ਅਦਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਸੁੱਕਾ ਦੁੱਧ, ਦੇਸੀ ਘਿਉ ਅਤੇ ਪਨੀਰ ਮੁਹੱਈਆ ਕਰਦਾ ਆ ਰਿਹਾ ਹੈ। ਅੱਜ ਤੱਕ ਮਿਆਰ ਜਾਂ ਸਮੇਂ ਸਿਰ ਸਪਲਾਈ ਪੱਖੋਂ ਇਕ ਵੀ ਸ਼ਿਕਾਇਤ ਨਹੀਂ ਆਈ।

ਦੂਜੇ ਪਾਸੇ, ਪੁਣੇ ਦੀ ਜਿਸ ਨਿੱਜੀ ਕੰਪਨੀ 'ਸੋਨਾਈ ਡੇਅਰੀ' ਨੂੰ ਕਰੀਬ 60 ਕਰੋੜ ਦੇ ਸੁੱਕੇ ਦੁੱਧ ਅਤੇ ਦੇਸੀ ਘਿਉ ਦੀ ਸਪਲਾਈ ਦਾ ਆਰਡਰ ਦਿਤਾ ਗਿਆ ਹੈ ਉਸ ਦਾ ਅੱਜ ਤਕ ਕਿਸੇ ਨੇ ਨਾਂ ਵੀ ਨਹੀਂ ਸੁਣਿਆ।  ਸ. ਰੰਧਾਵਾ ਨੇ ਕਿਹਾ ਪੁਣੇ ਦੀ ਕੰਪਨੀ ਦਾ ਇਕੋ-ਇਕ ਮਕਸਦ ਮੁਨਾਫ਼ਾ ਕਮਾਉਣਾ ਹੈ। ਇਸ ਕੰਪਨੀ ਨੇ ਜਿਸ ਰੇਟ ਉਤੇ  ਦੇਸੀ ਘਿਓ ਸਪਲਾਈ ਕਰਨ ਦਾ ਇਕਰਾਰਨਾਮਾ ਕੀਤਾ ਹੈ, ਉਸ ਰੇਟ ਉਤੇ ਕੋਈ ਵੀ ਅਦਾਰਾ ਉਚ ਮਿਆਰ ਦਾ ਦੇਸੀ ਘਿਓ ਅਤੇ ਸੁੱਕਾ ਦੁੱਧ ਮੁਹੱਈਆ ਨਹੀਂ ਕਰ ਸਕਦਾ ਜਿਸ ਤੋਂ ਸਪੱਸ਼ਟ ਹੈ ਕਿ ਮਿਆਰ ਨਾਲ ਸਮਝੌਤਾ ਹੋਵੇਗਾ। ਉਨ੍ਹਾਂ ਨੇ ਭਾਈ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਦੇ ਰਹਿ ਚੁੱਕੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਦਿਵਾਉਂਦਿਆਂ ਕਿਹਾ ਕਿ ਉਹ ਕਹਿੰਦੇ ਸਨ ਕਿ ਸ਼੍ਰੋਮਣੀ ਕਮੇਟੀ ਕੋਈ ਵਪਾਰਕ ਅਦਾਰਾ ਨਹੀਂ ਹੈ, ਜਿਹੜਾ ਆਪਣਾ ਹਰ ਫ਼ੈਸਲਾ ਕਰਨ ਲੱਗਿਆਂ ਪੈਸੇ ਦੇ ਨਫ਼ੇ-ਨੁਕਸਾਨ ਨੂੰ ਸਾਹਮਣੇ ਰੱਖੇ। ਹਰ ਫ਼ੈਸਲੇ ਪਿੱਛੇ ਸਿੱਖ ਪੰਥ ਦੇ ਨਫ਼ੇ-ਨੁਕਸਾਨ ਨੂੰ ਸਾਹਮਣੇ ਰੱਖਿਆ ਜਾਣਾ ਚਾਹੀਦਾ ਹੈ।

ਜਥੇਦਾਰ ਟੌਹੜਾ ਪੁੱਛਿਆ ਕਰਦੇ ਸਨ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕਿਸੇ ਗੁਰਦੁਆਰਾ ਸਾਹਿਬ ਦੀ ਦੁਕਾਨ ਸਿੱਖ ਸਾਹਿਤ ਅਤੇ ਕਕਾਰ ਵੇਚਣ ਵਾਲੇ ਦੀ ਥਾਂ ਉਸ ਤੋਂ ਦਸ ਗੁਣਾਂ ਵੱਧ ਕਿਰਾਇਆ ਦੇਣ ਵਾਲੇ ਕਿਸੇ ਨਾਸਤਿਕ ਜਾਂ ਬਜ਼ਾਰੂ ਕਿਸਮ ਦਾ ਸਾਹਿਤ ਵੇਚਣ ਵਾਲੇ ਵਿਅਕਤੀ ਨੂੰ ਦੇ ਸਕਦੀ ਹੈ। ਹਰਗਿਜ਼ ਨਹੀਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਦੁੱਧ ਉਤਪਾਦਕਾਂ ਦੇ ਅਦਾਰੇ ਨੂੰ ਛੱਡ ਕੇ ਅਨਮਤੀਆਂ ਦੀ ਕਿਸੇ ਨਿੱਜੀ ਕੰਪਨੀ ਨੂੰ 60 ਕਰੋੜ ਦਾ ਆਰਡਰ ਦੇਣ ਦਾ ਮਾਮਲਾ ਵੀ ਇਸੇ ਤਰ੍ਹਾਂ ਦਾ ਹੀ ਹੈ। ਇਹ ਫ਼ੈਸਲਾ ਸਿੱਖ ਪੰਥ ਦੇ ਹਿੱਤਾਂ ਦੇ ਵਿਰੁੱਧ ਹੈ। ਇਸ ਨਾਲ ਪੰਜਾਬ ਦੇ ਦੁੱਧ ਉਤਪਾਦਕਾਂ ਦੇ ਹਿੱਤਾਂ ਦਾ ਵੀ ਘਾਣ ਹੋਵੇਗਾ ਅਤੇ ਸ਼ਰਧਾਲੂਆਂ ਦੀ ਸ਼ਰਧਾ ਅਤੇ ਸਿਹਤ ਨਾਲ ਵੀ ਖਿਲਵਾੜ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ ।