‘ਸਿੱਖ ਪ੍ਰਚਾਰਕਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਦੀ ਯੋਜਨਾ ਸੀ ਗੁਰੂ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸੌਦਾ ਸਾਧ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ ਬਾਦਲ ਪਿਉ-ਪੁੱਤ

H. S. Phoolka

ਕੋਟਕਪੂਰਾ, 7 ਜੁਲਾਈ (ਗੁਰਿੰਦਰ ਸਿੰਘ) : ਸੌਦਾ ਸਾਧ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਪੰਥ 'ਚੋਂ ਸਿੱਖ ਪ੍ਰਚਾਰਕਾਂ ਦਾ ਪ੍ਰਭਾਵ ਖ਼ਤਮ ਕਰਨ ਦੀ ਯੋਜਨਾ ਦਾ ਸਿੱਟਾ ਸੀ ਜਿਸ 'ਚ ਬਾਦਲ ਬਰਾਬਰ ਦੇ ਹਿੱਸੇਦਾਰ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਨਾਮਵਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਇਕ ਵੀਡੀਉ ਸੁਨੇਹੇ ਰਾਹੀਂ ਕਰਦਿਆਂ ਕਿਹਾ ਕਿ ਅੱਜ ਐਸ.ਆਈ.ਟੀ. 'ਸਿੱਟ' ਵਲੋਂ ਕੀਤੀ ਤਫ਼ਤੀਸ਼ 'ਚ ਸਪੱਸ਼ਟ ਹੋ ਚੁਕਾ ਹੈ ਕਿ ਜਦੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਦੀਵਾਨ 'ਚ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਦੇ ਪ੍ਰਚਾਰ ਤੋਂ ਪ੍ਰਭਾਵਤ ਹੋ ਕੇ ਡੇਰਾ ਪ੍ਰੇਮੀਆਂ ਨੇ ਗਲਾਂ 'ਚ ਪਾਏ ਲਾਕਟ ਉਤਾਰ ਕੇ ਸੁੱਟਣੇ ਸ਼ੁਰੂ ਕੀਤੇ ਤਾਂ ਉਸ ਸਮੇਂ ਡੇਰੇ ਅੰਦਰ ਹਲਚਲ ਹੋਣੀ ਸੁਭਾਵਕ ਸੀ ਜਿਸ ਕਰ ਕੇ ਡੇਰਾ ਸਿਰਸਾ ਵਲੋਂ ਭਾਈ ਹਰਜਿੰਦਰ ਸਿੰਘ ਮਾਝੀ ਨੂੰ ਜਾਨੋ ਮਾਰਨ ਦੀ ਯੋਜਨਾ ਵੀ ਬਣਾਈ ਗਈ ਜਿਸ ਦਾ ਜ਼ਿਕਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ 'ਚ ਵੀ ਕੀਤਾ ਗਿਆ ਹੈ।

ਇਸ ਨਾਲ ਹੀ 2007 'ਚ ਸੌਦਾ ਸਾਧ ਵਲੋਂ ਗੁਰੂ ਸਾਹਿਬ ਦੀ ਨਕਲ ਕਰਨ ਸਮੇਂ ਪੈਦਾ ਹੋਈ ਸਥਿਤੀ 'ਚ ਸਰਗਰਮੀ ਕਰਨ ਵਾਲੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੂੰ ਮਾਰਨ ਦੀ ਯੋਜਨਾ ਵੀ ਉਲੀਕੀ ਗਈ, ਉਪਰੰਤ ਉਨ੍ਹਾਂ ਭਾਈ ਮਾਝੀ ਸਮੇਤ ਸਰਗਰਮ ਸਿੱਖ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢਡਰੀਆਂਵਾਲੇ ਅਤੇ ਸਿੱਖ ਆਗੂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਪ੍ਰਭਾਵ ਸਿੱਖਾਂ 'ਚੋਂ ਖ਼ਤਮ ਕਰਨ ਦੀ ਯੋਜਨਾ ਉਲੀਕੀ ਸੀ ਤਾਕਿ ਡੇਰੇ ਨੂੰ ਕੋਈ ਚੁਨੌਤੀ ਦੇਣ ਵਾਲਾ ਆਗੂ ਤੇ ਪ੍ਰਚਾਰਕ ਪ੍ਰਭਾਵਸ਼ੀਲ ਨਾ ਰਹੇ ਜਿਸ ਤਹਿਤ ਸਾਜ਼ਸ਼ਨ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਵਾ ਕੇ ਬੇਅਦਬੀ ਕਰਵਾਈ ਤੇ ਉਸ ਬੇਅਦਬੀ ਦਾ ਦੋਸ਼ ਸਿੱਖ ਪ੍ਰਚਾਰਕਾਂ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ ਤੇ ਪੰਜਗਰਾਈਂ ਖ਼ੁਰਦ ਦੇ ਦੋ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਜ਼ਬਰਦਸਤੀ ਇਹ ਅਖਵਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਬੇਅਦਬੀ ਉਨ੍ਹਾਂ ਨੇ ਉਪਰੋਕਤ ਸਿੱਖ ਪ੍ਰਚਾਰਕਾਂ ਦੇ ਕਹਿਣ 'ਤੇ ਕੀਤੀ ਹੈ।

ਇਸ ਸਮੁੱਚੀ ਸਾਜ਼ਸ਼ 'ਚ ਉਸ ਸਮੇਂ ਸੌਦਾ ਸਾਧ ਦੀ ਕਠਪੁਤਲੀ ਬਣ ਚੁੱਕੀ ਪੰਜਾਬ ਦੀ ਬਾਦਲ ਸਰਕਾਰ ਦੀ ਸ਼ਮੂਲੀਅਤ ਪੰਜਗਰਾਈਂ ਦੇ ਉਕਤ ਦੋਵਾਂ ਭਰਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੂਰੀ ਤਰਾਂ ਨੰਗੀ ਹੋ ਗਈ ਜਿਸ ਤਹਿਤ ਸਰਕਾਰ ਵਲੋਂ ਪੰਜਗਰਾਈਂ ਭਰਾਵਾਂ ਨੂੰ ਉਪਰੋਕਤ ਪ੍ਰਚਾਰਕਾਂ ਦੇ ਨਾਮ ਲੈਣ ਲਈ ਲਾਲਚ ਤਕ ਵੀ ਦਿਤੇ ਗਏ ਜਿਸ ਦਾ ਜ਼ਿਕਰ ਜੇਲ 'ਚੋਂ ਬਾਹਰ ਆਉਣ ਪਿੱਛੋਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਪ੍ਰੈੱਸ ਸਾਹਮਣੇ ਵੀ ਕੀਤਾ ਸੀ। ਇਸ ਨਾਲ ਤਤਕਾਲੀ ਪੁਲਿਸ ਵਲੋਂ ਭਾਈ ਮਾਝੀ ਦੇ ਦੀਵਾਨ ਰੋਕਣ ਲਈ ਦਿਤੀਆਂ ਧਮਕੀਆਂ ਵੀ ਇਹ ਸਾਬਤ ਕਰਦੀਆਂ ਹਨ ਕਿ ਬਾਦਲ ਪਿਉ-ਪੁੱਤ ਪੂਰੀ ਤਰ੍ਹਾਂ ਸੌਦਾ ਸਾਧ ਨੂੰ ਸਮਰਪਿਤ ਸਨ। ਇਸ ਸਮੁੱਚੇ ਘਟਨਾਕ੍ਰਮ ਦਾ ਤਤਕਾਲੀ ਸਰਕਾਰ ਨੂੰ ਪੂਰਨ ਰੂਪ 'ਚ ਪਤਾ ਸੀ ਤੇ ਉਨ੍ਹਾਂ ਸੌਦਾ ਸਾਧ ਨੂੰ ਅਪਣੀ ਮਰਜ਼ੀ ਕਰਨ ਲਈ ਪੂਰਾ ਮਾਹੌਲ ਪੈਦਾ ਕਰ ਕੇ ਦਿਤਾ ਤੇ ਪੁਲਿਸ ਨੂੰ ਇਕ ਖ਼ਾਸ ਦਿਸ਼ਾ 'ਚ ਤੁਰਨ ਲਈ ਮਜਬੂਰ ਕੀਤਾ। ਉਨ੍ਹਾਂ ਸਮੂਹ ਸਿੱਖ ਪੰਥ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਭਾਈ ਮਾਝੀ ਵਰਗੇ ਸਿੱਖ ਪ੍ਰਚਾਰਕਾਂ ਨੂੰ ਸੰਭਾਲਣਾ ਤੇ ਸਮਰਥਨ ਦੇਣਾ ਸਿੱਖ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ, ਜਿਨ੍ਹਾਂ ਡੇਰਾ ਸਿਰਸਾ ਦੀਆਂ ਜੜ੍ਹਾਂ ਪੁੱਟਣ 'ਚ ਸਮੇਂ ਦੀ ਸਰਕਾਰ ਨਾਲ ਸਿੱਧੀ ਟੱਕਰ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ।