3 ਕਿਲੋ 200 ਗਰਾਮ ਹੈਰੋਇਨ ਤੇ 40 ਲੱਖ ਤੋਂ ਵੱਧ ਡਰੱਗ ਮਨੀ ਸਮੇਤ 6 ਨਸ਼ਾ ਤਸਕਰ ਕਾਬੂ
3 ਕਿਲੋ 200 ਗਰਾਮ ਹੈਰੋਇਨ ਤੇ 40 ਲੱਖ ਤੋਂ ਵੱਧ ਡਰੱਗ ਮਨੀ ਸਮੇਤ 6 ਨਸ਼ਾ ਤਸਕਰ ਕਾਬੂ
ਹੁਸ਼ਿਆਰਪੁਰ, 7 ਜੁਲਾਈ (ਪੰਕਜ ਨਾਂਗਲਾ) ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਆਈ.ਜੀ. ਜਲੰਧਰ ਰੇਂਜ ਕੋਸ਼ਤਭ ਸ਼ਰਮਾ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਇਕ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਅੰਤਰ ਰਾਸ਼ਟਰੀ ਡਰੱਗ ਅਤੇ ਹਵਾਲਾ ਰੈਕਟ ਦਾ ਪਰਦਾਫਾਸ਼ ਕਰਦਿਆਂ 20 ਕਿਲੋ 700 ਗਰਾਮ ਹੈਰੋਇਨ ਅਤੇ 40 ਲੱਖ 12 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਨਸ਼ਿਆਂ ਦੇ ਧੰਦੇ ’ਚ ਸ਼ਾਮਲ 6 ਵਿਅਕਤੀਆਂ ਨੂੰ ਦਿੱਲੀ, ਉਤਰ ਪ੍ਰਦੇਸ਼ ਅਤੇ ਜੰਡਿਆਲਾ ਗੁਰੂ ਤੋਂ ਕਾਬੂ ਕੀਤਾ। ਇਸ ਕਾਰਵਾਈ ਨਾਲ ਅੰਤਰ-ਰਾਸ਼ਟਰੀ ਡਰੱਗ ਰੈਕਟ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਨੇ ਅੰਤਰਰਾਜ਼ੀ ਨਸ਼ਿਆਂ ਦੀ ਸਪਲਾਈ ਚੇਨ ਦਾ ਲੱਕ ਤੋੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ।
ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਅੱਜ ਸਥਾਨਕ ਪੁਲਿਸ ਲਾਈਨਜ਼ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਵੱਡੀ ਕਾਰਵਾਈ ਸਬੰਧੀ ਦਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਬੀਤੇ ਦਿਨੀਂ ਦਿੱਲੀ ਤੋਂ 4 ਅਫ਼ਗ਼ਾਨੀ ਨਾਗਰਿਕਾਂ ਨੂੰ 17 ਕਿਲੋ ਹੈਰੋਇਨ ਅਤੇ ਹੈਰੋਇਨ ਬਨਾਉਣ ਵਾਲੇ ਸਮਾਨ ਤੇ ਕੈਮੀਕਲ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਉਪਰੰਤ ਡੂੰਘਾਈ ਨਾਲ ਜਾਂਚ ਨੂੰ ਵਧਾਉਂਦਿਆਂ ਇਸ ਧੰਦੇ ਵਿਚ ਸ਼ਾਮਲ 6 ਵਿਅਕਤੀਆਂ ਨੂੰ 3 ਕਿਲੋ 200 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖਤ ਕਿਸ਼ਨ ਲਾਲ ਪੁੱਤਰ ਮੋਡਾ ਜੀ ਪ੍ਰਜਾਪਤੀ ਵਾਸੀ ਉਚਾ ਗਾਸੀ ਰਾਮ, ਚਾਂਦਨੀ ਚੌਕ ਥਾਣਾ ਲਾਹੌਰੀ ਗੇਟ ਦਿੱਲੀ, ਅਭੈ ਪ੍ਰਤਾਪ ਸਿੰਘ ਪੁੱਤਰ ਦਸ਼ਰਥ ਸਿੰਘ ਵਾਸੀ ਬਾਗਵਾਲੀ ਕਲੋਨੀ ਸ਼ਾਸਤਰੀ ਨਗਰ ਥਾਣਾ ਕਵੀ ਨਗਰ ਗਾਜੀਆਬਾਦ, ਇਮਤਿਆਜ਼ ਅਹਿਮਦ ਪੁੱਤਰ ਮੁਮਤਾਜ ਅਹਿਮਦ ਵਾਸੀ ਰਾਮਪੁਰ ਉਤਰ ਪ੍ਰਦੇਸ਼, ਇਮਰਾਨ ਪੁੱਤਰ ਅਲੀ ਅਹਿਮਦ ਵਾਸੀ ਰਾਮ ਪੁਰ, ਜਸਵੀਰ ਸਿੰਘ ਪੁੱਤਰ ਪ੍ਰਕਾਸ਼ ਵਾਸੀ ਸ਼ੇਖੂਪੁਰ ਮੁਹੱਲਾ ਜੰਡਿਆਲਾ ਗੁਰੂ ਅਤੇ ਬਲਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦਸਿਆ ਕਿ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. ਪੀ.ਬੀ.ਆਈ. ਮਨਦੀਪ ਸਿੰਘ, ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ ਅਤੇ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਵਿਚ ਦੋ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਲੋਂ ਦਿੱਲੀ ਅਤੇ ਉਤਰ ਪ੍ਰਦੇਸ਼ ਜਾ ਕੇ ਨਸ਼ਿਆਂ ਵਿਰੁਧ ਕਾਰਵਾਈ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ। ਉਨ੍ਹਾਂ ਦਸਿਆ ਕਿ ਇਕ ਟੀਮ ਵਲੋਂ ਦਿੱਲੀ ਵਿਖੇ 5 ਜੁਲਾਈ ਨੂੰ ਕਿਸ਼ਨ ਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਪਾਸੋਂ 10 ਲੱਖ 20 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਮੋਬਾਇਲ ਫ਼ੋਨ ਬਰਾਮਦ ਹੋਏ। ਇਸੇ ਤਰ੍ਹਾਂ ਅਭੈ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ ਇਕ ਮੋਬਾਇਲ ਫ਼ੋਨ ਬਰਾਮਦ ਕੀਤਾ ਗਿਆ ਜਿਨ੍ਹਾਂ ਦੀ ਪੁਛਗਿੱਛ ਤੋਂ ਇਹ ਖੁਲਾਸਾ ਹੋਇਆ ਕਿ ਦੋਸ਼ੀ ਅਭੈ ਨੇ 1 ਜੁਲਾਈ 2021 ਨੂੰ ਕ੍ਰਿਸ਼ਨ ਕੁਮਾਰ ਦੇ ਕਹਿਣ ਤੇ ਇਮਤਿਆਜ਼ ਕੋਲੋਂ 80 ਲੱਖ ਰੁਪਏ ਦੀ ਡਰੱਗ ਮਨੀ ਲਈ ਸੀ ਅਤੇ ਜੋ ਅੱਗੇ ਅਭੈ ਨੇ ਕ੍ਰਿਸ਼ਨ ਕੁਮਾਰ ਦਿਤੀ ਸੀ। ਉਨ੍ਹਾਂ ਦਸਿਆ ਕਿ 80 ਲੱਖ ਰੁਪਏ ਵਿਚੋਂ ਕ੍ਰਿਸ਼ਨ ਕੁਮਾਰ ਪਾਸੋਂ 10 ਲੱਖ 20 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦਸਿਆ ਕਿ ਪੁਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਕਿਸ਼ਨ ਕੁਮਾਰ ਜੋ ਕਿ ਹਵਾਲੇ ਦਾ ਕਾਰੋਬਾਰ ਕਰਦਾ ਹੋਣ ਕਰ ਕੇ ਨਸ਼ਿਆਂ ਦੀ ਤਸਕਰੀ ਤੋਂ ਕਮਾਏ ਪੈਸੇ ਨੂੰ ਅਭੈ ਅਤੇ ਇਮਤਿਆਜ਼ ਰਾਹੀਂ ਹਵਾਲੇ ਦੇ ਕਾਰੋਬਾਰ ਵਿਚ ਲਾ ਕੇ ਇਹ ਪੈਸਾ ਸੰਭਾਲਦੇ ਸਨ।
ਨਵਜੋਤ ਸਿੰਘ ਮਾਹਲ ਨੇ ਦਸਿਆ ਕਿ ਐਸ.ਪੀ. ਮਨਦੀਪ ਸਿੰਘ ਅਤੇ ਏ.ਐਸ.ਪੀ. ਤੁਸ਼ਾਰ ਗੁਪਤਾ ਦੀ ਟੀਮ ਵਲੋਂ 6 ਜੁਲਾਈ ਨੂੰ ਉਤਰ ਪ੍ਰਦੇਸ਼ ਜਾ ਕੇ ਇਮਤਿਆਜ਼ ਅਹਿਮਦ ਨੂੰ ਕਾਬੂ ਕਰ ਕੇ ਉਸ ਪਾਸੋਂ 250 ਗ੍ਰਾਮ ਹੈਰੋਇਨ ਅਤੇ 12 ਲੱਖ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ ਇਮਰਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਦਸਿਆ ਕਿ ਇਮਤਿਆਜ਼ ਵਲੋਂ ਖੁਲਾਸਾ ਕਰਨ ’ਤੇ ਪੁਲਿਸ ਵਲੋਂ ਜਸਵੀਰ ਸਿੰਘ, ਜੰਡਿਆਲਾ ਗੁਰੂ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 2 ਕਿਲੋ ਹੈਰੋਇਨ ਅਤੇ 17 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਬਲਵਿੰਦਰ ਸਿੰਘ ਨੂੰ ਕਾਬੂ ਕਰ ਕੇ ਉਸ ਪਾਸੋਂ 700 ਗ੍ਰਾਮ ਹੈਰੋਇਨ ਅਤੇ 92 ਹਜ਼ਾਰ ਰੁਪਏ ਡਰੱਗ ਮਨੀ, ਇਕ ਸਵਿਫ਼ਟ ਡਿਜ਼ਾਇਰ ਕਾਰ ਨੰਬਰ ਪੀ.ਬੀ.02-ਬੀ.ਜੀ. -6699 ਨੂੰ ਟੀਮ ਵਲੋਂ ਭਾਗਪੁਰਾ ਜ਼ਿਲ੍ਹਾ ਹਰਦੁਆਰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ।
ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਪਹਿਲਾਂ ਵੀ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਮੁਕੱਦਮਾ ਨੰਬਰ 110 ਮਿਤੀ 18 ਮਈ 2021 ਵਿਚ 1 ਕਿਲੋ 600 ਗ੍ਰਾਮ ਹੈਰੋਇਨ, 600 ਗ੍ਰਾਮ ਅਫ਼ੀਮ, 500 ਗਰਾਮ ਸੋਨਾ ਅਤੇ 50 ਲੱਖ ਰੁਪਏ ਡਰੱਗ ਮਨੀ ਦੇ ਮਾਮਲੇ ਵਿਚ ਭਗੌੜਾ ਸੀ।
ਸੇਠੀ ਤੇ ਗਗਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ’ਚ ਕਾਬੂ ਕੀਤੇ ਚਾਰ ਅਫ਼ਗ਼ਾਨੀ ਨਾਗਰਿਕ : ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦਸਿਆ ਕਿ ਐਸ.ਪੀ. (ਡੀ), ਐਸ.ਪੀ. ਪੀ.ਬੀ.ਆਈ., ਏ.ਐਸ.ਪੀ. ਗੜ੍ਹਸ਼ੰਕਰ, ਡੀ.ਐਸ.ਪੀ. ਪੀ.ਬੀ.ਆਈ. ਪ੍ਰੇਮ ਸਿੰਘ, ਐਸ.ਐਚ.ਓ. ਗੜ੍ਹਸ਼ੰਕਰ ਇੰਸਪੈਕਟਰ ਇਕਬਾਲ ਸਿੰਘ, ਐਸ.ਐਚ.ਓ. ਥਾਣਾ ਮਾਡਲ ਟਾਊਨ ਕਰਨੈਲ ਸਿੰਘ ਅਤੇ ਸੀ.ਆਈ.ਏ. ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਵਲੋਂ 1 ਜੁਲਾਈ 2021 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21 (ਸੀ)/61/85 ਤਹਿਤ ਥਾਣਾ ਗੜ੍ਹਸ਼ੰਕਰ ਵਿਖੇ ਮੁਕੱਦਮਾ ਨੰਬਰ 90 ਤਹਿਤ ਮੁਲਜ਼ਮ ਸਰਬਜੀਤ ਸਿੰਘ ਉਰਫ਼ ਸੇਠੀ ਅਤੇ ਗਗਨਦੀਪ ਸਿੰਘ ਉਰਫ਼ ਗਗਨ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਕੀਤੀ ਪੁਛਗਿੱਛ ਤੋਂ ਅੰਤਰ-ਰਾਸ਼ਟਰੀ ਡਰੱਗ ਰੈਕਟ ਦਾ ਪਰਦਾਫ਼ਾਸ਼ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਇਨ੍ਹਾਂ ਦੀ ਗ੍ਰਿਫ਼ਤਾਰੀ ਉਪਰੰਤ 4 ਅਫ਼ਗ਼ਾਨੀ ਨਾਗਰਿਕਾਂ ਜੰਨਤ ਗੁਲ ਕਾਕੇਰਾ, ਮੁਜਾਹਿਦ ਸ਼ਿਨਵਰੀ, ਸਮੀ ਉਲਾਹ ਅਫ਼ਗ਼ਾਨ ਅਤੇ ਮੁਹੰਮਦ ਲਾਲ ਕਾਕੇਰ ਵਾਸੀ ਫੋਰੈਸਟ ਲੇਨ ਸੈਨਿਕ ਫ਼ਾਰਮ ਦਿੱਲੀ ਨੂੰ 17 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਜਿਸ ਉਪਰੰਤ ਇਨ੍ਹਾਂ 6 ਮੁਲਜ਼ਮਾਂ ਨੂੰ ਕਾਬੂ ਕਰ ਕੇ 3 ਕਿਲੋ 200 ਗ੍ਰਾਮ ਹੈਰੋਇਨ ਅਤੇ 40 ਲੱਖ 12 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।