ਦੁਨੀਆਂ ਦੇ 30 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ ‘ਲੈਂਬਡਾ ਵੈਰੀਐਂਟ’

ਏਜੰਸੀ

ਖ਼ਬਰਾਂ, ਪੰਜਾਬ

ਦੁਨੀਆਂ ਦੇ 30 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ ‘ਲੈਂਬਡਾ ਵੈਰੀਐਂਟ’

image

ਭਾਰਤ ’ਚ ਹੁਣ ਤਕ ਇਕ ਵੀ ਮਾਮਲਾ ਸਾਹਮਣੇ 

ਨਵੀਂ ਦਿੱਲੀ, 7 ਜੁਲਾਈ : ਕੋਵਿਡ-19 ਮਹਾਂਮਾਰੀ ਦੇ ਅਲੱਗ-ਅਲੱਗ ਵੈਰੀਐਂਟ ਦਾ ਖ਼ਤਰਾ ਦੁਨੀਆ ਭਰ ਵਿੱਚ ਵਧਦਾ ਜਾ ਰਿਹਾ ਹੈ। ਡੈਲਟਾ ਵੈਰੀਐਂਟ ਦੇ ਵਧਦੇ ਖ਼ਤਰੇ ਵਿਚਾਲੇ ਹੁਣ ਕੋਰੋਨਾ ਵਾਇਰਸ ਦਾ ਇਕ ਨਵਾਂ ਰੂਪ ‘ਲੈਂਬਡਾ ਵੈਰੀਐਂਟ’ ਸਾਹਮਣੇ ਆਇਆ ਹੈ। ਇਹ ਵੈਰੀਐਂਟ ਦੁਨੀਆ ਦੇ 30 ਮੁਲਕਾਂ ਵਿਚ ਫੈਲ ਚੁੱਕਾ ਹੈ। ਹਾਲਾਂਕਿ ਭਾਰਤ ਵਿਚ ਹੁਣ ਤਕ ਇਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
    ਇੰਗਲੈਂਡ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ‘ਲੈਂਬਡਾ ਵੈਰੀਐਂਟ’ ਨਾਮਕ ਇਕ ਨਵਾਂ ਕੋਰੋਨਾ ਵਾਇਰਸ ਸਟ੍ਰੇਨ, ਡੈਲਟਾ ਵੈਰੀਐਂਟ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਹੈ। ਪਿਛਲੇ 4 ਹਫ਼ਤਿਆਂ ਵਿਚ 30 ਤੋਂ ਵੱਧ ਮੁਲਕਾਂ ਵਿਚ ਇਸ ਦੇ ਕੇਸ ਮਿਲੇ ਹਨ। ਪੇਰੂ ਵਿਚ ਮਿਲਿਆ ਕੋਰੋਨਾ ਵਾਇਰਸ ਦਾ ਲੈਂਬਡਾ ਵੈਰੀਐਂਟ ਵਿਸ਼ਵ ਦੇ ਅਲੱਗ-ਅਲੱਗ ਦੇਸ਼ਾਂ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਰਿਪੋਰਟਾਂ ਮੁਤਾਬਕ ਇਹ ਬਰਤਾਨੀਆ ਸਣੇ ਕਈ ਦੇਸ਼ਾਂ ਨੂੰ ਅਪਣੀ ਲਪੇਟ ਵਿਚ ਲੈ ਚੁੱਕਾ ਹੈ। ਲੈਂਬਡਾ ਵੈਰੀਐਂਟ ਦੇ ਕੈਨੇਡਾ ਵਿਚ 11 ਅਤੇ ਯੂਕੇ ਵਿਚ ਹੁਣ ਤਕ 6 ਕੇਸ ਮਿਲੇ ਹਨ। ਇਸ ਵੈਰੀਐਂਟ ਦਾ ਪਹਿਲਾ ਮਾਮਲਾ ਪੇਰੂ ਵਿਚ ਦਰਜ ਕੀਤਾ ਗਿਆ ਸੀ। ਇਸ ਨੂੰ ਸੀ.37 ਸਟ੍ਰੇਨ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਰਿਪੋਰਟ ਮੁਤਾਬਕ ਖੋਜਕਰਤਾਵਾਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਲੈਂਬਡਾ ਵੈਰੀਐਂਟ, ਡੈਲਟਾ ਵੈਰੀਐਂਟ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। ਪੈਨ ਅਮੈਰੀਕਨ ਹੈਲਥ ਆਰਗੇਨਾਈਜ਼ੇਸ਼ਨ ਦੇ ਮੁਤਾਬਕ ਪੇਰੂ ਵਿਚ ਮਈ ਅਤੇ ਜੂਨ ਦੌਰਾਨ ਰਿਪੋਰਟ ਕੀਤੇ ਗਏ ਕੋਰੋਨਾ ਵਾਇਰਸ ਕੇਸਾਂ ਦੇ ਨਮੁਨਿਆਂ ਵਿਚ ਲੈਂਬਡਾ ਵੈਰੀਐਂਟ ਦਾ ਲਗਭਗ 82 ਫ਼ੀ ਸਦੀ ਹਿੱਸਾ ਹੈ। ਪੇਰੂ ਵਿਚ ਲੈਂਬਡਾ ਵੈਰੀਐਂਟ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
    ਡੈਲਟਾ ਵੈਰੀਐਂਟ ਨੇ ਹੁਣ ਵੀ ਭਾਰਤ ਸਣੇ ਦੁਨੀਆ ਦੇ ਕਈ ਦੇਸ਼ਾਂ ਵਿਚ ਡਰ ਪੈਦਾ ਕੀਤਾ ਹੋਇਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਵੈਕਸੀਨ ਦੇ ਇਸ ’ਤੇ ਅਸਰ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀ ਰਿਪੋਰਟਸ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿਚ ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਫ਼ਾਈਜ਼ਰ ਵੈਕਸੀਨ ਦਾ ਅਸਰ ਇਜ਼ਰਾਈਲ ਵਿਚ ਘਟ ਕੇ 64 ਫ਼ੀ ਸਦੀ ਹੋ ਗਿਆ ਹੈ। ਇਹ ਗਿਰਾਵਟ ਇਜ਼ਰਾਈਲ ਵਿਚ ਡੈਲਟਾ ਵੈਰੀਐਂਟ ਦੇ ਪ੍ਰਸਾਰ ਦੇ ਨਾਲ ਸਾਹਮਣੇ ਆਈ ਹੈ।
   ਸੂਤਰਾਂ ਮੁਤਾਬਕ ਨਵਾਂ ਅੰਕੜਾ 6 ਜੂਨ ਤੋਂ 30 ਜੁਲਾਈ ਵਿਚਾਲੇ ਦਾ ਹੈ। 2 ਮਈ ਤੋਂ 5 ਜੂਨ ਤਕ ਇਸੇ ਵੈਕਸੀਨ ਦਾ ਅਸਰ 94.3 ਫ਼ੀ ਸਦੀ ਦੇਖਿਆ ਗਿਆ ਸੀ। ਇਸ ਵਿਚਾਲੇ ਲੈਂਬਡਾ ਵੈਰੀਐਂਟ ਦੇ ਆਉਣ ਨਾਲ ਚਿੰਤਾਵਾਂ ਅਤੇ ਹੋਰ ਵਧ ਗਈਆਂ ਹਨ। ਖਾਸ ਕਰ ਕਿਉਂਕਿ ਇਸ ਕੋਰੋਨਾ ਵੈਰੀਐਂਟ ਵਿਚ ਅਸਾਧਾਰਣ ਤਰੀਕੇ ਦਾ ਮਿਊਟੇਸ਼ਨ ਹੈ। (ਏਜੰਸੀ)