ਹਾਈਕਮਾਂਡ ਨਾਲ ਗੱਲਬਾਤ ਵਿਚੋਂ ਕੈਪਟਨ ਅਮਰਿੰਦਰ ਸਿੰਘ ਮਜ਼ਬੂਤੀ ਵਲ

ਏਜੰਸੀ

ਖ਼ਬਰਾਂ, ਪੰਜਾਬ

ਹਾਈਕਮਾਂਡ ਨਾਲ ਗੱਲਬਾਤ ਵਿਚੋਂ ਕੈਪਟਨ ਅਮਰਿੰਦਰ ਸਿੰਘ ਮਜ਼ਬੂਤੀ ਵਲ

image


ਆਉਂਦੇ 4-5 ਦਿਨਾਂ ਵਿਚ ਕਾਂਗਰਸ ਤੇ ਮੰਤਰੀ ਮੰਡਲ 'ਚ ਭਾਰੀ ਰੱਦੋਬਦਲ ਹੋਵੇਗਾ

ਚੰਡੀਗੜ੍ਹ, 7 ਜੁਲਾਈ (ਜੀ.ਸੀ. ਭਾਰਦਵਾਜ) : ਪੰਜਾਬ ਕਾਂਗਰਸ ਤੇ ਸਰਕਾਰ ਵਿਚ ਸਿੱਧੀ ਦੋਫਾੜ ਕਰਨ ਨੂੰ  ਹੁਲਾਰਾ ਦੇਣ ਵਾਲੀ ਹਾਈਕਮਾਂਡ ਨੇ ਦੋਹਾਂ ਧਿਰਾਂ ਦੇ ਨੇਤਾਵਾਂ ਨਾਲ ਲੰਮੀ ਚੌੜੀ ਚਰਚਾ ਤੇ ਬਹਿਸ ਮਗਰੋਂ ਹੁਣ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨੇ ਆਖ਼ਰੀ ਦੌਰ ਦੀ 80 ਮਿੰਟ ਬਹਿਸ ਮੁੱਖ ਮੰਤਰੀ ਨਾਲ ਕਰਨ ਉਪਰੰਤ ਇਹੀ ਸੰਭਵ ਸਿੱਟਾ ਕਢਿਆ ਲਗਦਾ ਹੈ ਕਿ ਜੇ ਮੁਲਕ ਵਿਚ ਪਾਰਟੀ ਨੂੰ  ਪੁਨਰ ਸੁਰਜੀਤ ਕਰਨਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਲਈ ਮਜ਼ਬੂਤੀ ਪ੍ਰਦਾਨ ਕਰ ਕੇ ਦੁਬਾਰਾ ਸਰਕਾਰ ਬਣਾ ਕੇ ਇਸ ਸਰਹੱਦੀ ਸੂਬੇ ਦੀ ਮਿਸਾਲ ਸਾਰੇ ਉਤਰੀ ਤੇ ਮੱਧ ਭਾਰਤ ਵਿਚ ਦੇਣੀ ਹੋਵੇਗੀ |
ਹਾਈਕਮਾਂਡ ਨੂੰ  ਕੈਪਟਨ ਵਲੋਂ ਦਿਤੇ ਸਾਰੇ ਸਬੂਤ, ਦਸਤਾਵੇਜ਼, ਘਟਨਾਵਾਂ ਤੇ ਘਪਲਿਆਂ ਦਾ ਵੇਰਵਾ ਹੁਣ ਵਿਰੋਧੀਆਂ, ਖ਼ਾਸ ਕਰ ਕੇ ਨਵਜੋਤ ਸਿੱਧੂ ਤੇ ਉਸ ਨੂੰ  ਚਾਬੀ ਦੇਣ ਵਾਲੇ 'ਯੰਗ ਬਿ੍ਗੇਡ' ਦੇ ਵਿਧਾਇਕਾਂ ਨੂੰ  ਚੁੱਪ ਕਰਵਾਉਣ ਵਿਚ ਸਹਾਈ ਹੋ ਗਏ ਹਨ | 

ਕਾਂਗਰਸ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ  ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਕਮਾਂਡ ਸੋਨੀਆ ਗਾਂਧੀ ਨੂੰ  ਵੇਰਵੇ ਸਹਿਤ ਦਸ ਦਿਤਾ ਕਿ ਨਵਜੋਤ 17 ਸਾਲ ਬੀਜੇਪੀ ਵਿਚ ਰਹਿ ਕੇ ਉਨ੍ਹਾਂ ਨੂੰ  ਹੀ ਭੰਡਦਾ ਰਿਹਾ, ਹੁਣ ਕਾਂਗਰਸੀ ਨੇਤਾਵਾਂ ਤੇ ਸਰਕਾਰ ਵਿਰੁਧ ਲਗਾਤਾਰ ਬੋਲੀ ਜਾ ਰਿਹਾ ਹੈ ਅਤੇ ਫਿਰ ਕਿਸੇ ਵੇਲੇ 'ਆਪ' ਜਾਂ ਬੀਜੇਪੀ ਵਿਚ ਮੌਕੇ ਦੀ ਤਲਾਸ਼ ਵਿਚ ਹੈ | ਇਕ ਸੀਨੀਅਰ ਕਾਂਗਰਸੀ ਨੇਤਾ ਜੋ ਰਾਹੁਲ ਗਾਂਧੀ ਕੋਲ, ਦੋਵਾਂ ਨਵਜੋਤ ਤੇ ਕੈਪਟਨ ਦੀ ਅਸਲੀਅਤ ਬਿਆਨ ਕਰ ਕੇ ਆਏ ਨੇ, ਰੋਜ਼ਾਨਾ ਸਪੋਕਸਮੈਨ ਨੂੰ  ਇਸ਼ਾਰਾ ਕੀਤਾ ਕਿ ਜੇ ਹਾਈਕਮਾਂਡ ਨੇ ਕੈਪਟਨ ਨੂੰ  ਨੀਵਾਂ ਦਿਖਾਇਆ ਤਾਂ ਪਾਰਟੀ ਵਿਧਾਨ ਸਭਾ ਚੋਣਾਂ ਵਿਚ ਸਾਫ਼ ਹੋ ਜਾਵੇਗੀ ਅਤੇ ਸਿੱਧੂ ਇਕੱਲਾ ਕਾਂਗਰਸ ਨੂੰ  ਜਿਤਾਉਣਾ ਤਾਂ ਕੀ ਭਵਿੱਖ ਵਾਸਤੇ ਬਾਕੀ ਉਤਰੀ ਭਾਰਤ ਦੇ ਸੂਬਿਆਂ ਵਾਂਗ ਜ਼ੀਰੋ ਹੋ ਜਾਵੇਗੀ |
ਦਿੱਲੀ ਤੋਂ ਕਾਂਗਰਸੀ ਸੂਤਰਾਂ ਨੇ ਦਸਿਆ ਕਿ ਇਸ ਰੇੜਕੇ ਦਾ ਫ਼ੈਸਲਾ ਆਉਂਦੇ 4-5 ਦਿਨਾਂ ਵਿਚ ਸੰਭਵ ਹੈ ਅਤੇ ਮੁੱਖ ਮੰਤਰੀ ਦਾ ਖੇਮਾ ਮਜ਼ਬੂਤ ਸਥਿਤੀ ਵਿਚ ਰਹੇਗਾ | ਸੂਤਰ ਦਸਦੇ ਹਨ ਕਿ ਕੈਪਟਨ ਅਜੇ ਦਿੱਲੀ ਹਨ, ਲਿਖਤੀ ਪ੍ਰਸਤਾਵ, ਹਾਈਕਮਾਂਡ ਨੂੰ  ਦੇ ਚੁੱਕੇ ਹਨ ਜਿਸ ਤਹਿਤ ਸਿੱਧੂ ਨੂੰ  ਬਤੌਰ ਸੀਨੀਅਰ ਮੰਤਰੀ-ਡਿਪਟੀ ਮੁੱਖ ਮੰਤਰੀ ਦਾ ਅਹੁਦਾ ਸਮੇਤ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਪਰ ਟਿਕਟਾਂ ਦੀ ਵੰਡ ਵਿਚ ਕੇਵਲ ਮੁੱਖ ਮੰਤਰੀ, ਪਾਰਟੀ ਪ੍ਰਧਾਨ ਤੇ ਪੰਜਾਬ ਵਿਚ ਪਾਰਟੀ ਮਾਮਲਿਆਂ ਦੇ ਇੰਚਾਰਜ ਦੀ ਹੀ ਚਲੇਗੀ | ਮੌਜੂਦਾ ਪ੍ਰਧਾਨ ਜਾਖੜ ਨੂੰ  ਹਟਾ ਕੇ ਇਹ ਡਿਊਟੀ ਸੀਨੀਅਰ ਨੇਤਾ ਪਾਸ ਸੌਂਪੀ ਜਾਵੇਗੀ ਤੇ ਉਸ ਨਾਲ 2 ਮੀਤ ਪ੍ਰਧਾਨ ਜਾਂ ਵਰਕਿੰਗ ਪ੍ਰਧਾਨ, ਇਕ ਹਿੰਦੂ ਤੇ ਦੂਜਾ ਦਲਿਤ ਲੱਗੇਗਾ | ਵਿਜੈਇੰਦਰ ਸਿੰਗਲਾ ਤੇ ਡਾ. ਰਾਜ ਕੁਮਾਰ ਚੱਬੇਵਾਲ ਤੇ ਐਮ.ਪੀ. ਮਨੀਸ਼ ਤਿਵਾੜੀ ਦੇ ਨਾਮ ਸੱਭ ਤੋਂ ਉਪਰ ਹਨ | 
ਸੂਤਰ ਪੱਕੇ ਤੌਰ 'ਤੇ ਇਸ਼ਾਰਾ ਕਰਦੇ ਹਨ ਕਿ ਮੰਤਰੀ ਮੰਡਲ ਵਿਚ ਭਾਰੀ ਰੱਦੋਬਦਲ ਜ਼ਰੂਰ ਹੋਵੇਗਾ | 4-5 ਮੰਤਰੀ (ਦਾਗ਼ੀ) ਹਟਾਉਣੇ ਸੰਭਵ ਹਨ ਤੇ 5-6 ਨਵੇਂ ਲਏ ਜਾਣਗੇ | ਇਹ ਵੀ ਇਸ਼ਾਰਾ ਮਿਲਿਆ ਹੈ ਕਿ ਕੋਟਕਪੂਰਾ ਬਰਗਾੜੀ ਗੋਲੀ ਕਾਂਡ ਵਿਚ ਵਿਸ਼ੇਸ਼ ਟੀਮ, 2 ਮਹੀਨੇ ਵਿਚ ਦੋਸ਼ੀਆਂ ਵਿਰੁਧ ਚਲਾਨ ਪੇਸ਼ ਕਰ ਦੇਵੇਗੀ |