ਬਠਿੰਡਾ ’ਚ ਗੈਂਗਵਾਰ : ਗੈਂਗਸਟਰ ਕੁਲਬੀਰ ਨਰੂਆਣਾ ਸਣੇ ਦੋ ਦਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ’ਚ ਗੈਂਗਵਾਰ : ਗੈਂਗਸਟਰ ਕੁਲਬੀਰ ਨਰੂਆਣਾ ਸਣੇ ਦੋ ਦਾ ਕਤਲ

image

ਬਠਿੰਡਾ, 7 ਜੁਲਾਈ (ਬਲਵਿੰਦਰ ਸ਼ਰਮਾ) : 20 ਸਾਲ ਦੋਸਤ ਰਹੇ ਮੰਨਾ ਨੇ ਅੱਜ ਸਵੇਰੇ ਏ ਕੈਟਾਗਿਰੀ ਗੈਂਗਸਟਰ ਕੁਲਵੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਜਦਕਿ ਕੁਲਵੀਰ ਦੇ ਇਕ ਸਾਥੀ ਨੂੰ ਵੀ ਗੱਡੀ ਹੇਠਾਂ ਦਰੜ ਕੇ ਵੀ ਮਾਰ ਦਿਤਾ। ਪੁਲਿਸ ਨੇ ਮੰਨਾ ਨੂੰ ਕਾਬੂ ਕਰ ਲਿਆ ਹੈ, ਜੋ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ ਸੀ। ਕੁੱਝ ਦਿਨ ਪਹਿਲਾਂ ਵੀ ਨਰੂਆਣਾ ’ਤੇ ਹਮਲਾ ਹੋਇਆ ਸੀ। 
ਪੁਲਿਸ ਸੂਤਰਾਂ ਮੁਤਾਬਕ ਏ-ਕੈਟਾਗਿਰੀ ਗੈਂਗਸਟਰ ਰਹੇ ਕੁਲਬੀਰ ਸਿੰਘ ਨਰੂਆਣਾ ਪਿੰਡ ਨਰੂਆਣਾ ਵਿਖੇ ਹੀ ਰਹਿੰਦਾ ਸੀ। ਕੁੱਝ ਦਿਨ ਪਹਿਲਾਂ ਵੀ ਅਣਪਛਾਤੇ ਵਿਅਕਤੀਆਂ ਵਲੋਂ ਕੁਲਬੀਰ ਨਰੂਆਣਾ ’ਤੇ ਗੋਲੀਆਂ ਵਰ੍ਹਾਈਆਂ ਗਈਆਂ ਸਨ। 
ਅੱਜ ਸਵੇਰੇ ਕਰੀਬ 6.30 ਵਜੇ ਮਨਜਿੰਦਰ ਸਿੰਘ ਮੰਨਾ ਵਾਸੀ ਤਲਵੰਡੀ ਸਾਬੋ ਉਸ ਨੂੰ ਮਿਲਣ ਲਈ ਘਰ ਆਇਆ ਸੀ। ਪਹਿਲਾਂ ਉਹ ਨਰੂਆਣਾ ਨਾਲ ਘਰ ਦੇ ਅੰਦਰ ਹੀ ਬੈਠਾ ਰਿਹਾ। ਫਿਰ ਗੱਲਬਾਤ ਕਰਦੇ-ਕਰਦੇ ਉਹ ਨਰੂਆਣਾ ਨੂੰ ਬਾਹਰ ਲੈ ਆਇਆ ਤੇ ਅਪਣੀ ਫਾਰਚੂਨਰ ਕਾਰ ਵਿਚ ਬਿਠਾ ਲਿਆ। ਕੁੱਝ ਹੀ ਮਿੰਟਾਂ ਬਾਅਦ ਜਦੋਂ ਨਰੂਆਣਾ ਗੱਡੀ ’ਚੋਂ ਉਤਰ ਰਿਹਾ ਸੀ ਤਾਂ ਗਾਲ੍ਹ ਕੱਢ ਕੇ ਉਸ ’ਤੇ ਰਿਵਾਲਵਰ ਨਾਲ ਗੋਲੀਆਂ ਵਰ੍ਹਾ ਦਿਤੀਆਂ। ਨਰੂਆਣਾ ਨੂੰ 7-8 ਗੋਲੀਆਂ ਲੱਗੀਆਂ। ਫਿਰ ਉਸ ਨੇ ਹੇਠਾਂ ਉਤਰ ਕੇ ਨਰੂਆਣਾ ਦੇ ਸਾਥੀਆਂ ’ਤੇ ਵੀ ਗੋਲੀਆਂ ਚਲਾਈਆਂ, ਜੋ ਉਕਤ ਦੇ ਸਾਥੀ ਗੁਰਪ੍ਰੀਤ ਸਿੰਘ ਨੂੰ ਵੀ ਲੱਗੀਆਂ। ਜਦੋਂ ਉਹ ਫਾਰਚੂਨਰ ਗੱਡੀ ਲੈ ਕੇ ਫਰਾਰ ਹੋਣ ਲੱਗਿਆ ਤਾਂ ਨਰੂਆਣਾ ਦੇ ਚਚੇਰੇ ਭਰਾ ਚਮਕੌਰ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੰਨਾ ਨਹੀਂ ਰੁਕਿਆ ਤੇ ਉਸ ਨੂੰ ਗੱਡੀ ਹੇਠ ਦਰੜ ਦਿਤਾ। ਪਰਵਾਰਕ ਮੈਂਬਰ ਤੇ ਹੋਰ ਉਕਤ ਤਿੰਨਾਂ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਵਿਖੇ ਲੈ ਆਏ, ਜਿਥੇ ਡਾਕਟਰਾਂ ਨੇ ਕੁਲਵੀਰ ਨਰੂਆਣਾ ਅਤੇ ਚਮਕੌਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ। ਜਦਕਿ ਗੁਰਪ੍ਰੀਤ ਸਿੰਘ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। 
ਦੂਜੇ ਪਾਸੇ ਨਰੂਆਣਾ ਦੇ ਸਾਥੀਆਂ ਨੇ ਵੀ ਮੰਨਾ ’ਤੇ ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ ਇਕ ਉਸ ਦੀ ਲੱਤ ’ਤੇ ਲੱਗੀ ਅਤੇ ਦੂਜੀ ਉਸ ਦੀ ਗੱਡੀ ਦੇ ਟਾਇਰ ਵਿਚ ਲੱਗੀ। ਪ੍ਰੰਤੂ ਉਹ ਮੌਕੇ ਤੋਂ ਫਰਾਰ ਹੋ ਗਿਆ। ਅੱਗੇ ਜਾ ਕੇ ਮੰਨਾ ਪਿੰਡ ਘੁੱਦਾ ਨੇੜੇ ਰੁਕਿਆ ਅਤੇ ਬੇਹੋਸ਼ ਹੋ ਕੇ ਡਿੱਗ ਪਿਆ। ਉਥੋਂ ਲੰਘ ਰਹੇ ਇਕ ਪੁਲਿਸ ਮੁਲਾਜ਼ਮ ਨੇ ਮੰਨਾ ਨੂੰ ਚੁੱਕ ਕੇ ਘੁੱਦਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਉਸ ਨੂੰ ਅਸਲੀਅਤ ਨਹੀਂ ਸੀ ਪਤਾ। ਬਠਿੰਡਾ ਪੁਲਿਸ ਨੂੰ ਪਤਾ ਲੱਗਾ ਤਾਂ ਮੰਨਾ ਨੂੰ ਚੁੱਕ ਕੇ ਇਲਾਜ ਖਾਤਰ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਆਂਦਾ ਗਿਆ।

ਫੋਟੋ : 7ਬੀਟੀਡੀ1
 
ਫੋਟੋ : 7ਬੀਟੀਡੀ2
ਮ੍ਰਿਤਕ ਕੁਲਬੀਰ ਨਰੂਆਣਾ ਅਤੇ ਚਮਕੌਰ ਸਿੰਘ –ਇਕਬਾਲ
ਫੋਟੋ : 7ਬੀਟੀਡੀ3
-ਇਕਬਾਲ