ਹਰਸਿਮਰਤ ਬਾਦਲ ਨੇ ਮੁੜ ਕੀਤੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ, ਕੈਪਟਨ 'ਤੇ ਵੀ ਬੋਲਿਆ ਹਮਲਾ 

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਭਰ ਦੇ ਧਾਰਮਿਕ ਸਥਾਨਾਂ ਨੂੰ ਖੋਲ੍ਹੇ ਜਾਣ ਦੇ ਬਾਵਜੂਦ ਕਰਤਾਰਪੁਰ ਲਾਂਘੇ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ।

Harsimrat Badal

ਚੰਡੀਗੜ੍ਹ - ਕੋਰੋਨਾ ਮਹਾਮਾਰੀ ਸੰਕਟ ਤੋਂ ਬਾਅਦ ਦੇਸ਼ ਭਰ ਦੇ ਧਾਰਮਿਕ ਸਥਾਨਾਂ ਨੂੰ ਖੋਲ੍ਹੇ ਜਾਣ ਦੇ ਬਾਵਜੂਦ ਕਰਤਾਰਪੁਰ ਲਾਂਘੇ ਨੂੰ ਅਜੇ ਤੱਕ ਨਹੀਂ ਖੋਲ੍ਹਿਆ ਗਿਆ। ਜਿਸ ਨੂੰ ਲੈ ਕੇ ਸਿੱਖਾਂ ਵਿਚ ਕਾਫ਼ੀ ਰੋਸ ਵੀ ਦੇਖਿਆ ਜਾ ਰਿਹਾ ਹੈ। ਕਾਰਤਾਰਪੁਰ ਲਾਂਘਾ ਨਾ ਖੋਲ੍ਹੇ ਜਾਣ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕੇ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤੰਜ਼ ਕੱਸਿਆ ਹੈ।

ਉਹਨਾਂ ਨੇ ਟਵੀਟ ਕਰ ਕੇ ਲਿਖਿਆ ਕਿ 'ਭਾਰਤ ਸਰਕਾਰ ਨੇ ਹੁਣ ਸਾਰੇ ਧਾਰਮਿਕ ਸਥਾਨਾਂ ਨੂੰ ਖੋਲ੍ਹ ਦਿੱਤਾ ਹੈ, ਇਸ ਦੌਰਾਨ ਮੈਂ ਇਕ ਵਾਰ ਫਿਰ 16 ਮਹੀਨਿਆਂ ਤੋਂ ਬੰਦ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦੀ ਅਪੀਲ ਕਰਦੀ ਹਾਂ। ਸਿੱਖ ਕੌਮ ਖਿਲਾਫ਼ ਇਹ ਪੱਖਪਾਤ ਕਿਉਂ? ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਇਸ ਮਾਮਲੇ ਦੀ ਪੈਰਵੀ ਕਰਨੀ ਚਾਹੀਦੀ ਸੀ, ਆਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਵਿਚ ਰੁੱਝੇ ਹੋਏ ਹਨ'। ਇਸ ਦੇ ਨਾਲ ਹੀ ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਰਤਾਰਪੁਰ ਲਾਂਘੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ ਤੇ ਮੁੜ ਤੋਂ ਲਾਂਘੇ ਨੂੰ ਖੋਲ੍ਹਣ ਦੀ ਮੰਗ ਚੁੱਕੀ ਹੈ।