ਪੰਜਾਬ ਵਿਚ ਹੁਣ ਤਕ 18-44 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕੇ ਦੀਆਂ 20 ਲੱਖ ਖ਼ੁਰਾਕਾਂ ਲਗਾਈਆਂ ਗਈਆਂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਹੁਣ ਤਕ 18-44 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕੇ ਦੀਆਂ 20 ਲੱਖ ਖ਼ੁਰਾਕਾਂ ਲਗਾਈਆਂ ਗਈਆਂ

image

ਲੁਧਿਆਣਾ, 7 ਜੁਲਾਈ (ਆਰ.ਪੀ. ਸਿੰਘ) : ਪੰਜਾਬ ਯੂਥ ਵਿਕਾਸ ਬੋਰਡ (ਪੀ.ਵਾਈ.ਡੀ.ਬੀ.) ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਠੋਸ ਯਤਨਾਂ ਸਦਕਾ ਸੂਬੇ ਨੇ 3 ਤੋਂ 5 ਜੁਲਾਈ ਤਕ ਤਿੰਨ ਦਿਨਾਂ-ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ ਟੀਕਾਕਰਨ ਵਿਚ ਇਕ ਹੋਰ ਵੱਡੀ ਪੁਲਾਂਘ ਪੁੱਟੀ ਹੈ। 
ਇਹ ਆਖਦਿਆਂ ਕਿ ਸਮੇਂ ਸਿਰ ਟੀਕਾਕਰਨ ਕਰਵਾਉਣ ਨਾਲ ਕੋਵਿਡ ਮਹਾਂਮਾਰੀ ਤੋਂ ਕੀਮਤੀ ਜਾਨਾਂ ਦਾ ਬਚਾਅ ਕੀਤਾ ਜਾ ਸਕਦਾ ਹੈ।  ਪੀ.ਵਾਈ.ਡੀ.ਬੀ. ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 3 ਜੁਲਾਈ ਨੂੰ ਸੂਬੇ ਭਰ ਵਿਚ ਚਲਾਈ ਗਈ ਟੀਕਾਕਰਨ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿਤਾ ਜਿਸ ਤਹਿਤ ਇਕ ਦਿਨ ਵਿਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 5.14 ਲੱਖ ਖ਼ੁਰਾਕਾਂ ਲਗਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸਿਹਤ ਟੀਮਾਂ ਨੇ ਸੂਬੇ ਭਰ ਵਿਚ ਹੁਣ ਤਕ 18 ਤੋਂ 44 ਸਾਲ ਉਮਰ ਵਰਗ ਦੇ ਲਾਭਪਾਤਰੀਆਂ ਨੂੰ 20 ਲੱਖ ਤੋਂ ਵੱਧ ਕਰੋਨਾ ਰੋਕੂ ਟੀਕੇ ਲਗਾਏ ਹਨ। ਬਿੰਦਰਾ ਨੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਕਵਰ ਕਰਦਿਆਂ ਟੀਕਾਕਰਨ ਮੁਹਿੰਮ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਖੇਡਾਂ ਅਤੇ ਯੁਵਕ ਮਾਮਲੇ ਵਿਭਾਗ, ਯੂਥ ਕਲੱਬਾਂ, ਸਮਾਜਕ ਅਤੇ ਧਾਰਮਕ ਸੰਸਥਾਵਾਂ ਦੀ ਮਹੱਤਵਪੂਰਣ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦਰਾ ਨੇ ਦਸਿਆ ਕਿ ਕੋਵਿਡ ਟੀਕਾਕਰਨ ਦੀ ਵੱਡੀ ਮੁਹਿੰਮ ਦੀ ਸ਼ੁਰੂਆਤ ਦੇ ਨਾਲ ਹੀ ਪਹਿਲੇ ਦਿਨ 18 ਤੋਂ 44 ਸਾਲ ਉਮਰ ਵਰਗ ਦੇ 284044 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਅਤੇ 8065 ਲਾਭਪਾਤਰੀਆਂ ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿਤੀ ਗਈ, ਜਦੋਂ ਕਿ 4 ਜੁਲਾਈ ਨੂੰ 49251 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਅਤੇ 1429 ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿਤੀ ਗਈ। 5 ਜੁਲਾਈ ਨੂੰ ਸਿਹਤ ਟੀਮਾਂ ਨੇ 18915 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਅਤੇ 1915 ਨੂੰ ਟੀਕੇ ਦੀ ਦੂਜੀ ਖ਼ੁਰਾਕ ਦਿਤੀ। ਉਨ੍ਹਾਂ ਕਿਹਾ ਕਿ 5 ਜੁਲਾਈ ਤੋਂ ਹੁਣ ਤਕ 18 ਤੋਂ 44 ਸਾਲ ਉਮਰ ਵਰਗ ਨੂੰ ਦਿਤੀਆਂ ਗਈਆਂ ਖ਼ੁਰਾਕਾਂ ਦੀ ਕੁਲ ਗਿਣਤੀ 2016364 ਹੈ ਅਤੇ ਸੂਬੇ ਦੇ ਬਾਕੀ ਸਾਰੇ ਯੋਗ ਲਾਭਪਾਤਰੀਆਂ ਨੂੰ ਕਵਰ ਕਰਨ ਨਾਲ ਇਹ ਗਿਣਤੀ ਅੱਗੇ ਹੋਰ ਵੱਧ ਜਾਵੇਗੀ।