ਨਵਜੋਤ ਸਿੱਧੂ ਨੇ ਹੁਣ ਦਿੱਲੀ ਦੇ ਬਿਜਲੀ ਮਾਡਲ ਨੂੰ  ਰੱਦ ਕੀਤਾ, ਪੰਜਾਬ ਮਾਡਲ ਬਣਾਉਣ ਦੀ ਕੀਤੀ ਗੱਲ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਹੁਣ ਦਿੱਲੀ ਦੇ ਬਿਜਲੀ ਮਾਡਲ ਨੂੰ  ਰੱਦ ਕੀਤਾ, ਪੰਜਾਬ ਮਾਡਲ ਬਣਾਉਣ ਦੀ ਕੀਤੀ ਗੱਲ

image

ਕਿਹਾ, ਦਿੱਲੀ ਮਾਡਲ ਦਾ ਮਤਲਬ, ਹੋਰ ਵੀ ਵੀ ਵੱਡੇ ਮਗਰਮੱਛ ਕਾਰਪੋਰੇਟਾਂ ਨੂੰ  ਸੱਦਾ ਦੇਣਾ


ਚੰਡੀਗੜ੍ਹ, 7 ਜੁਲਾਈ (ਭੁੱਲਰ) : ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਨਵਜੋਤ ਸਿੱਧੂ ਦੀ ਸੁਰ ਵੀ ਅੱਜ ਬਦਲੀ ਹੈ | ਉਨ੍ਹਾਂ ਟਵੀਟਾਂ ਦਾ ਸਿਲਸਿਲਾ ਜਾਰੀ ਰਖਦਿਆਂ ਅੱਜ 6 ਟਵੀਟ ਕਰ ਕੇ ਜਿਥੇ ਬਾਦਲਾਂ ਤੇ ਬਿਜਲੀ ਦੇ ਸਮਝੌਤਿਆਂ ਨੂੰ  ਲੈ ਕੇ ਨਿਸ਼ਾਨਾ ਸਾਧਿਆ ਹੈ, ਉਥੇ ਦਿੱਲੀ ਦੇ ਬਿਜਲੀ ਮਾਡਲ ਨੂੰ  ਵੀ ਰੱਦ ਕੀਤਾ ਹੈ | ਪਰ ਇਨ੍ਹਾਂ ਟਵੀਟਾਂ 'ਚ ਉਨ੍ਹਾਂ ਇਸ ਵਾਰ ਅਪਣੀ ਸਰਕਾਰ 'ਤੇ ਨਿਸ਼ਾਨਾ ਨਹੀਂ ਸਾਧਿਆ | ਉਨ੍ਹਾਂ ਕਿਹਾ ਕਿ ਮੈਂ ਬਾਦਲਾਂ 'ਤੇ ਦੂਰਦਰਸ਼ੀ ਨਾ ਹੋਣ ਦਾ ਦੋਸ਼ ਨਹੀਂ ਲਾ ਰਿਹਾ ਕਿਉਂਕਿ ਮੈਂ ਜਾਣਦਾ ਹਾਂ ਕਿ ਉਨ੍ਹਾਂ ਕੋਲ ਦੂਰ-ਦਿ੍ਸ਼ਟੀ ਤਾਂ ਹੈ ਹੀ ਨਹੀਂ | ਅੱਜ ਸੂਰਜੀ ਊਰਜਾ 19 ਰੁਪਏ ਪ੍ਰਤੀ ਯੂਨਿਟ ਹੈ ਅਤੇ ਇਸ ਦੇ  ਹੋਰ ਵੀ ਫ਼ਾਇਦੇ ਹਨ ਪਰ ਬਾਦਲਾਂ ਦੇ ਨੁਕਸਦਾਰ ਬਿਜਲੀ ਸਮਝੌਤੇ ਕਰ ਕੇ ਪੰਜਾਬ ਨੂੰ  ਥਰਮਲ ਬਿਜਲੀ ਪਲਾਟਾਂ ਤੋਂ ਉਤਪਾਦਤ ਬਿਜਲੀ ਨਾਲ ਬੰਨ੍ਹ ਕੇ ਰੱਖ ਦਿਤਾ ਹੈ | ਇਸ ਲਈ ਜੇ ਇਹ ਸਮਝੌਤੇ ਰੱਦ ਨਾ ਹੋਵੇ ਤਾਂ ਅਸੀਂ ਦਹਾਕਿਆਂ ਤਕ ਵੱਡੀ ਕੀਮਤ ਚੁਕਾਉਂਦੇ ਰਹਾਂਗੇ |
ਉਨ੍ਹਾਂ ਕਿਹਾ ਕਿ ਦਿੱਲੀ ਮਾਡਲ ਨਹੀਂ ਹੈ | ਦਿੱਲੀ ਅਪਣੀ ਬਿਜਲੀ ਖ਼ੁਦ ਪੈਦਾ ਨਹੀਂ ਕਰਦਾ | ਇਸ ਦੀ ਵੰਡ ਰਿਲਾਇੰਸ ਤੇ ਟਾਟਾ ਦੇ ਹੱਥਾਂ 'ਚ ਹੈ | ਜਦਕਿ ਪੰਜਾਬ ਅਪਣੀ 25 ਫ਼ੀ ਸਦੀ ਬਿਜਲੀ ਖ਼ੁਦ ਪੈਦਾ ਕਰਦਾ ਹੈ ਅਤੇ ਬਿਜਲੀ ਕਾਰਪੋਰੇਸ਼ਨਾਂ ਰਾਹੀਂ ਹਜ਼ਾਰਾਂ ਲੋਕਾਂ ਨੂੰ  ਰੁਜ਼ਗਾਰ ਵੀ ਦੇ ਰਿਹਾ ਹੈ | ਦਿੱਲੀ ਮਾਡਲ ਦਾ ਮਤਲਬ ਹੈ, ਬਾਦਲਾਂ ਤੋਂ ਵੀ ਵੱਡੇ ਮਗਰਮੱਛ ਕਾਰਪੋਰੇਟਾਂ ਨੂੰ  ਸੱਦਾ ਦੇਣਾ | ਇਸੇ ਤਰ੍ਹਾਂ ਕਿਸਾਨਾਂ, ਅਨੁਸੂਚਿਤ ਜਾਤੀਆਂ ਤੇ ਹੋਰ ਵਰਗਾਂ ਨੂੰ  ਪੰਜਾਬ ਵਲੋਂ ਦਿਤੀ ਜਾਂਦੀ ਸਬਸਿਡੀ ਦਾ ਦਿੱਲੀ ਮੁਕਾਬਲਾ ਨਹੀਂ ਕਰ ਸਕਦੀ | ਦਿੱਲੀ ਤਾਂ 200 ਯੂਨਿਟ ਤੋਂ ਉਪਰ ਹੋਣ 'ਤੇ 50 ਫ਼ੀ ਸਦੀ ਅਤੇ 400 ਯੂਨਿਟਾਂ ਤੋਂ ਉਪਰ ਹੋਣ 'ਤੇ ਪੂਰਾ ਬਿੱਲ ਵਸੂਲਦੀ ਹੈ | ਮੇਰਾ ਜ਼ੋਰ ਬਿਜਲੀ ਬਾਰੇ ਪੰਜਾਬ ਦਾ ਅਪਣਾ ਮਾਡਲ ਬਣਾਉਣ 'ਤੇ ਹੈ | 
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨਵਜੋਤ ਸਿੱਧੂ ਬਿਜਲੀ ਦੇ ਮੁੱਦੇ 'ਤੇ ਹੀ ਟਵੀਟ ਕਰ ਰਹੇ ਹਨ | ਉਨ੍ਹਾਂ ਵਲੋਂ ਬਾਦਲਾਂ ਦੀ ਸਰਕਾਰ ਸਮੇਂ ਕੀਤੇ ਬਿਜਲੀ ਸਮਝੌਤਿਆਂ ਨੂੰ  ਰੱਦ ਕਰਨ 'ਤੇ ਜ਼ੋਰ ਦਿਤਾ ਜਾ ਰਿਹਾ ਹੈ ਤੇ ਉਨ੍ਹਾਂ ਵਲੋਂ ਇਸ ਲਈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਕਾਰਵਾਈ ਦੀ ਮੰਗ ਕਰਨ ਤੋਂ ਇਲਾਵਾ ਤੱਥਾਂ ਦੀ ਜਾਣਕਾਰੀ ਲਈ ਵਾਈਟ ਪੇਪਰ ਦੀ ਮੰਗ ਵੀ ਕੀਤੀ ਗਈ ਹੈ |