ਮੁੱਖ ਮੰਤਰੀ ਬਣਨ ਤੋਂ ਬਾਅਦ ਇਨ੍ਹਾਂ ਸਿਆਸੀ ਆਗੂਆਂ ਨੇ ਰਚਾਇਆ ਵਿਆਹ, ਕਿਸੇ ਨੇ 47 ਅਤੇ ਕਿਸੇ ਨੇ 70 ਸਾਲ ਦੀ ਉਮਰ 'ਚ ਲਈਆਂ ਲਾਵਾਂ

ਏਜੰਸੀ

ਖ਼ਬਰਾਂ, ਪੰਜਾਬ

ਐਚਡੀ ਕੁਮਾਰ ਸਵਾਮੀ, ਵੀਰਭਦਰ ਸਿੰਘ ਆਦਿ ਦੇ ਨਾਮ ਸ਼ਾਮਲ

After becoming the Chief Minister, these political leaders arranged marriages

 

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਡਾਕਟਰ ਗੁਰਪ੍ਰੀਤ ਕੌਰ ਨਾਲ ਵਿਆਹ ਕਰਵਾ ਲਿਆ। ਡਾਕਟਰ ਗੁਰਪ੍ਰੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਤੋਂ 16 ਸਾਲ ਛੋਟੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਦੀ ਮਾਂ, 'ਆਪ' ਸੰਸਦ ਰਾਘਵ ਚੱਢਾ ਅਤੇ ਮਾਨ ਦੇ ਪਰਿਵਾਰ ਦੇ ਕੁਝ ਮਹਿਮਾਨ ਹੀ ਵਿਆਹ 'ਚ ਸ਼ਾਮਲ ਹੋਏ। 48 ਸਾਲਾ ਮਾਨ ਦਾ ਇਹ ਦੂਜਾ ਵਿਆਹ ਹੈ। ਉਹ 2015 ਵਿਚ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ ਵੱਖ ਹੋ ਗਏ ਸੀ। ਇਸ ਵਿਆਹ ਤੋਂ ਉਸ ਦੇ ਦੋ ਬੱਚੇ ਹਨ। ਦੋਵੇਂ ਆਪਣੀ ਮਾਂ ਨਾਲ ਅਮਰੀਕਾ ਵਿਚ ਰਹਿੰਦੇ ਹਨ।

ਡਾ: ਗੁਰਪ੍ਰੀਤ ਕੌਰ ਨੇ ਆਪਣੀ ਸਕੂਲੀ ਸਿੱਖਿਆ ਟੈਗੋਰ ਪਬਲਿਕ ਸਕੂਲ ਪਿਹੋਵਾ, ਹਰਿਆਣਾ ਤੋਂ ਕੀਤੀ ਹੈ। ਉਸ ਨੇ ਚੰਡੀਗੜ੍ਹ ਤੋਂ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਅਤੇ ਬਾਅਦ ਵਿਚ 2017 ਵਿਚ ਮੈਡੀਕਲ ਕਾਲਜ ਅੰਬਾਲਾ ਤੋਂ ਆਪਣੀ ਮੈਡੀਕਲ ਡਿਗਰੀ ਪੂਰੀ ਕੀਤੀ। ਉਸ ਨੇ ਅੰਬਾਲਾ ਦੇ ਇੱਕ ਹਸਪਤਾਲ ਵਿੱਚ ਪ੍ਰੈਕਟਿਸ ਵੀ ਕੀਤੀ। ਗੁਰਪ੍ਰੀਤ ਕੌਰ ਆਪਣੀਆਂ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। ਉਸ ਦੇ ਪਿਤਾ ਇੱਕ ਕਿਸਾਨ ਹਨ ਅਤੇ ਸਰਪੰਚ ਰਹਿ ਚੁੱਕੇ ਹਨ। ਮਾਨ ਅਜਿਹੇ ਪਹਿਲੇ ਮੁੱਖ ਮੰਤਰੀ ਨਹੀਂ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਵਿਆਹ ਕਰਵਾਇਆ ਹੈ। ਇਸ ਤੋਂ ਪਹਿਲਾਂ ਵੀ ਕਈ ਰਾਜਾਂ ਦੇ ਮੁੱਖ ਮੰਤਰੀ ਅਜਿਹਾ ਕਰ ਚੁੱਕੇ ਹਨ।

ਐਚਡੀ ਕੁਮਾਰ ਸਵਾਮੀ
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ 2006 ਵਿਚ ਮੁੱਖ ਮੰਤਰੀ ਬਣਨ ਤੋਂ ਬਾਅਦ ਕੰਨੜ ਅਦਾਕਾਰਾ ਰਾਧਿਕਾ ਨਾਲ ਗੁਪਤ ਵਿਆਹ ਕਰ ਲਿਆ ਸੀ। ਰਾਧਿਕਾ ਕੁਮਾਰ ਸਵਾਮੀ ਤੋਂ ਕਾਫੀ ਛੋਟੀ ਹੈ। ਕੁਮਾਰ ਸਵਾਮੀ ਦਾ ਪਹਿਲਾ ਵਿਆਹ 1986 ਵਿਚ ਅਨੀਤਾ ਨਾਲ ਹੋਇਆ ਸੀ। ਐਚਡੀ ਕੁਮਾਰਸਵਾਮੀ ਦੇ ਪਹਿਲੇ ਵਿਆਹ ਤੋਂ ਇੱਕ ਬੇਟਾ ਨਿਖਿਲ ਹੈ। ਉੱਥੇ ਰਾਧਿਕਾ ਤੋਂ ਉਨ੍ਹਾਂ ਦੀ ਇੱਕ ਬੇਟੀ ਹੈ।

ਵੀਰਭਦਰ ਸਿੰਘ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 1985 ਵਿੱਚ ਮੰਡੀ ਤੋਂ ਤਤਕਾਲੀ ਸੰਸਦ ਮੈਂਬਰ ਪ੍ਰਤਿਭਾ ਸਿੰਘ ਨਾਲ ਵਿਆਹ ਕੀਤਾ ਸੀ। ਪ੍ਰਤਿਭਾ ਸਿੰਘ ਹਿਮਾਚਲ ਕਾਂਗਰਸ ਦੀ ਸੂਬਾ ਪ੍ਰਧਾਨ ਹੈ। ਵੀਰਭਦਰ ਸਿੰਘ ਦਾ ਪਿਛਲੇ ਸਾਲ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਸੀ।

Praful Kumar Mahant

ਪ੍ਰਫੁੱਲ ਕੁਮਾਰ ਮਹੰਤ
ਅਸਾਮ ਦੇ ਸਾਬਕਾ ਮੁੱਖ ਮੰਤਰੀ ਪ੍ਰਫੁੱਲ ਕੁਮਾਰ ਮਹੰਤਾ ਨੇ ਅਹੁਦੇ 'ਤੇ ਰਹਿੰਦੇ ਹੋਏ 1998 ਵਿਚ ਲੇਖਿਕਾ ਜੈਸ਼੍ਰੀ ਗੋਸਵਾਮੀ ਮਹੰਤਾ ਨਾਲ ਵਿਆਹ ਕੀਤਾ ਸੀ। ਅਸਾਮ ਅੰਦੋਲਨ ਨੂੰ ਵਿਆਪਕ ਸਮਰਥਨ ਮਿਲਣ ਤੋਂ ਬਾਅਦ, ਅਸਮ ਗਣ ਪ੍ਰੀਸ਼ਦ ਨੇ 1985 ਵਿਚ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਕਾਂਗਰਸ ਨੂੰ ਹਰਾ ਕੇ ਸੱਤਾ ਹਾਸਲ ਕੀਤੀ, ਜਿਸ ਤੋਂ ਬਾਅਦ ਮਹੰਤ ਪਹਿਲੀ ਵਾਰ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਉਨ੍ਹਾਂ 'ਤੇ ਮੁੰਬਈ ਦੇ ਇਕ ਮੰਦਰ ਵਿਚ ਆਪਣੇ ਰਾਜ ਸਕੱਤਰੇਤ ਦੀ ਇਕ ਮਹਿਲਾ ਕਰਮਚਾਰੀ ਨਾਲ ਗੰਧਰਵ ਵਿਆਹ ਕਰਵਾਉਣ ਦੇ ਦੋਸ਼ ਲੱਗੇ ਸਨ।

N. T. Rama Rao

ਐਨਟੀ ਰਾਮਾ ਰਾਓ
1993 ਵਿਚ 70 ਸਾਲ ਦੀ ਉਮਰ ਵਿਚ, ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨਟੀ ਰਾਮਾ ਰਾਓ ਨੇ ਤੇਲਗੂ ਲੇਖਿਕਾ ਲਕਸ਼ਮੀ ਪਾਰਵਤੀ ਨਾਲ ਵਿਆਹ ਕੀਤਾ। ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਲਕਸ਼ਮੀ ਪਾਰਵਤੀ ਨਾਲ ਵਿਆਹ ਨਹੀਂ ਕੀਤਾ ਸੀ ਪਰ ਇਸ ਵਿਆਹ ਕਾਰਨ ਉਨ੍ਹਾਂ ਨੂੰ 1995 ਵਿਚ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ। ਰਾਮਾ ਰਾਓ ਦਾ ਪਹਿਲਾ ਵਿਆਹ ਆਪਣੇ ਮਾਮੇ ਦੀ ਬੇਟੀ ਬਸਵਾ ਤਰਕਮ ਨਾਲ ਹੋਇਆ ਸੀ। ਐਨਟੀ ਰਾਮਾ ਰਾਓ ਦਾ ਪੋਤਾ ਜੂਨੀਅਰ ਐਨਟੀਆਰ ਦੱਖਣ ਸਿਨੇਮਾ ਦਾ ਮਸ਼ਹੂਰ ਅਦਾਕਾਰ ਹੈ।